5 Dariya News

ਪ੍ਰਭੂ ਪਰਮਾਤਮਾ ਨੂੰ ਜਾਣ ਕੇ ਭਗਤੀ ਭਰਪੂਰ ਜੀਵਨ ਬਤੀਤ ਕਰੀਏ : ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ

5 Dariya News

ਕਰਨਾਲ 29-Sep-2022

ਕਰਨਾਲ ਵਿੱਚ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੇ ਕਰਨਾਲ ਆਗਮਨ 'ਤੇ ਸੈਕਟਰ 12 ਦੇ ਮਿੰਨੀ ਸਕੱਤਰੇਤ ਗਰਾਉਂਡ ਵਿੱਚ ਇੱਕ ਨਿਰੰਕਾਰੀ ਸੰਤ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ  ਸੰਤ ਸਮਾਗਮ ਵਿਚ ਹਰਿਆਣਾ ਤੋਂ ਇਲਾਵਾ ਦਿੱਲੀ, ਚੰਡੀਗੜ੍ਹ, ਪੰਜਾਬ ਅਤੇ ਉੱਤਰ ਪ੍ਰਦੇਸ਼ ਦੇ ਕੁਝ ਇਲਾਕਿਆਂ ਤੋਂ ਆਏ ਸ਼ਰਧਾਲੂ ਸ਼ਾਮਿਲ ਹੋਏ ਜਿਨ੍ਹਾਂ ਸਤਿਗੁਰੂ ਮਾਤਾ ਜੀ ਦੀ ਪਾਵਨ ਛਤਰ ਛਾਇਆ ਹੇਠ  ਸਮਾਗ਼ਮ ਦਾ ਆਨੰਦ ਮਾਣਿਆ ।

ਨਵੰਬਰ ਮਹੀਨੇ ਵਿੱਚ ਹੋਣ ਵਾਲੇ 75ਵੇਂ ਨਿਰੰਕਾਰੀ ਸੰਤ ਸਮਾਗਮ ਦਾ ਜ਼ਿਕਰ ਕਰਦਿਆਂ ਸਤਿਗੁਰੂ ਮਾਤਾ ਜੀ ਨੇ ਕਰਨਾਲ ਸ਼ਹਿਰ ਦਾ ਨਾਮ ਸੇਵਾ ਨਾਲ ਜੋੜਦੇ ਹੋਏ ਕਿਹਾ ਕਿ ਕਰ ਨਾਲ (ਹੱਥੀਂ) ਸੇਵਾ ਕਰਨੀ ਹੈ। ਹਉਮੈਂ ਤਿਆਗ ਕੇ ਕੀਤੀ ਸੇਵਾ ਉੱਤਮ ਹੈ। ਸੇਵਾ ਕੇਵਲ ਇੱਕ ਥਾਂ ਤੋਂ ਦੂਜੀ ਥਾਂ 'ਤੇ ਜਾਕੇ ਹੀ ਨਹੀਂ ਕੀਤੀ ਜਾਂਦੀ, ਸਗੋਂ ਰੋਜ਼ਾਨਾ ਦੇ ਜੋ ਕੰਮ ਕਾਰ ਨਿਰੰਕਾਰ ਦਾ ਅਹਿਸਾਸ ਲੈਂਦੇ ਹੋਏ ਕੀਤੇ ਜਾਂਦੇ ਹਨ ਉਹ ਵੀ ਸੇਵਾ ਹੈ। ਜਿਵੇਂ ਪਾਣੀ ਭਾਵੇਂ ਕਿਸੇ ਝਰਨੇ ਵਿੱਚੋਂ ਵਹੇ ਜਾਂ ਕਿਸੇ ਤਲਾਬ ਵਿੱਚ ਰਹੇ ਰਹੇਗਾ ਪਾਣੀ ਹੀ।

ਸਤਿਗੁਰੂ ਮਾਤਾ ਜੀ ਨੇ ਅੱਗੇ ਫਰਮਾਇਆ ਕਿ ਨਿਰੰਕਾਰ ਨਾਲ ਜੁੜਨ ਦੇ ਤਿੰਨ ਮਹੱਤਵਪੂਰਨ ਅਤੇ ਸਰਲ ਸਾਧਨ ਸੇਵਾ, ਸਿਮਰਨ, ਸਤਿਸੰਗ ਹਨ, ਜਿਨ੍ਹਾਂ ਨਾਲ ਜੁੜ ਕੇ ਸਾਡੇ ਮਨ ਦੇ ਭਾਵ ਪਾਕ ਪਵਿੱਤਰ ਹੁੰਦੇ ਚਲੇ ਜਾਂਦੇ ਹਨ, ਫਿਰ ਜੀਵਨ ਦਾ ਹਰ ਪਲ ਭਗਤੀ ਵਾਲਾ ਬਣ ਜਾਂਦਾ ਹੈ। ਪ੍ਰਮਾਤਮਾ ਉੱਤਮ ਅਤੇ ਸੰਪੂਰਨ ਹੈ ਅਤੇ ਉਸ ਦੀ ਰਚੀ ਹੋਈ ਰਚਨਾ ਵੀ ਓਨੀ ਹੀ ਸੰਪੂਰਨ ਹੈ, ਪਰ ਇਹ ਜਾਣਦੇ ਹੋਏ ਵੀ ਕਿ ਅਸੀਂ ਇਸ ਪੂਰਨ ਪਰਮਾਤਮਾ ਦਾ ਹਿੱਸਾ ਹਾਂ, ਅਸੀਂ ਅਜੇ ਵੀ ਇੱਕ ਦੂਜੇ ਲਈ ਨਫ਼ਰਤ, ਈਰਖਾ,  ਵੈਰ ਵਰਗੀਆਂ ਨਕਾਰਾਤਮਕ ਭਾਵਨਾਵਾਂ ਨੂੰ ਮਨਾਂ ਵਿੱਚ ਵਸਾ ਲੈਂਦੇ ਹਾਂ। 

ਅਜਿਹੀਆਂ ਭਾਵਨਾਵਾਂ ਨੂੰ ਤਿਆਗ ਕੇ ਹਰ ਪਲ ਭਗਤੀ ਭਰਪੂਰ ਜੀਵਨ ਬਤੀਤ ਕਰੀਏ।ਸਤਿਗੁਰੂ ਮਾਤਾ ਜੀ ਨੇ ਬਗੁਲੇ  ਅਤੇ ਹੰਸ ਦੀ ਉਦਾਹਰਣ ਦਿੰਦਿਆਂ ਸਮਝਾਇਆ ਕਿ ਬਗੁਲਾ ਅਤੇ ਹੰਸ ਦੋਵੇਂ ਹੀ ਦੇਖਣ ਵਿੱਚ ਲਗਭਗ ਇੱਕੋ ਜਿਹੇ ਹਨ, ਪਰ ਦੋਵਾਂ ਦੇ ਸੁਭਾਅ ਵਿੱਚ ਬਹੁਤ ਫਰਕ ਹੈ। ਜਦੋਂ ਕਿ ਬਗੁਲਾ ਧੋਖੇਬਾਜ਼ੀ ਨੂੰ ਅਪਣਾਉਂਦਾ ਹੈ, ਓਥੇ ਹੀ ਹੰਸ ਚਤੁਰ ਚਲਾਕੀਆਂ ਤੋਂ ਦੂਰ ਹੈ, ਇੱਕ ਸ਼ੁੱਧ, ਸਾਫ਼ ਦਿਲ ਵਾਲਾ ਹੁੰਦਾ ਹੈ। 

ਸਤਿਗੁਰੂ ਮਾਤਾ ਜੀ ਦਾ ਸਾਨੂੰ ਸਮਝਾਉਣ ਦਾ ਭਾਵ ਇਹ ਹੈ ਕਿ ਭਾਵੇਂ ਅਸੀਂ ਸਾਰੇ ਸੰਤ ਅਖਵਾਉਂਦੇ ਹਾਂ, ਪਰ ਅਸਲ ਵਿੱਚ ਅਸੀਂ ਉਦੋਂ ਹੀ ਸੰਤ ਕਹਾਉਣ ਦੇ ਯੋਗ ਹੁੰਦੇ ਹਾਂ ਜਦੋਂ ਸਾਡੇ ਹਿਰਦੇ ਨਿਰਮਲ ਹੋਣ ਅਤੇ ਨਿਮਰਤਾ, ਪਿਆਰ, ਦਇਆ ਵਰਗੇ ਮਨੁੱਖੀ ਗੁਣਾਂ ਨਾਲ ਭਰਪੂਰ ਹੋਣ।ਕਰਨਾਲ ਜ਼ੋਨ ਦੇ ਜ਼ੋਨਲ ਇੰਚਾਰਜ ਸਤੀਸ਼ ਹੰਸ ਨੇ  ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦਾ ਕਰਨਾਲ ਪਹੁੰਚ ਕੇ ਸਾਰੇ ਭਗਤਾਂ  ਨੂੰ ਆਪਣਾ ਆਸ਼ੀਰਵਾਦ ਦੇਣ ਲਈ ਤਹਿ ਦਿਲੋਂ ਧੰਨਵਾਦ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਪ੍ਰਸ਼ਾਸਨ ਅਤੇ ਸਥਾਨਕ ਸੱਜਣਾਂ ਨੂੰ ਵੀ ਸਹਿਯੋਗ ਦੇਣ ਲਈ ਧੰਨਵਾਦ ਕੀਤਾ।