5 Dariya News

ਐਸ.ਸੀ. ਭਾਈਚਾਰੇ ਨਾਲ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ : ਚੰਦਰੇਸ਼ਵਰ ਸਿੰਘ ਮੋਹੀ

ਆਪਸੀ ਝਗੜੇ ਇੱਕ ਦੂਜੇ ਨਾਲ ਬੈਠ ਕੇ ਨਿਪਟਾਉਣ ਨੂੰ ਦੇਣੀ ਚਾਹੀਦੀ ਹੈ ਤਰਜ਼ੀਹ

5 Dariya News

ਫ਼ਤਹਿਗੜ੍ਹ ਸਾਹਿਬ 07-Oct-2022

ਪੰਜਾਬ ਰਾਜ ਐਸ.ਸੀ ਕਮਿਸ਼ਨ ਦੇ ਮੈਂਬਰ ਚੰਦਰੇਸ਼ਵਰ ਸਿੰਘ ਮੋਹੀ ਨੇ ਅੱਜ ਜ਼ਿਲ੍ਹੇ ਦੇ ਪਿੰਡ ਬਾਗੜੀਆ ਵਿਖੇ ਐਸ.ਸੀ. ਭਾਈਚਾਰੇ ਨਾਲ ਸਬੰਧਤ ਸ਼ਿਕਾਇਤ ਦੇ ਨਿਪਟਾਰੇ ਲਈ ਪਿੰਡ ਦਾ ਦੌਰਾ ਕੀਤਾ ਅਤੇ ਦੋਵੇਂ ਧਿਰਾਂ ਨਾਲ ਗੱਲਬਾਤ ਕਰਕੇ ਝਗੜੇ ਦਾ ਨਿਪਟਾਰਾ ਕਰਵਾਇਆ। ਵਰਨਣਯੋਗ ਹੈ ਕਿ ਪਿੰਡ ਦੇ ਕੁਝ ਐਸ.ਸੀ. ਭਾਈਚਾਰੇ ਦੇ ਪਰਿਵਾਰਾਂ ਨੇ ਕਮਿਸ਼ਨ ਕੋਲ ਸ਼ਿਕਾਇਤ ਕੀਤੀ ਸੀ ਕਿ ਪਿੰਡ ਦੇ ਵਿਅਕਤੀ ਨੇ ਉਨ੍ਹਾਂ ਨੂੰ ਪੰਚਾਇਤ ਵੱਲੋਂ ਦਿੱਤੀ 2-2 ਮਰਲੇ ਪਲਾਟਾਂ ਦੀ ਜ਼ਮੀਨ ਨੂੰ ਵਾਹ ਕੇ ਉਸ ਤੇ ਨਜਾਇਜ਼ ਕਬਜਾ ਕਰ ਲਿਆ ਹੈ ਇਸ ਲਈ ਉਨ੍ਹਾਂ ਨੂੰ ਇਨਸਾਫ ਦਿਵਾਇਆ ਜਾਵੇ। 

ਕਮਿਸ਼ਨ ਦੇ ਮੈਂਬਰ ਸ਼੍ਰੀ ਚੰਦਰੇਸ਼ਵਰ ਸਿੰਘ ਮੋਹੀ ਨੇ ਇਸ ਮੌਕੇ ਸਬੰਧਤ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਮਾਮਲੇ ਸਬੰਧੀ ਰਿਕਾਰਡ ਵੇਖਿਆ ਅਤੇ ਦੋਵਾਂ ਧਿਰਾਂ ਨਾਲ ਗੱਲਬਾਤ ਕੀਤੀ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਸ਼੍ਰੀ ਮੋਹੀ ਨੇ ਕਿਹਾ ਕਿ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਇਨਸਾਫ ਦਿਵਾਉਣ ਅਤੇ ਉਨ੍ਹਾਂ ਨਾਲ ਹੁੰਦੀ ਧੱਕੇਸ਼ਾਹੀ ਨੂੰ ਰੋਕਣ ਲਈ ਕਮਿਸ਼ਨ ਦਾ ਗਠਨ ਕੀਤਾ ਗਿਆ ਹੈ ਅਤੇ ਐਸ.ਸੀ ਭਾਈਚਾਰੇ ਦੇ ਲੋਕਾਂ ਨਾਲ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। 

ਉਨ੍ਹਾਂ ਕਿਹਾ ਕਿ ਸਾਡਾ ਦੇਸ਼ ਅਨੇਕਤਾ ਵਿੱਚ ਏਕਤਾ ਤੇ ਵਿਸ਼ਵਾਸ਼ ਰੱਖਦਾ  ਹੈ ਅਤੇ ਸਾਨੂੰ ਵੀ ਇਸ ਰਾਹ ਤੇ ਹੀ ਚੱਲਣਾ ਚਾਹੀਦਾ ਹੈ। ਉਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਆਪਸੀ ਝਗੜਿਆਂ ਦਾ ਨਿਪਟਾਰਾ ਆਪਸੀ ਰਜ਼ਾਮੰਦੀ ਨਾਲ ਕਰਨ ਨੂੰ ਤਰਜ਼ੀਹ ਦਿੱਤੀ ਜਾਵੇ ਤਾਂ ਜੋ ਆਪਸੀ ਕੁੜਤਣ ਨਾ ਵੱਧ ਸਕੇ। ਉਨ੍ਹਾਂ ਕਿਹਾ ਕਿ ਸ਼ਿਕਾਇਤਾਂ ਕਰਨ ਨਾਲ ਆਪਸੀ ਤਣਾਅ ਵੱਧਦਾ ਹੈ ਅਤੇ ਜੇਕਰ ਆਪਸ ਵਿੱਚ ਬੈਠ ਕੇ ਹੀ ਝਗੜਿਆਂ ਦਾ ਹੱਲ ਕੀਤਾ ਜਾਵੇ ਤਾਂ ਸਮਾਜ ਵਿੱਚਲੀ ਭਾਈਚਾਰਕ ਸਾਂਝ ਹੋਰ ਮਜਬੂਤ ਹੁੰਦੀ ਹੈ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਦਿਨੇਸ਼ ਵਸ਼ਸ਼ਿਟ, ਐਸ.ਪੀ. ਸ਼੍ਰੀ ਦਿਗਵਿਜੇ ਕਪਿਲ, ਡੀ.ਐਸ.ਪੀ. ਸ਼੍ਰੀ ਸੁਖਬੀਰ ਸਿੰਘ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਸ਼੍ਰੀ ਹਿਤੇਨ ਕਪਿਲਾ, ਬੀ.ਡੀ.ਪੀ.ਓ. ਸ਼੍ਰੀ ਮੋਹਿੰਦਰਜੀਤ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਤੇ ਪਿੰਡ ਦੀ ਪੰਚਾਇਤ ਦੇ ਮੈਂਬਰ ਵੀ ਮੌਜੂਦ ਸਨ।