5 Dariya News

ਚੰਡੀਗੜ੍ਹ ਯੂਨੀਵਰਸਿਟੀ ਵਿਖੇ 'ਫੈਪ ਨੈਸ਼ਨਲ ਐਵਾਰਡ-2022' ਦੇ ਦੂਜੇ ਦਿਨ ਦੇਸ਼ ਭਰ ਦੇ 213 ਸਕੂਲਾਂ ਅਤੇ 63 ਪ੍ਰਿੰਸੀਪਲਾਂ ਦਾ ਵਿਸ਼ੇਸ਼ ਐਵਾਰਡਾਂ ਨਾਲ ਸਨਮਾਨ

ਦੋ ਦਿਨ ਚੱਲੇ ਐਵਾਰਡ ਸਮਾਗਮ ਦੌਰਾਨ ਦੇਸ਼ ਭਰ ਤੋਂ ਕੁੱਲ 443 ਸਕੂਲਾਂ ਅਤੇ 198 ਪ੍ਰਿੰਸੀਪਲਾਂ ਦਾ ਵਕਾਰੀ ਪੁਰਸਕਾਰਾਂ ਨਾਲ ਕੀਤਾ ਗਿਆ ਸਨਮਾਨ

5 Dariya News

ਘੜੂੰਆਂ 30-Oct-2022

ਫੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨ ਆਫ਼ ਪੰਜਾਬ (ਫੈਪ) ਵੱਲੋਂ ਗੁਣਵੱਤਾਪੂਰਨ ਸਕੂਲ ਸਿੱਖਿਆ ਦੇ ਖੇਤਰ 'ਚ ਵਢਮੁੱਲਾ ਯੋਗਦਾਨ ਪਾਉਣ ਵਾਲੇ ਪ੍ਰਾਈਵੇਟ ਸਕੂਲਾਂ ਦੇ ਸਨਮਾਨ ਲਈ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਕਰਵਾਇਆ  ਦੋ ਰੋਜ਼ਾ 'ਨੈਸ਼ਨਲ ਸਕੂਲ ਐਵਾਰਡ-2022' ਸਮਾਗਮ ਅੱਜ ਸ਼ਾਨੋ-ਸ਼ੌਕਤ ਨਾਲ ਸੰਪੰਨ ਹੋਇਆ।ਐਵਾਰਡ ਸਮਾਗਮ ਦੇ ਦੂਜੇ ਦਿਨ ਦੇਸ਼ ਭਰ ਤੋਂ 213 ਸਕੂਲਾਂ ਨੂੰ 'ਬੈਸਟ ਨੈਸ਼ਨਲ ਸਕੂਲ' ਐਵਾਰਡ ਦਿੱਤੇ ਗਏ ਜਦਕਿ 63 ਪ੍ਰਿੰਸੀਪਲਾਂ ਦਾ ਬੈਸਟ ਪ੍ਰਿੰਸੀਪਲ ਐਵਾਰਡ ਸ਼੍ਰੇਣੀ ਅਧੀਨ ਸਨਮਾਨ ਕੀਤਾ ਗਿਆ। 

ਸਮਾਗਮ ਦੌਰਾਨ ਕੇਂਦਰੀ ਵਣਜ ਅਤੇ ਉਦਯੋਗਿਕ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਐਵਾਰਡਾਂ ਦੀ ਵੰਡ ਕੀਤੀ। ਇਸ ਮੌਕੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ, ਫੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨ ਆਫ਼ ਪੰਜਾਬ ਦੇ ਪ੍ਰਧਾਨ ਜਗਜੀਤ ਸਿੰਘ ਧੂਰੀ ਅਤੇ ਵੱਖ-ਵੱਖ ਖੇਤਰਾਂ 'ਚ ਸਮਾਜ ਭਲਾਈ ਲਈ ਤੱਤਪਰ ਸਖ਼ਸ਼ੀਅਤਾਂ ਵਿਸ਼ੇਸ਼ ਰੂਪ 'ਚ ਹਾਜ਼ਰ ਸਨ।

ਦੋ ਦਿਨ ਚੱਲੇ ਐਵਾਰਡ ਸਮਾਗਮ ਦੌਰਾਨ ਸਕੂਲਾਂ 'ਚ ਸੰਸਥਾਗਤ ਮਾਣ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ਅਤੇ ਰਾਸ਼ਟਰ ਵਿਕਾਸ 'ਚ ਉਨ੍ਹਾਂ ਦੇ ਯੋਗਦਾਨ ਨੂੰ ਸਨਮਾਨ ਦੇਣ ਦੇ ਉਦੇਸ਼ ਨਾਲ 'ਨੈਸ਼ਨਲ ਸਕੂਲ ਐਵਾਰਡ' ਭੇਂਟ ਕੀਤੇ ਗਏ।ਸਮਾਗਮ ਦੇ ਦੂਜੇ ਦਿਨ 8 ਵੱਖ-ਵੱਖ ਸ਼੍ਰੇਣੀਆਂ ਅਧੀਨ ਕੁੱਲ 213 ਐਵਾਰਡ ਦਿੱਤੇ ਗਏ, ਜਿਸ ਤਹਿਤ 40 ਸਕੂਲਾਂ ਨੂੰ 'ਬੈਸਟ ਇੰਨਫ਼੍ਰਾਸਟ੍ਰਕਚਰ ਸਕੂਲ', 16 ਨੂੰ ਬੈਸਟ ਸਪੋਰਟਸ ਸਕੂਲ, 22 ਸਕੂਲਾਂ ਨੂੰ ਬੈਸਟ ਇਕੋ-ਫ਼੍ਰੈਂਡਲੀ ਸਕੂਲ, 8 ਸਕੂਲਾਂ ਨੂੰ ਬੈਸਟ ਸਕੂਲ ਫ਼ਾਰ ਅਕੈਡਮਿਕ ਪ੍ਰਫਾਰਮੈਂਸ, 52 ਸਕੂਲਾਂ ਨੂੰ ਬੈਸਟ ਕਲੀਨ ਐਂਡ ਹਾਈਜ਼ੀਨ ਵਾਤਾਵਰਣ, 16 ਨੂੰ ਬੈਸਟ ਟੀਚਿੰਗ ਪ੍ਰੈਕਟਿਸ, 43 ਸਕੂਲਾਂ ਨੂੰ ਬੈਸਟ ਬਜਟ ਸਕੂਲ ਵਿੱਦ ਮੈਕਸੀਮਮ ਫੈਸੀਲਿਟੀਜ਼ ਅਤੇ 15 ਬੈਸਟ ਡਿਜੀਟਲ ਐਵਾਰਡ ਪ੍ਰਦਾਨ ਕੀਤੇ ਗਏ।

ਸਮਾਗਮ ਦੌਰਾਨ ਦੇਸ਼ ਭਰ ਤੋਂ ਵੱਖ-ਵੱਖ ਪ੍ਰਾਈਵੇਟ ਸਕੂਲਾਂ ਨਾਲ ਸਬੰਧਿਤ 63 ਪ੍ਰਿੰਸੀਪਲਾਂ ਦਾ 'ਬੈਸਟ ਪ੍ਰਿੰਸੀਪਲ ਨੈਸ਼ਨਲ ਐਵਾਰਡ' ਨਾਲ ਸਨਮਾਨ ਕੀਤਾ ਗਿਆ, ਜਿਸ ਦੇ ਅੰਤਰਗਤ 11 ਪ੍ਰਿੰਸੀਪਲਾਂ ਦਾ ਲਾਈਫ਼ ਟਾਈਮ ਅਚੀਵਮੈਂਟ, 48 ਪ੍ਰਿੰਸੀਪਲਾਂ ਦਾ ਡਾਇਨੈਮਿਕ ਪ੍ਰਿੰਸੀਪਲ ਅਤੇ 4 ਪ੍ਰਿੰਸਪਲਾਂ ਦਾ ਯੰਗ ਪ੍ਰਿੰਸੀਪਲ ਐਵਾਰਡ ਨਾਲ ਸਨਮਾਨ ਕੀਤਾ ਗਿਆ।ਜ਼ਿਕਰਯੋਗ ਹੈ ਕਿ ਦੋ ਦਿਨ ਚੱਲੇ ਸਮਾਗਮ ਦੌਰਾਨ ਕੁੱਲ 443 ਸਕੂਲਾਂ ਅਤੇ 198 ਪ੍ਰਿੰਸੀਪਲਾਂ ਦਾ ਵਕਾਰੀ ਪੁਰਸਕਾਰਾਂ ਨਾਲ ਸਨਮਾਨ ਕੀਤਾ ਗਿਆ।

ਕੇਂਦਰੀ ਰਾਜ ਮੰਤਰੀ ਵੱਲੋਂ ਧਨਵੰਤਰੀ ਧਰਮ ਵੀਰ ਪਬਲਿਕ ਸਕੂਲ ਮੇਰਠ, ਮੈਰੀ ਮਿੰਟ ਪਬਲਿਕ ਸਕੂਲ, ਪੰਜਾਬ ਅਤੇ ਇਨਡਸ ਪਬਲਿਕ ਗਲੋਬਲ ਸਕੂਲ ਮੰਡੀ ਨੂੰ ਬੈਸਟ ਇਨੋਵੇਟਿਵ ਟੀਚਿੰਗ ਪ੍ਰੈਕਟਿਸਸ ਐਵਾਰਡ ਸੌਂਪਿਆ ਗਿਆ ਜਦਕਿ ਸ਼ਹੀਦ ਗੰਜ ਪਬਲਿਕ ਸਕੂਲ ਮੁੜਕੀ, ਜੱਜ ਮਾਡਲ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਅਤੇ ਗਿਆਨ ਗੰਗਾ ਇੰਟਰਨੈਸ਼ਨਲ ਪਬਲਿਕ ਸਕੂਲ ਨੂੰ ਬੈਸਟ ਸਕੂਲ ਇਨ ਅਕੈਡਮਿਕ ਪ੍ਰਫਾਰਮੈਸ ਐਵਾਰਡ ਪ੍ਰਦਾਨ ਕੀਤਾ ਗਿਆ।

ਇਸੇ ਤਰ੍ਹਾਂ ਸਵਾਮੀ ਮੋਹਨਦਾਸ ਪਬਲਿਕ ਸਕੂਲ ਦੇ ਪ੍ਰਿੰਸੀਪਲ ਜਤਿੰਦਰ ਕੌਰ ਮਾਨ, ਮਹਾਂਵੀਰ ਸੀਨੀਅਰ ਸੈਕੰਡਰੀ ਸਕੂਲ ਦਿੱਲੀ ਤੋਂ ਰੁਚਿਕਾ ਸੁਖੇਜਾ, ਈਸਟ ਵੁੱਡ ਇੰਟਰਨੈਸ਼ਨਲ ਸਕੂਲ ਲੁਧਿਆਣਾ ਤੋਂ ਡਾ. ਅਮਨਦੀਪ ਕੌਰ, ਕੈਂਬਰਿਜ ਸਕੂਲ ਮਲੇਰਕੋਟਲਾ ਤੋਂ ਡਾ. ਸੋਮ ਪ੍ਰਕਾਸ਼, ਆਰਿਆ ਸਕੂਲ ਮਾਨਸਾ ਤੋਂ ਮਹੇਸ਼ ਕੁਮਾਰ, ਨਾਰਥ ਦਿੱਲੀ ਪਬਲਿਕ ਸਕੂਲ ਤੋਂ ਪੁਨਿਤਾ ਅਤੇ ਪ੍ਰਤਾਪ ਵਰਲਡ ਸਕੂਲ ਪਠਾਨਕੋਟ ਤੋਂ ਸ਼ੁਭਰਾ ਰਾਣੀ ਦਾ 'ਡਾਇਨੈਮਿਕ ਪ੍ਰਿੰਸੀਪਲ ਐਵਾਰਡ' ਨਾਲ ਸਨਮਾਨ ਕੀਤਾ ਗਿਆ।

ਇਸ ਮੌਕੇ ਸੰਬੋਧਨ ਕਰਦਿਆਂ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਐਲਾਨੀ ਨਵੀਂ ਸਿੱਖਿਆ ਨੀਤੀ 'ਚ ਸਥਾਨਕ ਭਾਸ਼ਾਵਾਂ 'ਚ ਵਿਦਿਆ ਪ੍ਰਾਪਤ ਕਰਨ 'ਤੇ ਜ਼ੋਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਨਵੀਂ ਸਿੱਖਿਆ ਨੀਤੀ ਦੇ ਸਾਰਥਿਕ ਨਤੀਜੇ ਵੀ ਸਾਹਮਣੇ ਆਏ ਹਨ, ਜਿਸ ਦੇ ਅੰਤਰਗਤ 50 ਹਜ਼ਾਰ ਤੋਂ ਵੱਧ ਵਿਦੇਸ਼ੀ ਵਿਦਿਆਰਥੀ ਭਾਰਤ ਦੀਆਂ ਵੱਖ-ਵੱਖ ਵਿਦਿਅਕ ਸੰਸਥਾਵਾਂ 'ਚ ਸਿੱਖਿਆ ਪ੍ਰਾਪਤ ਕਰ ਰਹੇ ਹਨ। 

ਵਿਦਿਆਰਥੀਆਂ ਦੇ ਦਿਮਾਗੀ ਨਿਕਾਸ (ਬ੍ਰੇਨ ਡਰੇਨ) 'ਤੇ ਚਿੰਤਾ ਜਾਹਿਰ ਕਰਦਿਆਂ ਉਨ੍ਹਾਂ ਕਿਹਾ ਕਿ ਦੇਸ਼ ਵਿਚੋਂ ਹਰ ਸਾਲ 3 ਲੱਖ ਤੋਂ ਵੱਧ ਵਿਦਿਆਰਥੀ ਵਿਦੇਸ਼ ਪੜ੍ਹਨ ਲਈ ਜਾ ਰਿਹਾ ਹੈ ਅਤੇ ਇਸ ਰਿਵਾਇਤ ਨੂੰ ਠੱਲ੍ਹ ਪਾਉਣ 'ਚ ਦੇਸ਼ ਦੀਆਂ ਵਿਦਿਅਕ ਸੰਸਥਾਵਾਂ ਅਤੇ ਅਧਿਆਪਕਾਂ ਨੂੰ ਸੰਜ਼ੀਦਾ ਕਦਮ ਚੁੱਕਣੇ ਪੈਣਗੇ।ਕੇਂਦਰੀ ਰਾਜ ਮੰਤਰੀ ਨੇ ਕਿਹਾ ਕਿ ਹੁਨਰ ਅਤੇ ਗੁਣਵੱਤਾਪੂਰਨ ਸਿੱਖਿਆ ਨੂੰ ਉਤਸ਼ਾਹਿਤ ਕਰਨ 'ਚ ਪ੍ਰਾਈਵੇਟ ਵਿਦਿਅਕ ਸੰਸਥਾਵਾਂ ਦੀ ਮਹੱਤਵਪੂਰਨ ਭੂਮਿਕਾ ਰਹੀ ਹੈ। 

ਉਨ੍ਹਾਂ ਕਿਹਾ ਕਿ ਆਜ਼ਾਦੀ ਤੋਂ ਬਾਅਦ ਫੈਡਰੇਸ਼ਨ ਦਾ ਸ਼ਾਲਾਘਾਯੋਗ ਉਪਰਾਲਾ ਹੈ ਕਿ ਦੇਸ਼ ਭਰ ਦੇ ਪ੍ਰਾਈਵੇਟ ਸਕੂਲਾਂ ਅਤੇ ਪ੍ਰਿੰਸੀਪਲਾਂ ਦਾ ਕੌਮੀ ਪੱਧਰ 'ਤੇ ਸਨਮਾਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਐਵਾਰਡ ਸਮਾਗਮ ਸੰਸਥਾਵਾਂ 'ਚ ਮੁਕਾਬਲੇ ਦੀ ਭਾਵਨਾ ਜਗ੍ਹਾ ਕੇ ਵਿਦਿਅਕ ਸੰਸਥਾਵਾਂ ਦੀ ਕਾਰਗੁਜ਼ਾਰੀ ਨੂੰ ਹੋਰ ਗੁਣਵੱਤਾਪੂਰਨ ਬਣਾਉਣ 'ਚ ਸਾਰਥਿਕ ਭੂਮਿਕਾ ਨਿਭਾਏਗਾ। ਉਨ੍ਹਾਂ ਕਿਹਾ ਕਿ ਪ੍ਰਾਈਵੇਟ ਵਿਦਿਅਕ ਸੰਸਥਾਵਾਂ ਨੇ ਮੁਕਾਬਲੇ ਦੇ ਦੌਰ 'ਚ ਸਮੇਂ ਦੇ ਹਾਣ ਦੀ ਮਿਆਰੀ ਵਿਦਿਆ ਪ੍ਰਦਾਨ ਕਰਵਾ ਕੇ ਚੰਗੇ ਵਿਦਿਆਰਥੀ ਪੈਦਾ ਕੀਤੇ ਹਨ। 

ਉਨ੍ਹਾਂ ਕਿਹਾ ਕਿ ਪੰਜਾਬ ਗੁਰੂਆਂ, ਪੀਰਾਂ ਅਤੇ ਅਮੀਰ ਵਿਰਾਸਤ ਵਾਲਾ ਸੂਬਾ ਹੈ, ਸਾਨੂੰ ਇਸ ਨੂੰ ਮੁੜ ਤੋਂ ਰੰਗਲਾ ਅਤੇ ਖੁਸ਼ਹਾਲ ਬਣਾਉਣ ਲਈ ਇਕਜੁੱਟ ਹੋਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪੁਰਾਤਨ ਸਮੇਂ ਤੋਂ ਸਮਾਜ 'ਚ ਅਧਿਆਪਕਾਂ ਨੂੰ ਵੱਡਾ ਰੁਤਬਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਧਿਆਪਕ ਇੱਕ ਅਜਿਹੇ ਪੰਜਾਬ ਸਿਰਜਣ ਲਈ ਯੋਗਦਾਨ ਪਾਉਣ ਜਿਸ ਦੀ ਪਛਾਣ ਦੁਨੀਆਂ ਭਰ 'ਚ ਮੁੜ ਤੋਂ ਕਾਇਮ ਹੋਵੇ।

ਪੰਜਾਬ ਵਿੱਚ ਆਰਥਿਕਤਾ ਦੀ ਸਥਿਤੀ ਬਾਰੇ ਗੱਲ ਕਰਦੇ ਹੋਏ ਕੇਂਦਰੀ ਰਾਜ ਮੰਤਰੀ ਨੇ ਕਿਹਾ ਕਿਹਾ ਸਾਲ 2001 ਤੋਂ ਪਹਿਲਾਂ ਪੰਜਾਬ ਦੀ ਪ੍ਰਤੀ ਵਿਅਕਤੀ ਆਮਦਨ ਦੂਜੇ ਰਾਜਾਂ ਦੇ ਮੁਕਾਬਲੇ ਸਿਖਰ 'ਤੇ ਸੀ, ਜੋ ਅੱਜ ਘੱਟ ਕੇ 16ਵੇਂ ਸਥਾਨ 'ਤੇ ਹੈ। ਉਨ੍ਹਾਂ ਦੱਸਿਆ ਕਿ ਦੂਜੇ ਰਾਜ ਜੀ.ਡੀ.ਪੀ. ਦੇ ਮੁਕਾਬਲੇ ਵੀ ਪੰਜਾਬ ਤੋਂ ਵੀ ਅੱਗੇ ਨਿਕਲ ਗਏ ਹਨ ਜਦਕਿ ਸੂਬੇ ਸਿਰ ਅੱਜ 3 ਲੱਖ ਕਰੋੜ ਦਾ ਕਰਜ਼ਾ ਹੈ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਸਾਰੀਆਂ ਸਿਆਸੀ ਪਾਰਟੀਆਂ ਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਪੰਜਾਬ ਦੀ ਆਰਥਿਕ ਸਥਿਤੀ ਬਾਰੇ ਆਤਮ ਚਿੰਤਨ ਕਰਨ ਦੀ ਲੋੜ ਹੈ ਅਤੇ ਸਾਨੂੰ ਪੰਜਾਬ ਨੂੰ ਮੁੜ ਤੋਂ ਅਗਾਂਹਵਧੂ ਸੂਬਾ ਬਣਾਉਣ ਲਈ ਮਿਲ ਕੇ ਕੰਮ ਕਰਨਾ ਪਵੇਗਾ।

ਕੇਂਦਰੀ ਰਾਜ ਮੰਤਰੀ ਕਿਹਾ ਕਿ ਨਿਰਸੰਦੇਹ ਭਾਰਤ ਤੇਜ਼ੀ ਨਾਲ ਵਿਕਾਸ ਦੀ ਰਾਹ 'ਤੇ ਤੁਰਿਆ ਹੈ, ਜਿਸ ਦੇ ਚੱਲਦੇ ਵੱਖ-ਵੱਖ ਦੇਸ਼ ਨਿਵੇਸ਼ ਲਈ ਭਾਰਤ ਨੂੰ ਮੁੱਢਲੀ ਪਸੰਦ ਵਜੋਂ ਵੇਖਦੇ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ 'ਚ ਸਾਲ 2047 'ਚ ਭਾਰਤ ਸੱਭ ਤੋਂ ਵੱਧ ਵਿਕਸਿਤ ਦੇਸ਼ ਵਜੋਂ ਉਭਰੇਗਾ ਅਤੇ ਆਜ਼ਾਦੀ ਦੇ 100 ਸਾਲਾਂ ਦੌਰਾਨ ਭਾਰਤ 'ਵਿਸ਼ਵ ਗੁਰੂ' ਵਜੋਂ ਸਥਾਪਿਤ ਹੋਵੇਗਾ। 

ਉਨ੍ਹਾਂ ਕਿਹਾ ਕਿ ਪੀ.ਐਲ.ਆਈ ਸਕੀਮ ਵਰਗੀਆਂ ਯੋਜਨਾਵਾਂ ਦੇਸ਼ ਨੂੰ ਤਰੱਕੀ ਦੀ ਰਾਹ 'ਤੇ ਲੈ ਜਾਣਗੀਆਂ ਅਤੇ ਸਟਾਰਅੱਪ ਇਕੋ ਸਿਸਟਮ ਕਾਇਮ ਕਰਨ 'ਚ ਭਾਰਤ ਦੁਨੀਆਂ ਦਾ ਤੀਜਾ ਸੱਭ ਤੋਂ ਵੱਡਾ ਮੁਲਕ ਬਣ ਗਿਆ ਹੈ। ਭਾਰਤ 'ਚ ਨੌਜਵਾਨੀ ਨੂੰ ਸਟਾਰਟਅੱਪ ਸੱਭਿਆਚਾਰ ਵੱਲ ਉਤਸ਼ਾਹਿਤ ਕਰਕੇ ਰੋਜ਼ਗਾਰਦਾਤਾ ਵਜੋਂ ਤਿਆਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮਾਣ ਵਾਲੀ ਗੱਲ ਹੈ ਕਿ ਦੁਨੀਆਂ ਦੇ ਸਮੁੱਚੇ ਵਿਕਸਤ ਦੇਸ਼ ਸਟਾਰਟਅੱਪ ਦੇ ਮਾਮਲੇ 'ਚ ਭਾਰਤ ਤੋਂ ਸੇਧ ਹਾਸਲ ਕਰ ਰਹੇ ਹਨ।

ਇਸ ਮੌਕੇ ਗੱਲਬਾਤ ਕਰਦਿਆਂ ਫੈਡਰੇਸ਼ਨ ਦੇ ਪ੍ਰਧਾਨ ਜਗਜੀਤ ਸਿੰਘ ਧੂਰੀ ਨੇ ਪੰਜਾਬ ਦੀਆਂ ਪ੍ਰਾਈਵੇਟ ਵਿਦਿਅਕ ਸੰਸਥਾਵਾਂ ਨੂੰ ਅੱਗੇ ਆਉਣ ਲੲ ਪ੍ਰੇਰਿਤ ਕਰਦਿਆਂ ਕਿਹਾ ਕਿ ਸੂਬੇ ਦੀਆਂ ਪ੍ਰਾਈਵੇਟ ਵਿਦਿਅਕ ਸੰਸਥਾਵਾਂ 'ਚ ਦੇਸ਼ ਦਾ ਮੁਹਾਂਦਰਾ ਬਦਲਣ ਦੀ ਸਮਰੱਥਾ ਹੈ।ਉਨ੍ਹਾਂ ਕਿਹਾ ਕਿ ਪੰਜਾਬ ਦੇ ਕੁੱਲ ਵਿਚੋਂ 55 ਫ਼ੀਸਦੀ ਵਿਦਿਆਰਥੀਆਂ ਨੂੰ ਗੁਣਵੱਤਾਪੂਰਨ ਸਿੱਖਿਆ ਪ੍ਰਦਾਨ ਕਰਵਾ ਕੇ ਪ੍ਰਾਈਵੇਟ ਸਕੂਲਾਂ ਨੇ ਰਾਸ਼ਟਰ ਵਿਕਾਸ 'ਚ ਵੱਡਾ ਯੋਗਦਾਨ ਪਾਇਆ ਹੈ। 

ਸ. ਧੂਰੀ ਨੇ ਕਿਹਾ ਕਿ ਸਕੂਲੀ ਵਿੱਦਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਸੈਲਫ਼ ਫਾਈਨਾਂਸਡ ਸਕੂਲਾਂ ਦੀ ਅਹਿਮ ਭੂਮਿਕਾ ਰਹੀ ਹੈ। ਉਨ੍ਹਾਂ ਕਿਹਾ ਕਿ ਨਾ ਕੇਵਲ ਸੂਬਾ ਪੱਧਰ 'ਤੇ ਬਲਕਿ ਕੌਮੀ ਪੱਧਰ 'ਤੇ ਪ੍ਰਾਈਵੇਟ ਸਕੂਲਾਂ ਨੇ ਇੱਕ ਸੁਚੱਜਾ ਵਿਦਿਅਕ ਮਾਡਲ ਅਪਣਾਉਂਦਿਆਂ ਇੱਕ ਵਿਸ਼ਵਪੱਧਰੀ ਵਿਦਿਅਕ ਪ੍ਰਣਾਲੀ ਸਥਾਪਿਤ ਕੀਤੀ ਹੈ।ਇਸ ਮੌਕੇ ਗੱਲਬਾਤ ਕਰਦਿਆਂ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਨੇ ਫੈਪ ਦੇ ਉਪਰਾਲੇ ਨੂੰ ਇਤਿਹਾਸਕ ਕਰਾਰ ਦਿੰਦਿਆਂ ਕਿਹਾ ਕਿ ਆਜ਼ਾਦੀ ਤੋਂ ਬਾਅਦ ਪ੍ਰਾਈਵੇਟ ਸਕੂਲਾਂ ਨੂੰ ਕੌਮੀ ਪੱਧਰ 'ਤੇ ਸਨਮਾਨ ਭੇਂਟ ਕਰਕੇ ਫੈਡਰੇਸ਼ਨ ਨੇ ਪੰਜਾਬ 'ਚ ਨਵੀਂ ਪਿਰਤ ਪਾਈ ਹੈ।

ਉਨ੍ਹਾਂ ਕਿਹਾ ਕਿ ਹੱਕਾਂ, ਹਿੱਤਾਂ ਅਤੇ ਸਰੋਕਾਰਾਂ ਲਈ ਸੰਘਰਸ਼ ਕਰਦਿਆਂ ਸ. ਧੂਰੀ ਦੀ ਅਗਵਾਈ 'ਚ ਫੈਡਰੇਸ਼ਨ ਨੇ ਸੂਬੇ ਦੀਆਂ ਪ੍ਰਾਈਵੇਟ ਵਿਦਿਅਕ ਸੰਸਥਾਵਾਂ ਦੀ ਹੋਂਦ ਨੂੰ ਬਚਾਉਣ ਲਈ ਵੱਡਾ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਪ੍ਰਾਈਵੇਟ ਵਿਦਿਅਕ ਸੰਸਥਾਵਾਂ ਨੇ ਲੀਡਰ, ਡਿਪਲੋਮੈਟ, ਆਈ.ਐਸ, ਆਈ.ਪੀ.ਐਸ, ਇੰਜੀਨੀਅਰ ਅਤੇ ਸਮਾਜ ਸੇਵੀ ਪੈਦਾ ਕਰਨ 'ਚ ਵੱਡੀ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਨਵੀਂ ਸਿੱਖਿਆ ਨੀਤੀ ਲਾਗੂ ਕਰਨ 'ਚ ਪ੍ਰਾਈਵੇਟ ਸਕੂਲਾਂ ਨੂੰ ਹਰ ਮੱਦਦ ਦੇਣ ਦੇ ਨਾਲ-ਨਾਲ ਅਦਾਰਿਆਂ ਦੇ ਅਧਿਆਪਕਾਂ ਨੂੰ ਟੀਚਰ ਟ੍ਰੇਨਿੰਗ, ਪੀ.ਐਚ.ਡੀ ਡਿਗਰੀ ਸਬੰਧੀ ਸਹੂਲਤਾਂ ਦੇਣ ਲਈ ਵਚਨਬੱਧ ਹੈ।