ਨਸਿ਼ਆ ਦੇ ਖਾਤਮੇ ਲਈ ਲੋਕਾਂ ਦਾ ਸਹਿਯੋਗ ਜਰੂਰੀ : ਡੀ.ਆਈ.ਜੀ. ਗੁਰਪ੍ਰੀਤ ਸਿੰਘ ਭੁੱਲਰ
ਪੰਜਾਬ ਪੁਲਿਸ ਨਸਿ਼ਆਂ ਦੇ ਤਸਕਰਾਂ ਨੂੰ ਕਿਸੇ ਵੀ ਹਾਲਤ ਵਿੱਚ ਨਹੀਂ ਬਖਸ਼ੇਗੀ
5 Dariya News
ਫ਼ਤਹਿਗੜ੍ਹ ਸਾਹਿਬ 06-Sep-2022
ਨੌਜਵਾਨ ਪੀੜ੍ਹੀ ਨੂੰ ਨਸਿ਼ਆ ਦੀ ਲਾਹਣਤ ਤੋਂ ਬਚਾਉਣ ਲਈ ਪੰਜਾਬ ਪੁਲਿਸ ਪੂਰੀ ਸੰਜੀਦਗੀ ਨਾਲ ਕੰਮ ਕਰ ਰਹੀ ਹੈ ਅਤੇ ਨਸਿ਼ਆਂ ਦੇ ਤਸਕਰਾਂ ਨੂੰ ਕਿਸੇ ਵੀ ਹਾਲਤ ਵਿੱਚ ਬਖਸਿ਼ਆ ਨਹੀਂ ਜਾਵੇਗਾ। ਇਹ ਪ੍ਰਗਟਾਵਾ ਰੂਪਨਗਰ ਰੇਂਜ ਦੇ ਡੀ.ਆਈ.ਜੀ. ਗੁਰਪ੍ਰੀਤ ਸਿੰਘ ਭੁੱਲਰ ਨੇ ਮੰਡੀ ਗੋਬਿੰਦਗੜ੍ਹ ਦੀ ਰਿਮਟ ਯੂਨੀਵਰਸਿਟੀ ਵਿਖੇ ਸ਼ਹੀਦ ਭਗਤ ਸਿੰਘ ਯੂਥ ਸਪੋਰਟਸ ਐਂਡ ਕਲਚਰਲ ਕਲੱਬ ਵੱਲੋ਼ ਕਰਵਾਏ ਗਏ ਰਾਜ ਪੱਧਰੀ ਨਸਿ਼ਆਂ ਵਿਰੁੱਧ ਜਾਗਰੂਕਤਾ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੂੰ ਨਸਿ਼ਆ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ ਨਸਿ਼ਆ ਦੇ ਖਾਤਮੇ ਲਈ ਆਮ ਲੋਕਾਂ ਦਾ ਸਹਿਯੋਗ ਬਹੁਤ ਜਰੂਰੀ ਹੈ ਕਿਉਂਕਿ ਲੋਕਾਂ ਦੇ ਸਹਿਯੋਗ ਨਾਲ ਹੀ ਹਰ ਚੁਣੋਤੀ ਦਾ ਡੱਟ ਕੇ ਸਾਹਮਣਾ ਕੀਤਾ ਜਾ ਸਕਦਾ ਹੈ। ਡੀ.ਆਈ.ਜੀ. ਭੁੱਲਰ ਨੇ ਕਿਹਾ ਕਿ ਸਾਡੀ ਨੌਜਵਾਨ ਪੀੜ੍ਹੀ ਮਾੜੀ ਸੰਗਤ ਕਾਰਨ ਨਸਿ਼ਆਂ ਦੀ ਗ੍ਰਿਫਤ ਵਿੱਚ ਫਸਦੀ ਚਲੀ ਜਾ ਰਹੀ ਹੈ ਜੋ ਕਿ ਸਾਡੇ ਲਈ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਹੈ ।
ਉਨ੍ਹਾਂ ਕਿਹਾ ਕਿ ਸੂਬੇ ਦੇ ਵਿਕਾਸ ਲਈ ਨੌਜਵਾਨ ਵਰਗ ਨੂੰ ਸਹੀ ਰਾਹ ਵਿਖਾਉਣਾ ਸਾਡੀ ਜਿੰਮੇਵਾਰੀ ਹੈ ਅਤੇ ਇਸ ਵਿੱਚ ਕਿਸੇ ਕਿਸਮ ਦੀ ਢਿੱਲ ਮੱਠ ਨਹੀਂ ਵਿਖਾਉਣੀ ਚਾਹੀਦੀ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਪੁਲਿਸ ਵੱਲੋਂ ਨਸਿ਼ਆ ਦੇ ਖਾਤਮੇ ਲਈ ਵੱਡੀ ਪੱਧਰ ’ਤੇ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਪਿਛਲੇ ਸਮੇਂ ਅੰਦਰ ਨਸਿ਼ਆਂ ਦੀ ਤਸਕਰੀ ਕਰਨ ਵਾਲੇ ਕਈ ਤਸਕਰਾਂ ਨੂੰ ਕਾਬੂ ਕੀਤਾ ਗਿਆ ਹੈ।
ਡੀ.ਆਈ.ਜੀ. ਨੇ ਨੌਜਵਾਨ ਵਰਗ ਨੂੰ ਅਪੀਲ ਕੀਤੀ ਕਿ ਨਸਿ਼ਆ ਦੀ ਲਾਹਣਤ ਨੂੰ ਖਤਮ ਕਰਨ ਵਿੱਚ ਉਸਾਰੂ ਸਹਿਯੋਗ ਦਿੱਤਾ ਜਾਵੇ ਅਤੇ ਜੇਕਰ ਉਨ੍ਹਾ ਦੀ ਪਹਿਚਾਣ ਵਾਲਾ ਕੋਈ ਦੋਸਤ ਜਾਂ ਰਿਸ਼ਤੇਦਾਰ ਨਸਿ਼ਆਂ ਦਾ ਆਦੀ ਪਾਇਆ ਜਾਂਦਾ ਹੈ ਤਾਂ ਉਸ ਨੂੰ ਨਜ਼ਦੀਕੀ ਸਰਕਾਰੀ ਨਸ਼ਾ ਛੁਡਾਊ ਕੇਂਦਰ ਵਿੱਚ ਭੇਜਿਆ ਜਾਵੇ ਜਿਥੇ ਸਰਕਾਰ ਵੱਲੋਂ ਮੁਫਤ ਦਵਾਈ ਦੇ ਕੇ ਨਸ਼ਾ ਛੁਡਾਇਆ ਜਾਂਦਾ ਹੈ। ਇਸ ਮੌਕੇ ਡੀ ਐਸ ਪੀ ਸੁਖਬੀਰ ਸਿੰਘ ਅਤੇ ਸ਼ਹੀਦ ਭਗਤ ਸਿੰਘ ਯੂਥ ਸਪੋਰਟਸ ਐਂਡ ਕਲਚਰਲ ਕਲੱਬ ਦੇ ਆਹੁਦੇਦਾਰ ਹਾਜ਼ਰ ਸਨ।