5 Dariya News

ਨੰਨ੍ਹੇ ਬੱਚਿਆਂ ਲਈ ਵਰਦਾਨ ਸਾਬਤ ਹੋਵੇਗਾ ਨਿਪੁੰਨ ਭਾਰਤ ਮਿਸ਼ਨ : ਸੰਦੀਪ ਹੰਸ

ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਸਟੇਅਰਿੰਗ ਕਮੇਟੀ ਦੀ ਮੀਟਿੰਗ ਨੂੰ ਕੀਤਾ ਸੰਬੋਧਨ

5 Dariya News

ਹੁਸ਼ਿਆਰਪੁਰ 19-Oct-2022

ਨਿਪੁੰਨ ਭਾਰਤ ਮਿਸ਼ਨ ਤਹਿਤ ਵਿਦਿਆਰਥੀਆਂ ਵਿਚ ਬੁਨਿਆਦੀ ਕੁਸ਼ਲਤਾਵਾਂ ਵਿਚ ਨਿਪੁੰਨਤਾ ਹਾਸਲ ਕਰਨ ਦੇ ਉਦੇਸ਼ ਨਾਲ ਜ਼ਿਲ੍ਹਾ ਸਟੇਅਰਿੰਗ ਕਮੇਟੀ ਦੀ ਮੀਟਿੰਗ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਹੰਸ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਨੰਨ੍ਹੇ ਬੱਚਿਆਂ ਲਈ ਇਹ ਮਿਸ਼ਨ ਵਰਦਾਨ ਸਾਬਤ ਹੋਵੇਗਾ। 

ਉਨ੍ਹਾਂ ਕਿਹਾ ਕਿ ਇਸ ਮਿਸ਼ਨ ਤਹਿਤ ਪ੍ਰੀ-ਪ੍ਰਾਇਮਰੀ ਤੋਂ ਤੀਜੀ ਕਲਾਸ ਦੇ 3 ਤੋਂ 9 ਸਾਲ ਦੀ ਉਮਰ ਦੇ ਵਿਦਿਆਰਥੀਆਂ ’ਤੇ ਕੇਂਦਰਿਤ ਕੀਤਾ ਜਾਵੇਗਾ ਅਤੇ ਸਾਲ 2026-27 ਤੱਕ ਇਹ ਟੀਚਾ ਪੂਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਬੱਚਿਆਂ ਦੇ ਬਿਹਤਰ ਭਵਿੱਖ ਅਤੇ ਸਿਹਤਮੰਦ ਸਮਾਜ ਦੀ ਸਿਰਜਣਾ ਲਈ ਟਰੇਂਡ ਅਧਿਆਪਕਾਂ ਦਾ ਹੋਣਾ ਜ਼ਰੂਰੀ ਹੈ ਅਤੇ ਇਸ ਉਦੇਸ਼ ਲਈ ਨਿਸ਼ਠਾ ਨਾਲ ਅਧਿਆਪਕਾਂ ਨੂੰ ਬਕਾਇਦਾ ਲਗਾਤਾਰ ਟ੍ਰੇਨਿੰਗ ਪ੍ਰਦਾਨ ਕੀਤੀ ਜਾ ਰਹੀ ਹੈ। 

ਉਨ੍ਹਾਂ ਕਿਹਾ ਕਿ ਇਸ ਮਿਸ਼ਨ ਨੂੰ ਪੂਰੀ ਇਮਾਨਦਾਰੀ ਨਾਲ ਸਫ਼ਲ ਬਣਾਉਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਉਨ੍ਹਾਂ ਦੀ ਸ਼ਖਸੀਅਤ ਨੂੰ ਤਰਾਸ਼ਣ, ਨਿਖਾਰਨ ਅਤੇ ਉਭਾਰਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ।ਇਸ ਦੌਰਾਨ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ:) ਸ਼੍ਰੀ ਸੰਜੀਵ ਗੌਤਮ ਵਲੋਂ ਨਿਪੁੰਨ ਭਾਰਤ ਮਿਸ਼ਨ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ ਗਈ। 

ਉਨ੍ਹਾਂ ਦੱਸਿਆ ਕਿ ਇਸ ਯੋਜਨਾ ਨੂੰ ਸੁਚਾਰੂ ਢੰਗ ਨਾਲ ਮੁਕੰਮਲ ਕਰਨ ਲਈ ਬਕਾਇਦਾ ਟੀਮਾਂ ਦਾ ਗਠਨ ਕੀਤਾ ਗਿਆ ਹੈ, ਜੋ ਪੂਰੀ ਯੋਜਨਾ, ਰੂਪ ਰੇਖਾ ਤਿਆਰ ਕਰਨ ਤੋਂ ਲੈ ਕੇ ਇੱਛਾ ਮੁਤਾਬਕ ਨਤੀਜੇ ਪ੍ਰਾਪਤ ਕਰਨ ਲਈ ਪੂਰੀ ਨਿਗਰਾਨੀ ਨਾਲ ਕੰਮ ਕਰਨ ਲਈ ਯਤਨਸ਼ੀਲ ਰਹੇਗੀ। ਮੀਟਿੰਗ ਵਿਚ ਉਪ ਜ਼ਿਲ੍ਹਾ ਸਿੱਖਿਆ ਅਫਸਰ (ਸ) ਧੀਰਜ ਵਸ਼ਿਸ਼ਟ, ਜ਼ਿਲ੍ਹਾ ਕੁਆਰਡੀਨੇਟਰ ਪੜੋ੍ਹ ਪੰਜਾਬ ਹਰਮਿੰਦਰਪਾਲ ਸਿੰਘ, ਬਲਾਕ ਮਾਸਟਰ ਟ੍ਰੇਨਰ ਗੁਲਸ਼ਨ ਰਾਮ ਨੇ ਵੀ ਸੰਬੋਧਨ ਕੀਤਾ। 

ਇਸ ਮੌਕੇ ਇੰਚਾਰਜ ਡਾਇਟ ਅੱਜੋਵਾਲ ਮਨਮੋਹਨ ਸਿੰਘ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਹਰਦੇਵ ਸਿੰਘ ਆਸੀ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਹਰਬਿਲਾਸ, ਜ਼ਿਲ੍ਹਾ ਭਲਾਈ ਅਫਸਰ ਰਜਿੰਦਰ ਸਿੰਘ, ਬੀ.ਪੀ.ਈ.ਓ. ਅਮਰਿੰਦਰਪਾਲ ਸਿੰਘ, ਚਰਨਜੀਤ, ਰਾਜ ਕੁਮਾਰ, ਅਸ਼ੋਕ ਕੁਮਾਰ, ਸਿੱਖਿਆ ਸ਼ਾਸਤਰੀ ਤੀਰਥ ਰਾਮ, ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਸਮਰਜੀਤ ਸਿੰਘ, ਜ਼ਿਲ੍ਹਾ ਸੋਸ਼ਲ ਮੀਡੀਆ ਕੋਆਰਡੀਨੇਟਰ ਯੋਗੇਸ਼ਵਰ ਸਲਾਰੀਆ, ਮੰਜੂ ਬਾਲਾ, ਸੀ.ਡੀ.ਪੀ.ਓ. ਦੀਪਕ ਸ਼ਰਮਾ, ਨਰੇਸ਼ ਕੁਮਾਰ, ਡਾ. ਜਗਦੀਪ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ।