ਕਾਲਬੇਲੀਆ, ਲੰਗਾ ਮੰਗਨੀਹਰ ਅਤੇ ਸਿੱਧੀ ਧਮਾਲ ਨਾਲ ਸੰਗਰੂਰ ’ਚ ਦਸ ਰੋਜ਼ਾ ਖੇਤਰੀ ਸਰਸ ਮੇਲੇ ਦਾ ਸ਼ਾਨਦਾਰ ਆਗਾਜ਼
ਹਰਿਆਣਾ ਦੇ ਜੋਗੀਆਂ ਦੀ ਬੀਨ, ਮੁਰਲੀ ਰਾਜਸਥਾਨੀ, ਨਗਾਰੇ, ਨਚਾਰਾਂ ਸਮੇਤ ਹੋਰ ਵੰਨਗੀਆਂ ਬਣੀਆਂ ਖਿੱਚ ਦਾ ਕੇਂਦਰ
5 Dariya News
ਸੰਗਰੂਰ 08-Oct-2022
ਸਰਕਾਰੀ ਰਣਬੀਰ ਕਾਲਜ ਦੇ ਮੈਦਾਨ ਵਿਖੇ ਦਸ ਰੋਜ਼ਾ ਖੇਤਰੀ ਸਰਸ ਮੇਲੇ ਦਾ ਸ਼ਾਨਦਾਰ ਆਗਾਜ਼ ਹੋਣ ਦੇ ਨਾਲ ਹੀ ਸੰਗਰੂਰ ਵਿਖੇ ਇੱਕ ਦਹਾਕੇ ਮਗਰੋਂ ਵੱਖ ਵੱਖ ਰਵਾਇਤੀ ਲੋਕ ਨਾਚਾਂ ਦੀਆਂ ਮਨਮੋਹਕ ਧੁਨਾਂ ਗੂੰਜ ਰਹੀਆਂ ਹਨ। ਦੇਸ਼ ਦੇ ਵੱਖ ਵੱਖ ਰਾਜਾਂ ਦੇ ਕਲਾਕਾਰ ਆਪਣੇ ਰਵਾਇਤੀ ਨਾਚਾਂ, ਸ਼ਿਲਪਕਾਰ ਤੇ ਦਸਤਕਾਰ ਆਪਣੇ ਬਿਹਤਰੀਨ ਹੁਨਰ ਅਤੇ ਪਕਵਾਨ ਬਣਾਉਣ ਦੇ ਮਾਹਿਰ ਆਪਣੇ ਸਾਜੋ ਸਮਾਨ ਸਮੇਤ 17 ਅਕਤੂਬਰ ਤੱਕ ਆਪਣੀ ਪ੍ਰਤਿਭਾ ਨਾਲ ਲੋਕਾਂ ਦਾ ਮਨ ਆਕਰਸ਼ਿਤ ਕਰਨਗੇ।ਵਡ ਅਕਾਰੀ ਮੈਦਾਨ ਵਿੱਚ ਰੰਗ ਬਿਰੰਗੀਆਂ ਲੜੀਆਂ, ਕਾਰੀਗਰਾਂ ਵੱਲੋਂ ਤਿਆਰ ਕੀਤਾ ਗਿਆ ਸਮਾਨ, 200 ਤੋਂ ਵੱਧ ਸਟਾਲਾਂ ’ਤੇ ਵੱਖ-ਵੱਖ ਰਾਜਾਂ ਦੇ ਹੁਨਰਮੰਦਾਂ ਵੱਲੋਂ ਪ੍ਰਦਰਸ਼ਿਤ ਸਮਾਨ, ਗੀਤ-ਸੰਗੀਤ, ਰਵਾਇਤੀ ਪਹਿਰਾਵੇ, ਪਕਵਾਨ ਸਮੇਤ ਹੋਰ ਵੰਨਗੀਆਂ ਨੇ ਲੋਕਾਂ ਨੂੰ ਕੀਲ ਲਿਆ ਹੈ।
ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ, ਉਨਾਂ ਦੀ ਧਰਮਪਤਨੀ ਪ੍ਰਤਿਭਾ ਜੋਰਵਾਲ, ਐਸ.ਐਸ.ਪੀ ਮਨਦੀਪ ਸਿੰਘ ਸਿੱਧੂ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਵਰਜੀਤ ਵਾਲੀਆ, ਐਸ.ਡੀ.ਐਮ ਨਵਰੀਤ ਕੌਰ ਸੇਖੋਂ ਸਮੇਤ ਹੋਰ ਉਚ ਪ੍ਰਸ਼ਾਸਨਿਕ ਤੇ ਪੁਲਿਸ ਅਧਿਕਾਰੀਆਂ ਨੇ ਸ਼ਮਾਂ ਰੌਸ਼ਨ ਕਰਨ ਉਪਰੰਤ ਉਦਘਾਟਨੀ ਸਮਾਰੋਹ ਵਿੱਚ ਸ਼ਾਮਲ ਹੁੰਦਿਆਂ ਉਥੇ ਵਿਸ਼ੇਸ਼ ਤੌਰ ’ਤੇ ਤਿਆਰ ਕੀਤੇ ਗਏ ਸੈਲਫ਼ੀ ਪੁਆਇੰਟ ‘ਸਰਸ ਮੇਲਾ’ ਅਤੇ ‘ਆਪਣਾ ਸੰਗਰੂਰ’ ਦੇ ਸਾਹਮਣੇ ਉਤਸ਼ਾਹ ਨਾਲ ਵੱਖ ਵੱਖ ਵਿਦਿਅਕ ਅਦਾਰਿਆਂ ਤੋਂ ਆਏ ਵਿਦਿਆਰਥੀਆਂ ਦੇ ਨਾਲ ਯਾਦਗਾਰੀ ਤਸਵੀਰ ਖਿਚਵਾਈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਬੜੀ ਖੁਸ਼ੀ ਦਾ ਮੌਕਾ ਹੈ ਜਦੋਂ ਸੰਗਰੂਰ ਵਿਖੇ ਇਕੋ ਥਾਂ ’ਤੇ ਦੇਸ਼ ਭਰ ਤੋਂ ਕਲਾਕਾਰ ਤੇ ਸ਼ਿਲਪਕਾਰ ਇਕੱਤਰ ਹੋ ਕੇ ਆਪਣੇ ਹੁਨਰ ਦਾ ਪ੍ਰਗਟਾਵਾ ਕਰ ਰਹੇ ਹਨ। ਉਨਾਂ ਪੰਜਾਬ ਵਾਸੀਆਂ ਨੂੰ ਦਸ ਰੋਜ਼ਾ ਚੱਲਣ ਵਾਲੇ ਇਸ ਮੇਲੇ ਦੌਰਾਨ ਵਧ ਚੜ ਕੇ ਸ਼ਾਮਲ ਹੋਣ ਦਾ ਸੱਦਾ ਦਿੱਤਾ। ਸ਼੍ਰੀ ਜੋਰਵਾਲ ਨੇ ਕਿਹਾ ਕਿ ਉੱਤਰੀ ਖੇਤਰ ਸਭਿਆਚਾਰਕ ਕੇਂਦਰ ਤੋਂ ਵੱਡੀ ਗਿਣਤੀ ਕਲਾਕਾਰ ਇਸ ਮੇਲੇ ਵਿੱਚ ਆਪਣੀਆਂ ਪੇਸ਼ਕਾਰੀਆਂ ਦੇਣਗੇ ਜਿਨਾਂ ਦੀ ਹੌਂਸਲਾ ਅਫਜਾਈ ਲਈ ਇਥੇ ਜ਼ਰੂਰ ਪਹੰੁਚਣਾ ਚਾਹੀਦਾ ਹੈ ਕਿਉਂਕਿ ਇਸ ਤੋਂ ਪਹਿਲਾਂ ਸਿਰਫ 2013 ਵਿੱਚ ਸਰਸ ਮੇਲਾ ਸੰਗਰੂਰ ਵਿਖੇ ਆਯੋਜਿਤ ਹੋਇਆ ਸੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਰਸ ਮੇਲਾ ਰੋਜ਼ਾਨਾ ਸਵੇਰੇ 11 ਵਜੇ ਤੋਂ ਰਾਤ ਤੱਕ ਜਾਰੀ ਰਹੇਗਾ ਜਿਸ ਤਹਿਤ ਰੋਜ਼ਾਨਾ ਸ਼ਾਮ ਨੁੰ ਸਟਾਰ ਨਾਈਟ ਦਾ ਵੀ ਆਯੋਜਨ ਹੋਵੇਗਾ ਅਤੇ ਨਾਮਵਰ ਗਾਇਕ ਆਪਣੀ ਹਾਜ਼ਰੀ ਲਵਾਉਣਗੇ।ਅੱਜ ਉਦਘਾਟਨੀ ਸਮਾਰੋਹ ਮੌਕੇ ਮੁਰਲੀ ਰਾਜਸਥਾਨੀ, ਕਾਲਬੇਲੀਆ, ਲੰਗਾਮੰਗਨੀ ਹਰ, ਗੁਜਰਾਤੀ ਨਿ੍ਰਤ ਸਿੱਧੀ ਧਮਾਲ, ਹਰਿਆਣਵੀ ਜੋਗੀਆਂ ਦੀ ਬੀਨ, ਨਚਾਰ, ਰਾਜਸਥਾਨੀ ਨਿ੍ਰਤ ਸਮੇਤ ਹੋਰ ਰਵਾਇਤੀ ਲੋਕ ਵੰਨਗੀਆਂ ਨੇ ਲੋਕਾਂ ਦਾ ਮਨ ਮੋਹ ਲਿਆ।