5 Dariya News

ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੀ 115ਵੀਂ ਜਨਮ ਵਰ੍ਹੇਗੰਢ ਨੂੰ ਸਮਰਪਿਤ ਨਿਕਲੀ ਵਿਸ਼ਾਲ ਸਾਈਕਲ ਰੈਲੀ

ਭਾਰੀ ਮੀਂਹ ਦੇ ਬਾਵਜੂਦ ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਸ਼ੁਰੂ ਤੋਂ ਅਖੀਰ ਤੱਕ ਕੀਤੀ ਰੈਲੀ ਵਿਚ ਕੀਤੀ ਸ਼ਿਰਕਤ

5 Dariya News

ਹੁਸ਼ਿਆਰਪੁਰ 25-Sep-2022

ਜ਼ਿਲ੍ਹਾ ਪ੍ਰਸ਼ਾਸਨ ਵਲੋਂ ਫਿੱਟ ਬਾਈਕਰਸ ਕਲੱਬ ਦੇ ਸਹਿਯੋਗ ਨਾਲ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੀ 115ਵੀਂ ਜਨਮ ਵਰ੍ਹੇਗੰਢ ਨੂੰ ਸਮਰਪਿਤ ਇਕ ਵਿਸ਼ਾਲ ਸਾਈਕਲ ਰੈਲੀ ਪੂਰੋ ਜੋਸ਼ੋ-ਖਰੋਸ਼ ਅਤੇ ਉਤਸ਼ਾਹ ਨਾਲ ਕੱਢੀ ਗਈ। ਭਾਰੀ ਮੀਂਹ ਦੇ ਬਾਵਜੂਦ ਇਸ ਰੈਲੀ ਵਿਚ ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਹੰਸ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਅਤੇ ਉਹ ਬਾਈਕਰਸ ਕਲੱਬ ਦੇ ਪ੍ਰਧਾਨ ਪਰਮਜੀਤ ਸਿੰਘ ਸਚਦੇਵਾ ਅਤੇ ਉਨ੍ਹਾਂ ਦੀ ਟੀਮ ਨਾਲ ਰੈਲੀ ਦੇ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਉਹ ਰੈਲੀ ਦਾ ਹਿੱਸਾ ਬਣੇ। 

ਇਸ ਮੌਕੇ ਉਨ੍ਹਾਂ ਕਿਹਾ ਕਿ ਇਸ ਰੈਲੀ ਦਾ ਮੁੱਖ ਉਦੇਸ਼ ਸ਼ਹੀਦਾਂ ਨੂੰ ਸ਼ਰਧਾਂਜ਼ਲੀ ਦੇਣਾ ਅਤੇ ਨੌਜਵਾਨਾਂ ਨੂੰ ਉਨ੍ਹਾਂ ਦੇ ਸੁਪਨਿਆਂ ਦਾ ਮੁਲਕ ਬਣਾਉਣ ਲਈ ਪ੍ਰੇਰਿਤ ਕਰਨਾ ਹੈ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਇਹ ਸਾਈਕਲ ਰੈਲੀ ਉਨ੍ਹਾਂ ਨੂੰ ਆਪਣੀਆਂ ਜੜ੍ਹਾਂ ਨਾਲ ਜੋੜ ਕੇ ਸਿਹਤਮੰਦ ਅਤੇ ਭਵਿੱਖ ਨੂੰ ਬਿਹਤਰ ਬਣਾਉਣ ਦਾ ਵੀ ਇਕ ਜ਼ਰੀਆ ਹੈ। 

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਸ਼ਹੀਦ ਭਗਤ ਸਿੰਘ ਦੀ ਜਨਮ ਵਰ੍ਹੇਗੰਢ ਨੂੰ ਸਮਰਪਿਤ ਵੱਖ-ਵੱਖ ਸਮਾਗਮ ਉਲੀਕੇ ਗਏ ਹਨ, ਜਿਨ੍ਹਾਂ ਦੇ ਇਕ ਹਿੱਸੇ ਵਜੋਂ ਇਹ ਸਾਈਕਲ ਰੈਲੀ ਕਰਵਾਈ ਗਈ ਹੈ।ਸ਼ਹੀਦਾਂ ਦੀ ਸੋਚ ’ਤੇ ਪਹਿਰਾ ਦੇਣ ਦਾ ਸੱਦਾ ਦਿੰਦੀ ਇਹ ਰੈਲੀ ਬੁਲਾਂਵਾੜੀ ਤੋਂ ਸ਼ੁਰੂ ਹੋ ਕੇ ਸ਼ਿਮਲਾ ਪਹਾੜੀ ਚੌਕ, ਧੋਬੀ ਘਾਟ, ਮਹਾਂਵੀਰ ਪੁਲ, ਗਊਸ਼ਾਲਾ ਬਾਜ਼ਾਰ, ਕਸ਼ਮੀਰੀ ਬਾਜ਼ਾਰ, ਘੰਟਾ ਘਰ, ਬੱਸ ਸਟੈਂਡ, ਪ੍ਰਭਾਤ ਚੌਂਕ, ਸੈਸ਼ਨ ਚੌਕ, ਸਰਕਾਰੀ ਕਾਲਜ ਚੌਕ ਅਤੇ ਰੇਲਵੇ ਰੋਡ ਤੋਂ ਹੁੰਦੀ ਹੋਈ ਜੇਲ੍ਹ ਚੌਕ ਵਿਖੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੀ ਪ੍ਰਤਿਮਾ ’ਤੇ ਜਾ ਸਕੇ ਸਮਾਪਤ ਹੋਈ।

ਰੈਲੀ ਦੌਰਾਨ ਭਾਗੀਦਾਰਾਂ ਨੇ ‘ਭਗਤ ਸਿੰਘ ਤੇਰੀ ਸੋਚ ’ਤੇ, ਪਹਿਰਾ ਦਿਆਂਗੇ ਠੋਕ ਕੇ’ ਅਤੇ ‘ਇਨਕਲਾਬ ਜਿੰਦਾਬਾਦ’ ਦੇ ਨਾਅਰਿਆਂ ਨਾਲ ਆਕਾਸ਼ ਗੁੰਜਾ ਦਿੱਤਾ। ਇਸ ਰੈਲੀ ਵਿਚ ਸਹਾਇਕ ਕਮਿਸ਼ਨਰ ਸ਼੍ਰੀ ਵਿਓਮ ਭਾਰਦਵਾਜ ਤੋਂ ਇਲਾਵਾ ਫਿੱਟ ਬਾਈਕਰਸ ਕਲੱਬ ਦੇ ਮੈਂਬਰਾਂ ਵਲੋਂ ਵੱਡੀ ਗਿਣਤੀ ਵਿਚ ਸ਼ਿਰਕਤ ਕੀਤੀ ਗਈ।