ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਾਈਕਲ ਰੈਲੀ
ਸਾਈਕਲ ਰੈਲੀ ਵਿੱਚ ਖਿਡਾਰੀਆਂ, ਵਿਦਿਆਰਥੀਆਂ, ਵਲੰਟੀਅਰਾਂ ਅਤੇ ਨੋਜਵਾਨਾਂ ਨੇ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ
5 Dariya News
ਬਟਾਲਾ 28-Sep-2022
ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ 115ਵੇਂ ਜਨਮ ਵਰੇ੍ਹਗੰਢ ਨੂੰ ਸਮਰਪਿਤ ਅੱਜ ਸਾਈਕਲ ਰੈਲੀ ਕੱਢੀ ਗਈ, ਜਿਸ ਵਿੱਚ ਖਿਡਾਰੀਆਂ, ਵਿਦਿਆਰਥੀਆਂ, ਸਹਾਰਾ ਕਲੱਬ ਦੇ ਵਲੰਟੀਅਰਾਂ ਅਤੇ ਨੋਜਵਾਨਾਂ ਆਦਿ ਨੇ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ। ਸਾਈਕਲ ਰੈਲੀ ਨੂੰ ਦਫਤਰ ਨਗਰ ਨਿਗਮ ਬਟਾਲਾ (ਨੇੜੇ ਗਾਂਧੀ ਚੌਂਕ) ਤੋਂ ਸਵੇਰੇ ਕਰੀਬ 7 ਵਜੇ ਤਹਿਸੀਲਦਾਰ ਲਖਵਿੰਦਰ ਸਿੰਘ ਵਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ।
ਇਸ ਮੌਕੇ ਨਾਇਬ ਤਹਿਸੀਲਦਾਰ ਲਖਵਿੰਦਰ ਸਿੰਘ, ਤਰਨਪ੍ਰੀਤ ਸਿੰਘ ਕਲਸੀ, ਡੀ.ਐਸ.ਪੀ ਲਲਿਤ ਕੁਮਾਰ ਤੇ ਧੀਰਜ ਵਰਮਾ ਲੀਗਲ ਜੁਆਇੰਟ ਸੈਕਰਟਰੀ ਪੰਜਾਬ ਵੀ ਮੋਜੂਦ ਸਨ।ਇਸ ਮੌਕੇ ਪੱਤਰਕਾਰ ਨਾਲ ਗੱਲ ਕਰਦਿਆਂ ਤਹਿਸੀਲਦਾਰ ਲਖਵਿੰਦਰ ਸਿੰਘ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੀ ਅਗਵਾਈ ਹੇਠ ਜ਼ਿਲੇ ਅੰਦਰ ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਵੱਖ-ਵੱਖ ਪ੍ਰੋਗਰਾਮ ਕਰਵਾਏ ਗਏ ਹਨ, ਜਿਸ ਦੇ ਚੱਲਦਿਆਂ ਅੱਜ ਸਵੇਰੇ ਬਟਾਲਾ ਵਿਖੇ ਸਾਈਕਲ ਰੈਲੀ ਕੱਢੀ ਗਈ।
ਉਨਾਂ ਅੱਗੇ ਕਿਹਾ ਕਿ ਸ਼ਹੀਦ ਭਗਤ ਸਿੰਘ ਜੀ ਸਾਡੇ ਸਾਰਿਆਂ ਲਈ ਰੋਲ ਮਾਡਲ ਹਨ, ਜਿਨਾਂ ਨੇ ਦੇਸ਼ ਦੀ ਖਾਤਰ, ਛੋਟੀ ਉਮਰ ਵਿੱਚ ਹੀ ਸ਼ਹੀਦੀ ਪ੍ਰਾਪਤ ਕੀਤੀ। ਉਨਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਦੇ ਦਿਲ ਵਿਚ ਦੇਸ਼ ਦੇ ਲਈ ਜੋ ਪਿਆਰ ਤੇ ਜ਼ਜ਼ਬਾ ਸੀ , ਉਸ ਤੋਂ ਸਿੱਖਣ ਦੀ ਲੋੜ ਹੈ ਅਤੇ ਉਨਾਂ ਦੇ ਦਿਲ ਵਿਚ ਜੋ ਸੁਪਨੇ ਸਨ, ਉਸਨੂੰ ਪੂਰਾ ਕਰਨ ਲਈ ਸਾਨੂੰ ਪ੍ਰਣ ਕਰਨ ਚਾਹੀਦਾ ਹੈ ਅਤੇ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਆਪਣਾ ਵੱਧ ਤੋਂ ਵੱਧ ਯੋਗਦਾਨ ਪਾਉਣਾ ਚਾਹੀਦਾ ਹੈ।
ਸਾਈਕਲ ਰੈਲੀ, ਗਾਂਧੀ ਚੋਂਕ ਬਟਾਲਾ ਤੋਂ ਸ਼ੁਰੂ ਹੋ ਕੇ ਸਿਟੀ ਰੋਡ, ਹੰਸਲੀ ਪੁਲ, ਸਿਨੇਮਾ ਰੋਡ, ਜੱਸਾ ਸਿੰਘ ਰਾਮਗੜ੍ਹੀਆ ਚੌਂਕ, ਜਲੰਧਰ ਰੋਡ ਹੰਸਲੀ ਪੁਲ, ਸੁੱਖਾ ਸਿੰਘ ਮਹਿਤਾਬ ਸਿੰਘ ਚੋਂਕ ਤੋਂ ਹੁੰਦੀ ਹੋਈ ਵਾਪਸ ਦਫਤਰ ਨਗਰ ਨਿਗਮ, ਬਟਾਲਾ ਵਿਖੇ ਸਮਾਪਤ ਹੋਈ। ਇਸ ਮੌਕੇ ਹਰਪਾਲ ਸਿੰਘ ਸੰਧਾਵਾਲੀਆਂ ਜ਼ਿਲਾ ਸਿੱਖਿਆ ਅਫਸਰ (ਸ) ਗੁਰਦਾਸਪੁਰ, ਹਰਜਿੰਦਰ ਸਿੰਘ ਕਲਸੀ ਡੀਪੀਆਰਓ, ਚੇਅਰਮੈਨ ਸਹਾਰਾ ਕਲੱਬ ਰਾਜੀਵ ਖੁੱਲਰ, ਮਾਸਟਰ ਜੋਗਿੰਦਰ ਸਿੰਘ ਅਚਲੀ ਗੇਟ, ਨਵਦੀਪ ਸਿੰਘ, ਜੀ.ਐਸ.ਕਾਹਲੋਂ, ਜਸਬੀਰ ਸਿੰਘ, ਤੇਜਬੀਰ ਸਿੰਘ, ਅਨਿਲ ਸਹਿਦੇਵ, ਸੰਜੀਵ ਭਸੀਨ, ਜਤਿੰਦਰ ਕੱਦ, ਪਾਰਥ ਚੌਹਾਨ ਆਦਿ ਮੋਜੂਦ ਸਨ।