5 Dariya News

ਮਿਸ਼ਨ ਮਿਲਾਪ ਮੁਹਿੰਮ ਤਹਿਤ ਸੱਤ ਲਾਵਾਰਿਸ ਪ੍ਰਾਣੀਆਂ ਨੂੰ ਵਾਰਸਾਂ ਦੇ ਸਪੁਰਦ ਕੀਤਾ

5 Dariya News

ਕੁਰਾਲੀ 30-Oct-2022

ਸ਼ਹਿਰ ਵਿਚ ਲਾਵਾਰਿਸ ਨਾਗਰਿਕਾਂ ਦੀ ਸੇਵਾ ਸੰਭਾਲ ਕਰ ਰਹੀ ਪ੍ਰਭ ਆਸਰਾ ਸੰਸਥਾਂ ਦੇ ਪ੍ਰਬੰਧਕਾਂ ਵੱਲੋਂ 'ਮਿਸ਼ਨ ਮਿਲਾਪ' ਮੁਹਿੰਮ ਤਹਿਤ ਸੱਤ ਹੋਰ ਲਾਵਾਰਿਸ ਪ੍ਰਾਣੀਆਂ ਨੂੰ ਇਲਾਜ ਉਪਰੰਤ ਉਹਨਾਂ ਦੇ ਵਾਰਸਾਂ ਦੇ ਸਪੁਰਦ ਕੀਤਾ ਗਿਆ ਹੈ । ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸੰਸਥਾਂ ਦੇ ਮੁੱਖ ਪ੍ਰਬੰਧਕ ਭਾਈ ਸ਼ਮਸ਼ੇਰ ਸਿੰਘ ਤੇ ਬੀਬੀ ਰਾਜਿੰਦਰ ਕੌਰ ਪਡਿਆਲਾ ਨੇ ਦੱਸਿਆ ਕਿ ਹਰਪ੍ਰੀਤ (20) ਜਿਸ ਦੀ ਮਾਨਸਿਕ ਹਾਲਤ ਠੀਕ ਨਹੀਂ ਸੀ ਨੂੰ ਪੰਜ ਸਾਲ ਪਹਿਲਾ CWC ਅੰਬਾਲਾ ਵਲੋਂ ਸੰਸਥਾ ਵਿਚ ਦਾਖਿਲ ਕਰਵਾਇਆ ਗਿਆ ਸੀ। 

ਪਰਮਾਤਮਾ ਦੀ ਕਿਰਪਾ, ਆਪ ਸਭ ਦੇ ਸਹਿਯੋਗ ਅਤੇ ਪ੍ਰਭ ਆਸਰਾ ਦੀ ਟੀਮ ਦੀ ਦਿਨ ਰਾਤ ਮਿਹਨਤ ਸਦਕਾ ਮਿਸ਼ਨ ਮਿਲਾਪ ਮੁਹਿੰਮ ਤਹਿਤ ਹਰਪ੍ਰੀਤ ਦੇ ਘਰਦਿਆਂ ਨਾਲ ਸੰਪਰਕ ਕੀਤਾ ਤਾ ਇਸਨੂੰ ਘਰ ਲਿਜਾਣ ਲਈ ਮਾਤਾ, ਪਿਤਾ ਤੇ ਚਾਚਾ ਜੀ ਆਏ । ਉਹਨਾਂ ਦਸਿਆ ਅੱਜ ਤੋਂ 5 ਸਾਲ ਪਹਿਲਾ ਇਹ ਖੇਡਣ ਲਈ ਘਰੋਂ ਨਿਕਲਿਆ ਤੇ ਵਾਪਿਸ ਨਾ ਆਇਆ I ਉਹਨਾਂ ਇਸਨੂੰ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਨਹੀਂ ਮਿਲਿਆ ।

ਉਹਨਾਂ ਦਸਿਆ ਉਸ ਵੇਲੇ ਸਾਡੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਜਦੋ ਸਾਨੂੰ ਪਤਾ ਲੱਗਿਆ ਕਿ ਸਾਡਾ ਬੱਚਾ ਸਹੀ ਸਲਾਮਤ ਪ੍ਰਭ ਆਸਰਾ ਕੁਰਾਲੀ ਵਿਚ ਹੈ । ਅਸੀਂ ਉਸੇ ਵੇਲੇ ਨੰਗੇ ਪੈਰ ਹੀ ਮੀਹ ਪੈਂਦੇ ਵਿਚ ਸਰਪੰਚ ਦੇ ਘਰ ਪ੍ਰਭ ਆਸਰਾ ਵੱਲੋ ਆਇਆ ਫੋਨ ਸੁਣਨ ਗਏ ਤੇ ਉਸਨੂੰ ਲੈਣ ਲਈ ਪ੍ਰਭ ਆਸਰਾ ਕੁਰਾਲੀ ਵਿਖੇ ਆ ਗਏ I ਇਸੇ ਤਰਾਂ ਊਸ਼ਾ (50) ਜੋ ਕਿ ਅੱਜ ਤੋਂ 5 ਸਾਲ ਪਹਿਲਾ ਘਰੋਂ ਨਿਕਲੀ ਤੇ ਮਾਨਸਿਕ ਪ੍ਰੇਸ਼ਾਨੀ ਕਾਰਨ ਘਰ ਦਾ ਰਸਤਾ ਭੁੱਲ ਗਈ।

ਇਸਨੂੰ ਥਾਣਾ ਡੇਰਾ ਬੱਸੀ ਵਲੋਂ ਲਾਵਾਰਿਸ ਹਾਲਤ ਵਿਚ ਰੁੱਲ ਰਹੀ ਨੂੰ  ਸੇਵਾ ਸੰਭਾਲ ਤੇ ਇਲਾਜ ਲਈ ਸੰਸਥਾ ਵਿਚ ਦਾਖਿਲ ਕਰਵਾ ਦਿੱਤਾ ਗਿਆ ਸੀ ਨੂੰ ਵਾਰਸ ਦੇ ਹਵਾਲੇ ਕੀਤਾ ਗਿਆ । ਆਰਤੀ (21) ਮਾਨਸਿਕ ਪ੍ਰੇਸ਼ਾਨੀ ਕਾਰਨ ਘਰੋਂ ਨਿਕਲ ਗਈ ਸੀ ਤੇ ਮੁੜ ਕੇ ਘਰ ਨਹੀਂ ਆਈ । ਉਸਨੂੰ ਘਰ ਲੈ ਕੇ ਜਾਣ ਲਈ ਉਸਦੇ ਪਿਤਾ ਜੀ ਤੇ ਭੈਣ ਲਖਨਉ ਤੋਂ ਸੰਸਥਾ ਵਿਚ ਪਹੁੰਚੇ ਉਹਨਾਂ ਦਸਿਆ ਕਿ ਆਰਤੀ ਪਿਛਲੇ 4 ਸਾਲ ਤੋਂ ਘਰੋਂ ਨਿਕਲੀ ਹੋਈ ਹੈ ।

ਮੋਨਾ ਦੇਵੀ (43) ਜਿਸਦੀ ਦਿਮਾਗੀ ਹਾਲਤ ਠੀਕ ਨਹੀਂ ਸੀ ਨੂੰ DSSO ਮੋਹਾਲੀ ਵਲੋਂ ਬੜੀ ਹੀ ਤਰਸਯੋਗ ਤੇ ਲਾਵਾਰਿਸ ਹਾਲਤ ਵਿਚ ਸੋਹਣਾ ਸਾਹਿਬ ਗੁਰਦਵਾਰੇ ਦੇ ਬਾਹਰ ਰੁੱਲ ਰਹੀ ਨੂੰ ਚੁੱਕ ਕੇ ਸੰਸਥਾ ਵਿਚ ਦਾਖਿਲ ਕਰਵਾਇਆ ਗਿਆ ਸੀ । ਸਕੀਨਾ (35) ਜੋ ਕਿ ਮਾਨਸਿਕ ਪ੍ਰੇਸ਼ਾਨੀ ਕਾਰਨ ਏਅਰਪੋਰਟ ਰੋਡ ਤੇ ਲਾਵਾਰਿਸ ਹਾਲਤ ਵਿਚ ਘੁੰਮ ਰਹੀ ਸੀ ਨੂੰ ਸੋਹਣਾ ਪੁਲਿਸ ਵਲੋਂ ਦਾਖਿਲ ਕਰਵਾਇਆ ਗਿਆ ਸੀ ।

ਇਸੇ ਤਰਾਂ ਤੇਜਾ ਦੇਵੀ (45) ਜੋ ਕਿ ਘੜੋਲੀ ਪਿੰਡ ਦੇ ਮੰਦਿਰ ਵਿਚ ਕਈ ਦਿਨਾਂ ਤੋਂ ਲਾਵਰਿਸ਼ ਹਾਲਤ ਵਿਚ ਬੈਠੀ ਸੀ ਨੂੰ ਉਥੋਂ ਦੇ ਸਮਾਜਦਰਦੀ ਸਜਨਾ ਵਲੋਂ ਮੁੱਲਾਪੁਰ ਦੀ ਪੁਲਿਸ ਦੀ ਮਦਦ ਨਾਲ ਸੰਸਥਾ ਵਿਚ ਦਾਖਿਲ ਕਰਵਾਇਆ ਗਿਆ ਸੀ । ਮੋਨਿਕਾ (35) ਮਾਨਸਿਕ ਰੋਗ ਤੋਂ ਪੀੜਤ ਨੂੰ SDM ਖਰੜ ਵੱਲੋ ਸੇਵਾ ਸੰਭਾਲ ਤੇ ਇਲਾਜ ਲਈ ਸੰਸਥਾ ਵਿਚ ਦਾਖਿਲ ਕਰਵਾਇਆ ਗਿਆ ਸੀ । ਸੰਸਥਾਂ ਦੇ ਪ੍ਰਬੰਧਕਾਂ ਵੱਲੋਂ ਵਾਰਸਾਂ ਦੀ ਸਨਾਖਤ ਕਰਨ ਉਪਰੰਤ ਨਾਗਰਿਕਾਂ ਨੂੰ ਉਹਨਾਂ ਦੇ ਵਾਰਸਾਂ ਦੇ ਸਪੁਰਦ ਕੀਤਾ ਗਿਆ। ਵਾਰਸਾਂ ਨੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਤੇ ਸੰਸਥਾ ਦੇ ਕਾਰਜ ਦੀ ਸਲਾਘਾ ਕੀਤੀ।