28 ਸਤੰਬਰ ਨੂੰ ਜਿਲੇ ਭਰ ਵਿਚ ਧੂਮਧਾਮ ਨਾਲ ਮਨਾਇਆ ਜਾਵੇਗਾ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ : ਮੋਨੀਸ਼ ਕੁਮਾਰ
ਹਰੇਕ ਪਿੰਡ ਤੇ ਸ਼ਹਿਰ ਵਿਚ ਕੀਤੇ ਜਾਣਗੇ ਸਮਾਗਮ- ਲੋਕ ਘਰਾਂ ਵਿਚ ਕਰਨ ਦੀਪਮਾਲਾ ਤੇ ਲਹਿਰਾਉਣ ਤਿਰੰਗਾ : ਮੋਨੀਸ਼ ਕੁਮਾਰ
5 Dariya News
ਤਰਨਤਾਰਨ 15-Sep-2022
ਸ਼ਹੀਦ ਏ ਆਜ਼ਮ ਭਗਤ ਸਿਘ ਦਾ 125ਵਾਂ ਜਨਮ ਦਿਹਾੜਾ ਜਿਲੇ ਭਰ ਵਿਚ ਉਤਸ਼ਾਹ ਨਾਲ ਮਨਾਇਆ ਜਾਵੇਗਾ ਅਤੇ ਜਿਲੇ ਦੇ ਹਰੇਕ ਪਿੰਡ ਤੇ ਸ਼ਹਿਰ ਵਿਚ ਇਸ ਸਬੰਧੀ ਸਮਾਗਮ ਕਰਵਾ ਕੇ ਸ਼ਹੀਦਾਂ ਦਾ ਸੁਪਨਿਆਂ ਦਾ ਪੰਜਾਬ ਬਨਾਉਣ ਲਈ ਜਨਤਾ ਨੂੰ ਜਾਗਰੂਕ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਮੋਨੀਸ਼ ਕੁਮਾਰ ਨੇ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਨਾਲ ਇਸ ਸਬੰਧੀ ਕੀਤੀ ਮੀਟਿੰਗ ਵਿਚ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਰਾਜ ਪੱਧਰੀ ਸਮਾਗਮ ਸ਼ਹੀਦ ਦੇ ਪਿੰਡ ਖਟਕੜ ਕਲਾਂ ਵਿਖੇ ਕਰਵਾਇਆ ਜਾ ਰਿਹਾ ਹੈ, ਪਰ ਅਸੀਂ ਤਰਨਤਾਰਨ ਜਿਲੇ ਵਿਚ ਵੀ ਸਮਾਗਮ ਕਰਵਾਂਗੇ।
ਉਨਾਂ ਕਿਹਾ ਕਿ ਇਸ ਮੌਕੇ ਸਕੂਲਾਂ ਵਿਚ ਸ਼ਹੀਦ ਦੇ ਜੀਵਨ ਉਤੇ ਨਾਟਕ, ਭਾਸ਼ਣ ਤੇ ਲੇਖ ਦੇ ਮੁਕਾਬਲੇ ਕਰਵਾਏ ਜਾਣ, ਤਾਂ ਜੋ ਬੱਚਿਆਂ ਵਿਚ ਸ਼ਹੀਦਾਂ ਦੇ ਸੁਪਨੇ ਸੱਚ ਕਰਦਾ ਜਜ਼ਬਾ ਪੈਦਾ ਹੋਵੇ। ਉਨਾਂ ਐਸ ਡੀ ਐਮ ਤਰਨਤਾਰਨ ਨੂੰ ਹਦਾਇਤ ਕੀਤੀ ਕਿ ਉਹ 28 ਸਤੰਬਰ ਨੂੰ ਸ਼ਾਮ 7 ਵਜੇ ਸ਼ਹਿਰ ਵਿਚ ਸ਼ਹੀਦ ਨੂੰ ਯਾਦ ਕਰਦੇ ਹੋਏ ਕੈਂਡਲ ਮਾਰਚ ਕੱਢਣ। ਇਸ ਤੋਂ ਇਲਾਵਾ ਸਾਈਕਲ ਰੈਲੀ ਤੇ ‘ਰੰਨ ਫਾਰ ਫਰੀਡਮ’ ਦਾ ਅਯੋਜਨ ਵੀ ਸ਼ਹੀਦ ਦੀ ਯਾਦ ਵਿਚ ਕੀਤਾ ਜਾਵੇ।
ਉਨਾਂ ਨੇ ਮੀਟਿੰਗ ਵਿਚ ਹਾਜ਼ਰ ਪੰਚਾਇਤ ਅਧਿਕਾਰੀਆਂ ਅਤੇ ਈ ਓਜ਼ ਨੂੰ ਕਿਹਾ ਕਿ ਉਹ ਸ਼ਹਿਰਾਂ ਦੇ ਹਰੇਕ ਵਾਰਡ ਵਿਚ ਅਤੇ ਹਰੇਕ ਪਿੰਡ ਵਿਚ ਸ਼ਹੀਦ ਦੀ ਯਾਦ ਵਿਚ ਸਮਾਗਮ ਕਰਨ। ਇਸ ਤੋਂ ਇਲਾਵਾ ਪਿੰਡਾਂ ਤੇ ਸ਼ਹਿਰਾਂ ਵਿਚ ਢੁਕਵੀਆਂ ਥਾਵਾਂ ਉਤੇ ਸ਼ਹੀਦ ਦੇ ਫਸਲਫੇ ਵਿਚੋਂ ਪੰਕਤੀਆਂ ਲੈ ਕੇ ਕੰਧਾਂ ਉਤੇ ਲਿਖਵਾਈਆਂ ਜਾਣ, ਜੋ ਕਿ ਸਾਡੀਆਂ ਆਉਣ ਵਾਲੀਆਂ ਪੀੜੀਆਂ ਨੂੰ ਦੇਸ਼ ਪ੍ਰੇਮ ਦੀ ਗੁੜਤੀ ਦੇ ਸਕਦੀਆਂ ਹੋਣ। ਡਿਪਟੀ ਕਮਿਸ਼ਨਰ ਨੇ ਖੇਡ ਵਿਭਾਗ ਨੂੰ ਇਸ ਦਿਨ ਸ਼ਹੀਦ ਨੂੰ ਸਮਰਪਿਤ ਵੱਖ-ਵੱਖ ਖੇਡਾਂ ਦੇ ਮੈਚ ਕਰਵਾਉਣ ਦੀ ਹਦਾਇਤ ਵੀ ਕੀਤੀ।
ਉਨਾਂ ਸਿਹਤ ਵਿਭਾਗ ਨੂੰ ਕਿਹਾ ਕਿ ਉਹ ਇੰਨਾ ਦਿਨਾਂ ਦੌਰਾਨ ਸ਼ਹੀਦ ਨੂੰ ਯਾਦ ਕਰਦੇ ਹੋਏ ਖੂਨ ਦਾਨ ਕੈਂਪ, ਮੈਡੀਕਲ ਕੈਂਪ ਆਦਿ ਲਗਾਉਣ। ਉਨਾਂ ਇਹ ਵੀ ਹਦਾਇਤ ਕੀਤੀ ਕਿ ਸਾਰੀਆਂ ਥਾਵਾਂ ਉਤੇ ਹੋਣ ਵਾਲੇ ਪ੍ਰੋਗਰਾਮਾਂ ਵਿਚ ਆਜ਼ਾਦੀ ਲਈ ਕੁਰਾਬਨੀ ਕਰਨ ਵਾਲੇ ਦੇਸ਼ ਭਗਤਾਂ ਜਾਂ ਉਨਾਂ ਦੇ ਪਰਿਵਾਰਾਂ ਨੂੰ ਵਿਸ਼ੇਸ਼ ਮਹਿਮਾਨ ਵਜੋਂ ਬਲਾਉਣ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ ਜਗਵਿੰਦਰਜੀਤ ਸਿੰਘ ਗਰੇਵਾਲ, ਐਸ ਡੀ ਐਮ ਰਾਜੇਸ਼ ਸ਼ਰਮਾ, ਐਸ ਡੀ ਐਮ ਰਜਨੀਸ਼ ਅਰੋੜਾ, ਐਸ ਡੀ ਐਮ ਦੀਪਕ ਭਾਟੀਆ, ਸਹਾਇਕ ਕਮਿਸ਼ਨਰ ਪੁਨੀਤ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
ਹਰ ਘਰ ਲਹਿਰਾਵੇ ਤਿਰੰਗਾ ਤੇ ਕਰੇ ਦੀਪਮਾਲਾ
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਮੋਨੀਸ਼ ਕੁਮਾਰ ਨੇ ਜਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ 28 ਸਤੰਬਰ ਨੂੰ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਦੀ ਖੁਸ਼ੀ ਵਿਚ ਆਪਣੇ ਘਰਾਂ ਉਤੇ ਤਿਰੰਗਾ ਲਹਿਰਾਉਣ ਤੇ ਦੀਵਾਲੀ ਦੀ ਤਰਾਂ ਦੀਪਮਾਲਾ ਕਰਨ। ਉਨਾਂ ਕਿਹਾ ਕਿ ਇੰਨਾਂ ਸ਼ਹੀਦਾਂ ਦੀ ਬਦੌਲਤ ਹੀ ਅੱਜ ਅਸੀਂ ਆਜ਼ਾਦ ਫਿਜ਼ਾ ਵਿਚ ਸਾਹ ਲੈ ਰਹੇ ਹਾਂ ਤੇ ਉਨਾਂ ਦੇ ਲਏ ਸੁਪਨਿਆਂ ਨੂੰ ਸਾਕਾਰ ਕਰਨਾ ਸਾਡਾ ਸਾਰਿਆਂ ਦਾ ਫਰਜ਼ ਹੈ।