ਚੰਡੀਗੜ੍ਹ ਯੂਨੀਵਰਸਿਟੀ ਦੇ ਡਿਗਰੀ ਵੰਡ ਸਮਾਗਮ ਦੌਰਾਨ ਨੋਬਲ ਪੁਰਸਕਾਰੀ ਪ੍ਰੋ. ਮਿਸ਼ੇਲ ਨੇ ਵਿਦਿਆਰਥੀਆਂ ਨੂੰ ਸੰਸਾਰ ਦੇ ਅਣਸੁਲਝੇ ਭੇਤਾਂ ਨੂੰ ਸੁਲਝਾਉਣ ਲਈ ਪੱਬਾਂ ਭਾਰ ਹੋਣ ਦੀ ਦਿੱਤੀ ਸਲਾਹ
ਨੋਬਲ ਪੁਰਸਕਾਰੀ ਪ੍ਰੋ. ਮਿਸ਼ੇਲ ਮੇਅਰ ਨੇ ਚੰਡੀਗੜ੍ਹ ਯੂਨੀਵਰਸਿਟੀ ਦੀ ਸਾਲਾਨਾ ਕਨਵੋਕੇਸ਼ਨ-2022 ਦੌਰਾਨ 890 ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ
5 Dariya News
ਘੜੂੰਆਂ 10-Oct-2022
ਇਸ ਬ੍ਰਹਿਮੰਡ ਵਿੱਚ ਮਨੁੱਖਜਾਤੀ ਦਾ ਵਿਕਾਸ ਸਿਰਫ਼ ਇਸ ਲਈ ਸੰਭਵ ਹੋਇਆ ਹੈ ਕਿਉਂਕਿ ਸਾਡੇ ਕੋਲ ਸਵਾਲ ਪੁੱਛਣ ਦੀ ਸਮਰੱਥਾ ਹੈ, ਇੱਕ ਵਿਦਿਆਰਥੀ ਹੋਣ ਦੇ ਨਾਤੇ ਤੁਹਾਨੂੰ ਕਦੇ ਵੀ ਖੋਜਕਰਤਾ ਹੋਣ ਜਾਂ ਉਤਸੁਕ ਹੋਣ ਦੇ ਵਿਲੱਖਣ ਸਿੱਖਣ ਦੇ ਸਾਧਨ ਨੂੰ ਨਹੀਂ ਛੱਡਣਾ ਚਾਹੀਦਾ। ਬ੍ਰਹਿਮੰਡ ਦੀ ਤਰ੍ਹਾਂ, ਸਾਡੀ ਜੰਿਦਗੀ ਵੀ ਅਣਸੁਲਝੇ ਭੇਤਾਂ ਨਾਲ ਭਰੀ ਹੋਈ ਹੈ ਅਤੇ ਇਸ ਲਈ ਸਿੱਖਣ ਦਾ ਸਹੀ ਤਰੀਕਾ ਇਹ ਹੈ ਕਿ ਅਜਿਹੀਆਂ ਸਮੱਸਿਆਵਾਂ ਜਾਂ ਰਹੱਸਾਂ ਦਾ ਹੱਲ ਲੱਭੋ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਨੋਬਲ ਪੁਰਸਕਾਰੀ ਅਤੇ ਪ੍ਰਸਿੱਧ ਭੌਤਿਕ ਵਿਗਿਆਨੀ ਪ੍ਰੋ. ਮਿਸ਼ੇਲ ਮੇਅਰ ਨੇ ਕੀਤਾ।
ਇਸ ਮੌਕੇ ਉਹ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਆਯੋਜਿਤ ਸਾਲਾਨਾ ਡਿਗਰੀ ਵੰਡ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਸੰਬੋਧਨ ਕਰ ਰਹੇ ਸਨ। ਡਿਗਰੀ ਵੰਡ ਸਮਾਗਮ ਦੌਰਾਨ 13 ਕੰਪਿਊਟਿੰਗ ਅਤੇ ਸਾਇੰਸਜ਼ ਪ੍ਰੋਗਰਾਮਾਂ 'ਚ 2022 ਬੈਚ ਦੇ ਕੁੱਲ 890 ਵਿਦਿਆਰਥੀਆਂ ਨੂੰ ਡਿਗਰੀਆਂ ਦੀ ਵੰਡ ਕੀਤੀ ਗਈ, ਜਿਸ 'ਚ ਸਾਇੰਸਜ਼ ਦੇ 663 ਅਤੇ ਬੀ.ਸੀ.ਏ ਦੇ 227 ਵਿਦਿਆਰਥੀ ਸ਼ਾਮਲ ਸਨ। ਇਸ ਦੇ ਨਾਲ ਹੀ ਵੱਖ-ਵੱਖ ਕੋਰਸਾਂ ਵਿੱਚ ਮੋਹਰੀ ਰਹਿਣ ਵਾਲੇ 13 ਹੋਣਹਾਰ ਵਿਦਿਆਰਥੀਆਂ ਨੂੰ ਗੋਲਡ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਚੰਡੀਗੜ੍ਹ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਡਾ. ਆਰ. ਐਸ. ਬਾਵਾ, ਵਾਈਸ ਚਾਂਸਲਰ ਡਾ. ਆਨੰਦ ਅਗਰਵਾਲ ਸਮੇਤ ਹੋਰ ਸੀਨੀਅਰ ਅਧਿਕਾਰੀ ਵੀ ਉਚੇਚੇ ਤੌਰ 'ਤੇ ਹਾਜ਼ਰ ਸਨ।ਵਿਦਿਆਰਥੀਆਂ ਅਤੇ ਮਾਪਿਆਂ ਨੂੰ ਸੰਬੋਧਨ ਕਰਦੇ ਹੋਏ ਨੋਬਲ ਪੁਰਸਕਾਰੀ ਪ੍ਰੋ. ਮਿਸ਼ੇਲ ਮੇਅਰ ਨੇ ਕਿਹਾ ਦੁਨੀਆ ਤੇਜ਼ੀ ਨਾਲ ਬਦਲ ਰਹੀ ਹੈ ਅਤੇ ਇਸ ਲਈ ਤੁਹਾਨੂੰ ਦੁਨੀਆ ਦੇ ਬਦਲਦੇ ਮਾਹੌਲ ਅਤੇ ਘਟਨਾਵਾਂ ਨਾਲ ਤਾਲਮੇਲ ਰੱਖਣਾ ਹੋਵੇਗਾ। ਸਾਨੂੰ ਇਹ ਸਮਝਣਾ ਹੋਵੇਗਾ ਕਿ ਜਿੱਥੇ ਅਸੀਂ ਅੱਜ ਹਾਂ, ਤਕਨਾਲੋਜੀ ਨੇ ਮੌਜੂਦਾ ਸਥਿਤੀ 'ਤੇ ਪਹੁੰਚਣ ਵਿਚ ਸਾਡੀ ਮਦਦ ਕੀਤੀ ਹੈ।
ਉਨ੍ਹਾਂ ਕਿਹਾ ਕਿ ਅੱਜ ਅਸੀਂ ਭਾਵੇਂ ਕਿੰਨੇ ਵੀ ਉੱਨਤ ਹੋ ਗਏ ਹਾਂ ਪਰ ਮਨੁੱਖਜਾਤੀ ਦੇ ਮੁੱਢਲੇ ਯੁੱਗ ਵਿੱਚ ਵਿਗਿਆਨੀਆਂ ਦੁਆਰਾ ਵਿਕਸਿਤ ਕੀਤੀਆਂ ਗਈਆਂ ਪ੍ਰਾਚੀਨ ਤਕਨੀਕਾਂ ਦੀ ਬਦੌਲਤ ਹੀ ਅਸੀਂ ਵਿਗਿਆਨ ਦੇ ਹਰ ਖੇਤਰ ਵਿੱਚ ਤਰੱਕੀ ਕਰ ਸਕੇ ਹਾਂ।ਪ੍ਰੋ. ਮੇਅਰ ਨੇ ਕਿਹਾ ਕਿ ਖਗੋਲ-ਭੌਤਿਕ ਵਿਗਿਆਨ ਦੇ ਖੇਤਰ ਵਿੱਚ, ਇਹ ਤਕਨਾਲੋਜੀ ਦੇ ਕਾਰਨ ਹੈ ਕਿ ਅਸੀਂ ਆਪਣੇ ਬ੍ਰਹਿਮੰਡ ਵਿੱਚ ਕੁਝ ਅਜੂਬਿਆਂ ਨੂੰ ਜਾਣਦੇ ਹਾਂ।
ਉਨ੍ਹਾਂ ਕਿਹਾ ਕਿ ਅਸੀਂ ਬ੍ਰਹਿਮੰਡ ਬਾਰੇ 5 ਪ੍ਰਤੀਸ਼ਤ ਜਾਣਨ ਦੇ ਯੋਗ ਹੋ ਗਏ ਹਾਂ ਜਦੋਂ ਕਿ 95 ਪ੍ਰਤੀਸ਼ਤ ਅਜੇ ਵੀ ਇੱਕ ਰਹੱਸ ਹੈ ਜਿਸ ਦਾ ਮਤਲਬ ਇਹ ਵੀ ਹੈ ਕਿ ਤੁਹਾਡੇ ਵਰਗੇ ਨੌਜਵਾਨ ਅਤੇ ਉਭਰਦੇ ਵਿਦਿਆਰਥੀਆਂ ਲਈ ਅਸਮਾਨ ਵਿੱਚ ਖੋਜ ਕਰਨ ਦੀ ਬਹੁਤ ਸੰਭਾਵਨਾ ਹੈ।ਇੱਥੇ ਵਰਣਨਯੋਗ ਹੈ ਕਿ ਪ੍ਰੋਫੈਸਰ ਮਿਸ਼ੇਲ ਮੇਅਰ ਨੇ 1995 ਵਿੱਚ ਡਿਡੀਅਰ ਕੋਇਲੋਜ਼ ਨਾਲ ਮਿਲ ਕੇ 51 ਪੇਗਾਸੀ ਬੀ (ਸੂਰਜ ਵਰਗਾ ਤਾਰਾ), 51 ਪੇਗਾਸੀ ਚੱਕਰ ਲਗਾਉਣ ਵਾਲਾ ਪਹਿਲਾ ਅਸਾਧਾਰਣ ਗ੍ਰਹਿ ਲੱਭਿਆ। ਇਸ ਪ੍ਰਾਪਤੀ ਲਈ 2019 'ਚ ਉਨ੍ਹਾਂ ਨੂੰ ਇੱਕ ਸੂਰਜੀ ਕਿਸਮ ਦੇ ਤਾਰੇ ਦਾ ਚੱਕਰ ਲਗਾਉਣ ਵਾਲੇ ਐਕਸੋ ਪਲੇਨਟ ਦੀ ਖੋਜ ਲਈ ਭੌਤਿਕ ਵਿਗਿਆਨ 'ਚ ਨੋਬਲ ਪੁਰਸਕਾਰ ਦਿੱਤਾ ਗਿਆ।
ਪ੍ਰੋ. ਮਿਸ਼ੇਲ ਫ੍ਰੈਂਚ ਅਕੈਡਮੀ ਆਫ਼ ਸਾਇੰਸਿਜ਼, ਯੂਨਾਈਟਿਡ ਸਟੇਟ ਨੈਸ਼ਨਲ ਅਕੈਡਮੀ ਆਫ਼ ਸਾਇੰਸਜ਼ ਅਤੇ ਅਮੈਰੀਕਨ ਅਕੈਡਮੀ ਆਫ਼ ਆਰਟਸ ਐਂਡ ਸਾਇੰਸਜ਼ ਦਾ ਵਿਦੇਸ਼ੀ ਸਹਿਯੋਗੀ ਮੈਂਬਰ ਹਨ ਅਤੇ ਇੰਗਲੈਂਡ ਦੀ ਰਾਇਲ ਐਸਟ੍ਰੋਨੋਮੀਕਲ ਸੋਸਾਇਟੀ ਅਤੇ ਯੂਰਪੀਅਨ ਜੀਓਸਾਇੰਸ ਯੂਨੀਅਨ ਦੇ ਆਨਰੇਰੀ ਫੈਲੋ ਹਨ।ਇਸ ਤੋਂ ਪਹਿਲਾਂ ਪ੍ਰੋ. ਮੇਅਰ ਵੱਲੋਂ 2022 ਬੈਚ ਦੇ 890 ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ, ਜਿਨ੍ਹਾਂ ਵਿੱਚ ਸਾਇੰਸਜ਼ ਦੇ ਵੱਖ-ਵੱਖ ਪ੍ਰੋਗਰਾਮਾਂ ਦੇ 663 ਵਿਦਿਆਰਥੀ ਅਤੇ ਬੈਚਲਰ ਆਫ਼ ਕੰਪਿਊਟਰ ਐਪਲੀਕੇਸ਼ਨ (ਬੀ.ਸੀ.ਏ) ਦੇ 227 ਵਿਦਿਆਰਥੀ ਸ਼ਾਮਲ ਸਨ।
ਇਸ ਮੌਕੇ ਵੱਖ-ਵੱਖ ਕੋਰਸਾਂ ਵਿੱਚ ਮੋਹਰੀ ਰਹਿਣ ਵਾਲੇ 13 ਹੋਣਹਾਰ ਵਿਦਿਆਰਥੀਆਂ ਨੂੰ ਗੋਲਡ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਵਿੱਚ ਰਿਤਿਕ ਪ੍ਰਕਾਸ਼, ਦੇਬਾਸ਼ੀਸ਼ ਹੇਮਬਰਮ, ਸੁਜੀਤ ਕੁਮਾਰ, ਸਮੀਰ ਸੂਤਰਧਾਰ, ਅਨੀਸ਼ਾ ਘਾਲੀ, ਗੁਰਪ੍ਰੀਤ ਕੌਰ, ਪ੍ਰਿਅੰਕਾ ਕੁਮਾਰੀ, ਸਮਰਜੀਤ ਸਿੰਘ, ਮੋਨਿਸ਼ਕਾ ਚਾਵਲਾ, ਅੰਜਲੀ, ਨੇਹਮਤ ਸਲਾਰੀਆ, ਰਿਤਿਕਾ ਰੋਜੀ ਅਤੇ ਰਿਤਿਕ ਤਿਆਗੀ ਦੇ ਨਾਮ ਸ਼ਾਮਲ ਹਨ।
ਕਨਵੋਕੇਸ਼ਨ ਸਮਾਗਮ ਵਿੱਚ ਬੈਚਲਰ ਆਫ਼ ਕੰਪਿਊਟਰ ਐਪਲੀਕੇਸ਼ਨਜ਼ (ਬੀ.ਸੀ.ਏ.) ਦੇ 227 ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ, ਜਿਨ੍ਹਾਂ ਵਿੱਚ ਸਾਇੰਸ ਦੇ 12 ਬੈਚਲਰ ਕੋਰਸਾਂ ਦੇ ਵਿਦਿਆਰਥੀਆਂ ਸਮੇਤ ਬੀ.ਐਸ.ਸੀ.-ਕੰਪਿਊਟਰ ਸਾਇੰਸ ਦੇ 20, ਬੀ.ਐਸ.ਸੀ.-ਮੈਡੀਕਲ ਲੈਬ ਟੈਕਨਾਲੋਜੀ ਦੇ 46, ਬੀ.ਐੱਸ.ਸੀ.- ਬਾਇਓਟੈਕਨਾਲੋਜੀ ਤੋਂ 94, ਬੀ.ਐੱਸ.ਸੀ.- ਐਗਰੀਕਲਚਰ (ਆਨਰਸ) ਤੋਂ 178, ਬੀ.ਐੱਸ.ਸੀ.- ਨਾਨ-ਮੈਡੀਕਲ ਤੋਂ 43, ਬੀ.ਐੱਸ.ਸੀ.- ਮੈਡੀਕਲ ਤੋਂ 23, ਏਕੀਕ੍ਰਿਤ ਬੀ.ਐੱਸ.ਸੀ.-ਬੀ.ਐੱਡ. ਤੋਂ 41, ਬੀ.ਐਸ.ਸੀ ਨਿਊਟ੍ਰੀਏਸ਼ਨ ਐਂਡ ਡਾਇਟਿਕਸ ਤੋਂ 48, ਬੀ.ਐਸ.ਸੀ ਕੈਮਿਸਟਰੀ (ਆਨਰਸ) ਤੋਂ 34, ਬੀ.ਐਸ.ਸੀ ਫਿਜਕਿਸ (ਆਨਰਸ) ਤੋਂ 47, ਬੈਚਲਰ ਆਫ਼ ਆਪਟੋਮੈਟਰੀ ਤੋਂ 38 ਅਤੇ ਬੈਚਲਰ ਆਫ਼ ਫਾਰਮੇਸੀ ਤੋਂ 51 ਵਿਦਿਆਰਥੀ ਸ਼ਾਮਲ ਸਨ।
ਇਸ ਮੌਕੇ ਬੋਲਦਿਆਂ ਚੰਡੀਗੜ੍ਹ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਡਾ. ਆਰ. ਐਸ. ਬਾਵਾ ਨੇ ਡਿਗਰੀ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਜਦੋਂ ਤੁਸੀਂ ਆਪਣਾ ਪੇਸ਼ੇਵਰ ਸਫ਼ਰ ਸ਼ੁਰੂ ਕਰਦੇ ਹੋ, ਤੁਹਾਡੇ ਤੋਂ ਇਹ ਉਮੀਦ ਕੀਤੀ ਜਾਂਦੀ ਹੈ ਕਿ ਤੁਸੀਂ ਆਪਣੇ ਗਿਆਨ ਦੀ ਵਰਤੋਂ ਆਪਣੇ ਜਨੂੰਨ ਨੂੰ ਵਧਾਉਣ ਦੇ ਨਾਲ-ਨਾਲ ਰਾਸ਼ਟਰ ਵਿਕਾਸ ਲਈ ਇਸ ਦੀ ਵਰਤੋਂ ਕਰੋਗੇ। ਉਨ੍ਹਾਂ ਉਮੀਦ ਪ੍ਰਗਟਾਈ ਕਿ ਯੂਨੀਵਰਸਿਟੀ ਦੇ ਗ੍ਰੈਜੂਏਟ ਵਿਦਿਆਰਥੀ ਆਪਣੀ ਲਗਨ, ਪ੍ਰਤਿਭਾ ਅਤੇ ਸਖਤ ਮਿਹਨਤ ਨਾਲ ਦੇਸ਼ ਦੇ ਵਿਕਾਸ ਵਿੱਚ ਯੋਗਦਾਨ ਪਾਉਣਗੇ।