5 Dariya News

ਸਿਵਲ ਸਰਜਨ ਅਤੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰਾਂ ਵਲੋਂ ਸਰਕਾਰੀ ਹਸਪਤਾਲਾਂ ਦੀ ਰਾਤ ਸਮੇਂ ਅਚਨਚੇਤ ਚੈਕਿੰਗ

ਸਿਹਤ ਸਹੂਲਤਾਂ ਤੇ ਪ੍ਰਬੰਧਾਂ ਦਾ ਲਿਆ ਜਾਇਜ਼ਾ, ਮਰੀਜ਼ਾਂ ਦਾ ਹਾਲ ਜਾਣਿਆ

5 Dariya News

ਐਸ.ਏ.ਐਸ.ਨਗਰ 03-Nov-2022

ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਅਤੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰਾਂ ਨੇ  ਰਾਤ ਸਮੇਂ ਜ਼ਿਲ੍ਹੇ ਦੀਆਂ ਵੱਖ-ਵੱਖ ਸਰਕਾਰੀ ਸਿਹਤ ਸੰਸਥਾਵਾਂ ’ਚ ਅਚਨਚੇਤ ਚੈਕਿੰਗ ਕੀਤੀ ਅਤੇ ਸਿਹਤ ਸਹੂਲਤਾਂ ਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਅਧਿਕਾਰੀਆਂ ਨੇ ਵਿਸ਼ੇਸ਼ ਤੌਰ ’ਤੇ ਐਮਰਜੈਂਸੀ ਅਤੇ ਜੱਚਾ-ਬੱਚਾ ਵਾਰਡਾਂ ਵਿਚ ਜਾ ਕੇ ਨਿਰੀਖਣ ਕੀਤਾ ਅਤੇ ਮਰੀਜ਼ਾਂ ਨਾਲ ਗੱਲਬਾਤ ਵੀ ਕੀਤੀ। 

ਜਿਥੇ-ਜਿਥੇ ਚੈਕਿੰਗ ਕੀਤੀ ਗਈ, ਉਨ੍ਹਾਂ ਹਸਪਤਾਲਾਂ ਵਿਚ ਜ਼ਿਲ੍ਹਾ ਹਸਪਤਾਲ ਮੋਹਾਲੀ, ਸਬ-ਡਵੀਜ਼ਨਲ ਹਸਪਤਾਲ ਡੇਰਾਬੱਸੀ ਅਤੇ ਖਰੜ, ਕਮਿਊਨਿਟੀ ਹੈਲਥ ਸੈਂਟਰ ਕੁਰਾਲੀ, ਬੂਥਗੜ੍ਹ, ਲਾਲੜੂ, ਢਕੋਲੀ ਅਤੇ ਬਨੂੜ ਸ਼ਾਮਲ ਸਨ।ਸਿਵਲ ਸਰਜਨ ਨੇ ਦਸਿਆ ਕਿ ਰਾਤ ਸਮੇਂ ਚੈਕਿੰਗ ਦਾ ਮੰਤਵ ਜਿਥੇ ਮਰੀਜ਼ਾਂ ਨੂੰ ਦਿਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਦੇ ਮਿਆਰ ਨੂੰ ਜਾਂਚਣਾ ਸੀ, ਉਥੇ ਸਰਕਾਰੀ ਸਿਹਤ ਸੰਸਥਾਵਾਂ ਦੀ ਕਾਰਜਪ੍ਰਣਾਲੀ ਨੂੰ ਹੋਰ ਦਰੁਸਤ ਕਰਨਾ ਸੀ। 

ਚੈਕਿੰਗ ਮੁਹਿੰਮ ਦੇਰ ਸ਼ਾਮ 8 ਵਜੇ ਤੋਂ ਰਾਤ 11 ਵਜੇ ਤਕ ਚੱਲੀ। ਸਿਵਲ ਸਰਜਨ ਨੇ ਦਸਿਆ ਕਿ ਉਨ੍ਹਾਂ ਖ਼ੁਦ ਜ਼ਿਲ੍ਹਾ ਹਸਪਤਾਲ ਮੋਹਾਲੀ ਦਾ ਦੌਰਾ ਕੀਤਾ ਅਤੇ ਵੱਖ ਵੱਖ ਵਾਰਡਾਂ ਖ਼ਾਸਕਰ ਐਮਰਜੈਂਸੀ ਵਾਰਡ ਵਿਚ ਜਾ ਕੇ ਨਿਰੀਖਣ ਕੀਤਾ। ਉਨ੍ਹਾਂ ਦਸਿਆ, ‘ਵੱਖ ਵੱਖ ਟੀਮਾਂ ਨੇ ਹਸਪਤਾਲਾਂ ਦੇ ਐਮਰਜੈਂਸੀ ਵਾਰਡ, ਲੇਬਰ ਰੂਮ, ਜੱਚਾ-ਬੱਚਾ ਵਾਰਡ, ਆਪਰੇਸ਼ਨ ਥੀਏਟਰ ਅਤੇ ਲੈਬ ਆਦਿ ਵਿਚ ਜਾ ਕੇ ਪ੍ਰਬੰਧਾਂ ਅਤੇ ਮਿਲਣ ਵਾਲੀਆਂ ਸਹੂਲਤਾਂ ਦਾ ਜਾਇਜ਼ਾ ਲਿਆ ਤੇ ਨਾਲ ਹੀ ਵਾਰਡਾਂ ਵਿਚ ਦਾਖ਼ਲ ਮਰੀਜ਼ਾਂ ਅਤੇ ਉਨ੍ਹਾਂ ਦੇ ਤੀਮਾਰਦਾਰਾਂ  ਨਾਲ ਗੱਲਬਾਤ ਕੀਤੀ।’ 

ਉਨ੍ਹਾਂ ਦਸਿਆ ਕਿ ਸਾਰੇ ਹਸਪਤਾਲਾਂ ਵਿਚ ਸਿਹਤ ਸੇਵਾਵਾਂ ਅਤੇ ਪ੍ਰਬੰਧ ਤਸੱਲੀਬਖ਼ਸ਼ ਮਿਲੇ। ਇਸ ਤੋਂ ਇਲਾਵਾ ਵਾਰਡਾਂ ਵਿਚ ਸਾਫ਼-ਸਫ਼ਾਈ ਵਲ ਹੋਰ ਧਿਆਨ ਦੇਣ ਦੀ ਹਦਾਇਤ ਵੀ ਕੀਤੀ ਗਈ।          

ਡਾ. ਆਦਰਸ਼ਪਾਲ ਕੌਰ ਨੇ ਕਿਹਾ ਕਿ ਸਰਕਾਰੀ ਸਿਹਤ ਸੰਸਥਾਵਾਂ ਵਿਚ ਸਹੂਲਤਾਂ ਦੇਣ ਵਿਚ ਕਿਸੇ ਕਿਸਮ ਦੀ ਕਮੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਮਰੀਜ਼ਾਂ ਨੂੰ ਸਰਕਾਰ ਦੁਆਰਾ ਦਿਤੀਆਂ ਜਾ ਰਹੀਆਂ ਸਾਰੀਆਂ ਡਾਕਟਰੀ ਸਹੂਲਤਾਂ ਦਾ ਪੂਰਾ ਲਾਭ ਮਿਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀ ਤੰਦਰੁਸਤੀ ਲਈ ਸਿਹਤ ਵਿਭਾਗ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਇਸ ਜਾਂਚ ਦਾ ਮਕਸਦ ਹਸਪਤਾਲਾਂ ਦੇ ਪ੍ਰਬੰਧਾਂ ਨੂੰ ਬਿਹਤਰ ਬਣਾਉਣਾ ਹੈ ਜਿਸ ਲਈ ਲੋਕਾਂ ਦਾ ਸਾਥ ਵੀ ਲੋੜੀਂਦਾ ਹੈ।

ਚੈਕਿੰਗ ਮੁਹਿੰਮ ਵਿਚ ਜ਼ਿਲ੍ਹਾ ਸਿਹਤ ਅਫ਼ਸਰ ਡਾ. ਸੁਭਾਸ਼ ਕੁਮਾਰ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਗਿਰੀਸ਼ ਡੋਗਰਾ, ਜ਼ਿਲ੍ਹਾ ਪਰਵਾਰ ਭਲਾਈ ਅਫ਼ਸਰ ਡਾ. ਨਿਧੀ ਕੌਸ਼ਲ, ਜ਼ਿਲ੍ਹਾ ਡੈਂਟਲ ਸਿਹਤ ਅਫ਼ਸਰ ਡਾ. ਪਰਨੀਤ ਗਰੇਵਾਲ ਤੇ ਵੱਖ-ਵੱਖ ਸੰਸਥਾਵਾਂ ਦੇ ਸੀਨੀਅਰ ਮੈਡੀਕਲ ਅਫ਼ਸਰ ਸ਼ਾਮਲ ਰਹੇ।