5 Dariya News

ਅਮਰੀਕਾ ਦੇ ਵੀਜ਼ੇ ਸਬੰਧੀ ਭਾਰਤੀਆਂ ਨੂੰ ਦਰਪੇਸ਼ ਆਉਂਦੀ ਸਮੱਸਿਆ ਦਾ ਹੱਲ ਹੋਇਆ ਸ਼ੁਰੂ: ਜਲਦ ਹੀ ਹੋਵੇਗਾ ਸਥਾਈ ਹੱਲ : ਤਰਨਜੀਤ ਸਿੰਘ ਸੰਧੂ ਅਮਰੀਕਾ ਵਿੱਚ ਭਾਰਤੀ ਰਾਜਦੂਤ

ਪੀ.ਐਮ ਮੋਦੀ ਦੀ ਅਗਵਾਈ 'ਚ ਭਾਰਤ ਨੇ ਵਿਸ਼ਵ ਪੱਧਰ 'ਤੇ ਮਜ਼ਬੂਤ ਪਛਾਣ ਬਣਾਈ: ਤਰਨਜੀਤ ਸਿੰਘ ਸੰਧੂ

5 Dariya News

ਘੜੂੰਆਂ 18-Oct-2022

ਅਮਰੀਕਾ ਵਿੱਚ ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਵੱਲੋਂ ਅੱਜ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਮਹੱਤਵਪੂਰਨ ਮੁੱਦਿਆਂ 'ਤੇ ਵਿਚਾਰ ਚਰਚਾ ਕਰਨ ਦੇ ਨਾਲ-ਨਾਲ 'ਵਰਸਿਟੀ 'ਚ ਸਥਾਪਿਤ ਕਲਪਨਾ ਚਾਵਲਾ ਸਪੇਸ ਰਿਸਰਚ ਸੈਂਟਰ ਦਾ ਵੀ ਦੌਰਾ ਕੀਤਾ ਗਿਆ। ਤਰਨਜੀਤ ਸਿੰਘ ਸੰਧੂ ਨੇ ਅਮਰੀਕਾ ਦੇ ਵੀਜ਼ਾ ਵਿੱਚ ਦੇਰੀ ਦੀ ਸਮੱਸਿਆ ਦੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਅਸੀਂ ਅਮਰੀਕੀ ਅਧਿਕਾਰੀਆਂ ਨੂੰ ਸੰਯੁਕਤ ਰਾਜ ਅਮਰੀਕਾ ਜਾਣ ਵਾਲੇ ਭਾਰਤੀਆਂ ਦੀ ਮਹੱਤਤਾ ਦਾ ਅਹਿਸਾਸ ਕਰਵਾਇਆ, ਖਾਸ ਤੌਰ 'ਤੇ ਸਟੈਮ (ਵਿਗਿਆਨ, ਤਕਨਾਲੋਜੀ, ਇੰਜੀਨੀਅਰਿੰਗ ਅਤੇ ਗਣਿਤ) ਖੇਤਰਾਂ ਦੇ ਪੇਸ਼ੇਵਰ ਜੋ ਅਮਰੀਕਾ ਦੇ ਵਿਕਾਸ 'ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। 

ਉਨ੍ਹਾਂ ਦੱਸਿਆ ਕਿ ਵੱਖ-ਵੱਖ ਤਰ੍ਹਾਂ ਦੇ ਵੀਜ਼ਿਆਂ 'ਤੇ ਅਮਰੀਕਾ ਜਾਣ ਵਾਲੇ ਕੁੱਲ ਭਾਰਤੀਆਂ ਵਿੱਚੋਂ ਦੋ ਤਿਹਾਈ ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ ਨਾਲ ਸਬੰਧਤ ਹਨ। ਇਸ ਮੌਕੇ ਉਨ੍ਹਾਂ ਨਾਲ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਉਚੇਚੇ ਤੌਰ 'ਤੇ ਮੌਜੂਦ ਸਨ।ਤਰਨਜੀਤ ਸਿੰਘ ਸੰਧੂ ਨੇ ਦੱਸਿਆ ਕਿ ਭਾਰਤ ਦੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਵੱਲੋਂ ਅਮਰੀਕਾ 'ਚ ਹਮਰੁਤਬਾ ਮੰਤਰੀ ਐਂਥਨੀ ਬਲਿੰਕਨ ਕੋਲ ਭਾਰਤੀਆਂ ਦੇ ਵੀਜ਼ੇ 'ਚ ਹੋ ਰਹੀ ਦੇਰੀ ਸਬੰਧੀ ਮੁੱਦੇ ਚੁੱਕੇ ਜਾਣ ਤੋਂ ਬਾਅਦ ਅਮਰੀਕਾ ਅੰਬੈਸੀ ਵੱਲੋਂ ਸਥਿਤੀ 'ਚ ਸੁਧਾਰ ਕਰਦਿਆਂ ਵੱਡੇ ਪੱਧਰ 'ਤੇ ਵੀਜ਼ਾ ਅਪੁਆਇੰਟਮੈਂਟਾਂ ਖੋਲ੍ਹੀਆਂ ਗਈਆਂ ਹਨ। 

ਉਨ੍ਹਾਂ ਦੱਸਿਆ ਕਿ ਪਿਛਲੇ ਅਮਰੀਕਾ ਨੇ ਐਚ ਅਤੇ ਐਲ ਸ਼੍ਰੇਣੀ ਦੇ ਵੀਜ਼ਿਆਂ ਸਬੰਧੀ 1 ਲੱਖ ਤੋਂ ਵੱਧ ਅਪੁਆਇੰਟਮੈਂਟਾਂ ਖੋਲ੍ਹੀਆ ਹਨ।ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਕੋਵਿਡ ਮਹਾਂਮਾਰੀ ਦੇ ਸੰਕਟ ਤੋਂ ਬਾਅਦ ਅਮਰੀਕਾ ਅੰਬੈਸੀ 'ਚ ਆਈ ਸਟਾਫ਼ ਦੀ ਕਮੀ ਕਾਰਨ ਵੀਜ਼ਾ ਜਾਰੀ ਕਰਨ 'ਚ ਵੱਡੇ ਪੱਧਰ 'ਤੇ ਦੇਰੀ ਹੋ ਰਹੀ ਸੀ, ਜਿਸ ਨੂੰ ਤੇਜ਼ੀ ਨਾਲ ਸੁਧਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਅਮਰੀਕਾ ਦੇ ਵੀਜ਼ੇ ਲਈ ਸਾਲਾਨਾ 2 ਲੱਖ ਤੋਂ ਵੱਧ ਭਾਰਤੀ ਅਪਲਾਈ ਕਰਦੇ ਹਨ, ਜਿਨ੍ਹਾਂ ਵਿਚੋਂ ਤੀਜਾ ਹਿੱਸਾ ਸਾਇੰਸ, ਟੈਕਨਾਲੋਜੀ, ਇੰਜੀਨੀਅਰਿੰਗ ਅਤੇ ਗਣਿਤ (ਸਟੈਮ) ਖੇਤਰਾਂ ਨਾਲ ਸਬੰਧਿਤ ਹਨ। 

ਉਨ੍ਹਾਂ ਦੱਸਿਆ ਕਿ ਸਟੈਮ ਖੇਤਰਾਂ ਨਾਲ ਸਬੰਧਿਤ ਭਾਰਤੀਆਂ ਦੀ ਅਮਰੀਕਾ ਦੀ ਅਰਥਵਿਵਸਥਾ ਦੀ ਪ੍ਰਫੁੱਲਿਤਾ 'ਚ ਵਿਸ਼ੇਸ਼ ਯੋਗਦਾਨ ਹੈ।ਉਨ੍ਹਾਂ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ 'ਚ ਭਾਰਤ ਨੇ ਕੋਵਿਡ ਮਹਾਂਮਾਰੀ ਦੇ ਸੰਕਟ ਦੌਰਾਨ ਵਿਸ਼ਵ ਪੱਧਰ 'ਤੇ ਵਿਸ਼ੇਸ਼ ਰੁਤਬਾ ਕਾਇਮ ਕੀਤਾ ਹੈ।ਉਨ੍ਹਾਂ ਕਿਹਾ ਕਿ ਭਾਰਤ ਨੇ ਨਾ ਕੇਵਲ ਆਪਣੇ ਨਾਗਰਿਕਾਂ ਨੂੰ ਕੋਵਿਡ ਵੈਕਸੀਨ ਦੀ ਡੋਜ਼ ਯਕੀਨੀ ਬਣਾਈ ਬਲਕਿ ਅਮਰੀਕਾ 'ਚ ਪਹੁੰਚਣ ਵਾਲੀਆਂ ਕੋਵਿਡ ਵੈਕਸੀਨਾਂ ਵਿਚੋਂ ਤਿੰਨ ਪ੍ਰਮੁੱਖ ਵੈਕਸੀਨਾਂ ਭਾਰਤ ਵੱਲੋਂ ਨਿਰਵਿਘਨ ਮੁਹੱਈਆ ਕਰਵਾਈਆਂ ਗਈਆਂ। 

ਭਾਰਤ ਵੱਲੋਂ ਵੱਡੇ ਪੱਧਰ 'ਤੇ ਕੀਤੀ ਵੈਕਸੀਨ ਅਤੇ ਦਵਾਈਆਂ ਦੀ ਸਪਲਾਈ ਨੇ ਇਸ ਨੂੰ ਕਿਫਾਇਤੀ ਵੀ ਬਣਾਇਆ। ਉਨ੍ਹਾਂ ਕਿਹਾ ਕਿ ਭਾਰਤ ਨੇ ਨਾ ਕੇਵਲ ਅਮਰੀਕਾ ਬਲਕਿ ਅਫ਼ਰੀਕਾ ਸਮੇਤ ਹੋਰਨਾਂ ਨੂੰ ਵਿਕਾਸਸ਼ੀਲ ਦੇਸ਼ਾਂ ਨੂੰ ਕਿਫ਼ਾਇਤੀ ਤੌਰ 'ਤੇ ਵੈਕਸੀਨ ਸਪਲਾਈ ਕੀਤੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ 'ਚ ਭਾਰਤ ਵਿਸ਼ਵ ਪੱਧਰ 'ਤੇ ਵੱਖ-ਵੱਖ ਖੇਤਰਾਂ 'ਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ।

ਸ. ਤਰਨਜੀਤ ਸੰਧੂ ਨੇ ਕਿਹਾ ਕਿ ਅਮਰੀਕਾ 'ਚ ਸਟੈਮ ਖੇਤਰਾਂ 'ਚ ਭਾਰਤੀ ਵਿਦਿਆਰਥੀਆਂ ਦੀ ਭਾਰੀ ਮੰਗ ਹੈ ਜਿਸਦੇ ਚਲਦੇ ਸਥਾਨਕ ਕੰਪਨੀਆਂ ਭਾਰਤੀ ਵਿਦਿਆਰਥੀਆਂ ਨੂੰ ਪਹਿਲ ਦੇ ਆਧਾਰ 'ਤੇ ਨੌਕਰੀਆਂ ਲਈ ਮੰਗ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਚੰਡੀਗੜ੍ਹ ਯੂਨੀਵਰਸਿਟੀ ਸਮੇਤ ਕਈ ਹੋਰ ਭਾਰਤੀ ਵਿਦਿਅਕ ਅਦਾਰੇ ਸਟੈਮ ਖੇਤਰਾਂ ਦੇ ਨਾਲ-ਨਾਲ ਸਪੇਸ ਖੇਤਰ 'ਚ ਵੀ ਚੰਗਾ ਪ੍ਰਦਰਸ਼ਨ ਕਰ ਰਹੇ ਹਨ, ਜਿਨ੍ਹਾਂ ਵਿਦੇਸ਼ੀ ਵਿਦਿਆਰਥੀਆਂ ਨੂੰ ਭਾਰਤ ਪੜ੍ਹਨ ਲਈ ਆਕਰਸ਼ਿਤ ਕਰਨ ਦੀ ਸਮਰੱਥਾ ਹੈ। 

ਜਿੱਥੋਂ ਤੱਕ ਅਮਰੀਕਾ ਦਾ ਸਬੰਧ ਹੈ, ਹਾਲ ਹੀ ਵਿੱਚ ਯੂਐਸ ਡਿਪਾਰਟਮੈਂਟ ਆਫ਼ ਸਟੇਟ ਨੇ ਗਾਂਧੀ ਕਿੰਗ ਸਕਾਲਰਸਪਿ ਐਕਸਚੇਂਜ ਪਹਿਲਕਦਮੀ ਦੀ ਸ਼ੁਰੂਆਤ ਕੀਤੀ ਹੈ ਜਿਸ ਦੇ ਤਹਿਤ ਬਹੁਤ ਸਾਰੇ ਅਮਰੀਕੀ ਵਿਦਿਆਰਥੀ ਭਾਰਤ ਵਿੱਚ ਆ ਕੇ ਪੜ੍ਹ ਸਕਦੇ ਹਨ। ਇਹ ਸਕਾਲਰਸਪਿ ਫੈਕਲਟੀ ਨੂੰ ਐਕਸਚੇਂਜ ਪ੍ਰੋਗਰਾਮਾਂ ਅਤੇ ਸਾਂਝੇ ਖੋਜ ਪਹਿਲਕਦਮੀਆਂ ਦੇ ਤਹਿਤ ਭਾਰਤੀ ਯੂਨੀਵਰਸਿਟੀਆਂ ਦਾ ਦੌਰਾ ਕਰਨ ਦੀ ਵੀ ਆਗਿਆ ਦਿੰਦੀ ਹੈ।

ਚੰਡੀਗੜ੍ਹ ਯੂਨੀਵਰਸਿਟੀ ਵਰਗੀਆਂ ਨੌਜਵਾਨ ਯੂਨੀਵਰਸਿਟੀਆਂ ਨੂੰ ਸਪੇਸ ਟੈਕਨਾਲੋਜੀ, ਸੂਚਨਾ ਤਕਨਾਲੋਜੀ, ਖੇਤੀਬਾੜੀ, ਗਣਿਤ ਅਤੇ ਹੋਰ ਖੇਤਰਾਂ ਵਿੱਚ ਇੱਕ ਵਿਸ਼ੇਸ਼ ਡੋਮੇਨ ਬਣਾਉਣਾ ਚਾਹੀਦਾ ਹੈ ਜਿੱਥੇ ਭਾਰਤੀਆਂ ਦੀ ਮੁਹਾਰਤ ਨੂੰ ਵਿਸ਼ਵ ਪੱਧਰ 'ਤੇ ਸਵੀਕਾਰ ਕੀਤਾ ਗਿਆ ਹੈ। ਇਹ ਇੱਕ ਅਜਿਹਾ ਸਥਾਨ ਬਣਾਏਗਾ ਜਿੱਥੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਭਾਰਤ ਵਿੱਚ ਆਉਣ ਅਤੇ ਪੜ੍ਹਨ ਲਈ ਪੂਰੀ ਦੁਨੀਆ ਤੋਂ ਆਕਰਸਤਿ ਕੀਤਾ ਜਾ ਸਕਦਾ ਹੈ।

ਉਨ੍ਹਾਂ ਭਾਰਤ ਦੀ ਨਵੀਂ ਸਿੱਖਿਆ ਨੀਤੀ 'ਚ ਸਿੱਖਿਆ ਦੇ ਵਿਸ਼ਵੀਕਰਨ 'ਤੇ ਦਿੱਤੇ ਜ਼ੋਰ ਨੂੰ ਦੂਰਅੰਦੇਸ਼ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਸਿੱਖਿਆ ਦੇ ਵਿਸ਼ਵੀਕਰਨ ਲਈ ਭਾਰਤੀ ਅਤੇ ਵਿਦੇਸ਼ੀ ਵਿਦਿਅਕ ਸੰਸਥਾਵਾਂ 'ਚ ਕੈਂਪਸ ਟੂ ਕੈਂਪਸ ਭਾਈਵਾਲੀ ਨੂੰ ਹੋਰ ਮਜ਼ਬੂਤ ਬਣਾਉਣਾ ਹੋਵੇਗਾ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਦੀ ਤਰ੍ਹਾਂ ਹੋਰਨਾਂ ਯੂਨੀਵਰਸਿਟੀਆਂ ਨੂੰ ਵੀ ਵਿਦੇਸ਼ੀ ਯੂਨੀਵਰਸਿਟੀਆਂ ਨਾਲ ਸਾਂਝੇ ਖੋਜ ਪ੍ਰਾਜੈਕਟਾਂ ਅਤੇ ਡਿਊਲ ਡਿਗਰੀ ਪ੍ਰੋਗਰਾਮਾਂ ਲਈ ਗਠਜੋੜ ਸਥਾਪਿਤ ਕਰਨ ਦੀ ਲੋੜ ਹੈ।

ਉਨ੍ਹਾਂ ਪ੍ਰਧਾਨ ਮੰਤਰੀ ਮੋਦੀ ਦੀਆਂ ਨੀਤੀਆਂ ਦੀ ਸ਼ਾਲਾਘਾ ਕਰਦਿਆਂ ਕਿਹਾ ਕਿ ਅੱਜ ਵਿਸ਼ਵ ਦੇ ਬਹੁਤ ਸਾਰੇ ਮੁਲਕ ਅਤੇ ਉਨ੍ਹਾਂ ਦੇ ਪ੍ਰੈਜੀਡੈਂਟ ਵਿਸ਼ਵ ਸ਼ਾਂਤੀ ਸਥਾਪਿਤ ਕਰਨ ਲਈ ਭਾਰਤ ਵੱਲ ਵੇਖ ਰਹੇ ਹਨ। ਬਹੁਤ ਸਾਰੇ ਅਜਿਹੇ ਅਣਸੁਲਝੇ ਮਸਲੇ ਹਨ ਜਿਨ੍ਹਾਂ ਦੇ ਹੱਲ ਲਈ ਦੁਨੀਆਂ ਦੇ ਕਈ ਮੁਲਕ ਭਾਰਤ ਦਾ ਦਾਖ਼ਲ ਮੰਗ ਰਹੇ ਹਨ। ਉਨ੍ਹਾਂ ਕਿਹਾ ਕਿ ਪੀ.ਐਮ ਮੋਦੀ ਸਰਗਰਮੀ ਨਾਲ ਦੂਜੇ ਮੁਲਕਾਂ ਨਾਲ ਸਕਾਰਾਤਮਕ ਸਾਂਝ ਸਥਾਪਿਤ ਕਰਨ ਵੱਲ ਤੱਤਪਰ ਹਨ, ਜਿਨ੍ਹਾਂ ਦੇ ਸਾਰਥਿਕ ਨਤੀਜੇ ਵੀ ਸਾਹਮਣੇ ਆਏ ਹਨ।

ਇਸ ਦੌਰਾਨ ਤਰਨਜੀਤ ਸਿੰਘ ਸੰਧੂ ਨੇ ਕਲਪਨਾ ਚਾਵਲਾ ਸਪੇਸ ਰਿਸਰਚ ਸੈਂਟਰ ਦਾ ਦੌਰਾ ਕੀਤਾ ਜਿੱਥੇ ਉਨ੍ਹਾਂ ਨੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ, ਜੋ ਕਿ 75 ਵਿਦਿਆਰਥੀ ਸੈਟੇਲਾਈਟ ਪ੍ਰੋਗਰਾਮ 'ਤੇ ਕੰਮ ਕਰ ਰਹੇ ਹਨ। ਰਾਜਦੂਤ ਨੇ ਟੈਕਨਾਲੋਜੀ ਬਿਜ਼ਨਸ ਇਨਕਿਊਬੇਟਰ ਦਾ ਵੀ ਦੌਰਾ ਕੀਤਾ ਜਿੱਥੇ ਉਨ੍ਹਾਂ ਨੇ ਚੰਡੀਗੜ੍ਹ ਯੂਨੀਵਰਸਿਟੀ ਦੇ ਨੌਜਵਾਨ ਉੱਦਮੀਆਂ ਨਾਲ ਵੀ ਵੱਖ-ਵੱਖ ਪ੍ਰਾਜੈਕਟਾਂ 'ਤੇ ਗੱਲਬਾਤ ਕੀਤੀ।

ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਇੱਕ ਪੰਜਾਬੀ ਰਾਜਦੂਤ ਵਜੋਂ ਅਮਰੀਕਾ ਵਿੱਚ ਭਾਰਤ ਦੀ ਨੁਮਾਇੰਦਗੀ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅਸੀਂ ਭਾਰਤੀ ਰਾਜਦੂਤ ਨਾਲ ਨਵੀਂ ਸਿੱਖਿਆ ਨੀਤੀ ਦੇ ਤਹਿਤ ਅਮਰੀਕੀ ਯੂਨੀਵਰਸਿਟੀਆਂ ਨਾਲ ਸਹਿਯੋਗ ਦੀਆਂ ਸੰਭਾਵਨਾਵਾਂ ਬਾਰੇ ਗੱਲਬਾਤ ਕੀਤੀ, ਜੋ ਸਾਡੇ ਵਿਦਿਆਰਥੀਆਂ ਨੂੰ ਗਲੋਬਲ ਐਕਸਪੋਜ਼ਰ ਪ੍ਰਾਪਤ ਕਰਨ ਵਿੱਚ ਮਦਦ ਕਰ ਸਕਦੀਆਂ ਹਨ। ਉਨ੍ਹਾਂ ਅਮਰੀਕਾ ਵਿੱਚ ਭਾਰਤੀ ਰਾਜਦੂਤ ਨੂੰ ਚੰਡੀਗੜ੍ਹ ਯੂਨੀਵਰਸਿਟੀ ਦੇ ਮੌਜੂਦਾ 30+ ਯੂਐਸ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਨਾਲ ਸਹਿਯੋਗ ਬਾਰੇ ਵੀ ਜਾਣੂ ਕਰਵਾਇਆ।