5 Dariya News

‘ਯਾਰ ਮੇਰਾ ਤਿੱਤਲੀਆਂ ਵਰਗਾ’ ਨੇ ਲੋਕਾਂ ਦੇ ਦਿਲਾਂ 'ਚ ਬਣਾਈ ਖਾਸ ਜਗ੍ਹਾ, ਦੇਖਣ ਨੂੰ ਮਿਲਿਆ ਜ਼ਬਰਦਸਤ ਉਤਸ਼ਾਹ

5 Dariya News (ਹਰਜਿੰਦਰ ਸਿੰਘ)

ਚੰਡੀਗੜ 02-Sep-2022

ਅੱਜ ਆਖਿਰਕਾਰ ਫਿਲਮ ਪ੍ਰੇਮੀਆਂ ਦਾ ਇੰਤਜ਼ਾਰ ਖ਼ਤਮ ਹੋ ਗਿਆ ਅਤੇ ਗਿੱਪੀ ਗਰੇਵਾਲ ਤੇ ਤਨੂ ਗਰੇਵਾਲ ਸਟਾਰਰ ਨਵੀਂ ਪੰਜਾਬੀ ਫਿਲਮ ‘ਯਾਰ ਮੇਰਾ ਤਿੱਤਲੀਆਂ ਵਰਗਾ’ ਸਿਨੇਮਾਘਰਾਂ ‘ਚ ਰਿਲੀਜ਼ ਹੋ ਗਈ ਹੈ।ਜਿਸ ਨੂੰ ਨਾ ਕੇਵਲ ਦਰਸ਼ਕਾਂ ਵੱਲੋਂ ਬਲਕਿ ਫਿਲਮ ਸਮੀਖਿਅਕਾਂ ਅਤੇ ਮੀਡੀਆ ਵਲੋਂ ਵੀ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ।  ਸੰਸਾਰ ਭਰ ਦੇ ਸਿਨੇਮਾਘਰਾਂ ਵਿੱਚ ਪਰਦਾਪੇਸ਼ ਹੋਈ ਇਹ ਫਿਲਮ ਹਰ ਪਾਸੇ ਖੂਬ ਵਾਹ ਵਾਹ ਖੱਟਦੀ ਨਜ਼ਰ ਆ ਰਹੀ ਹੈ ਅਤੇ ਰਿਪੋਰਟਾਂ ਮੁਤਾਬਿਕ ਸਾਰੇ ਸਿਨੇਮਾਘਰਾਂ ਵਿੱਚ ਦਰਸ਼ਕਾਂ ਦੀਆਂ ਖੂਬ ਰੌਣਕਾਂ ਵੇਖਣ ਨੂੰ ਮਿਲ ਰਹੀਆਂ ਹਨ।

ਹੰਬਲ ਮੋਸ਼ਨ ਪਿਕਰਚਰਜ ਅਤੇ ਓਮ ਜੀ ਸਟਾਰ ਸਟੂਡੀਓਜ਼ ਦੀ ਪੇਸ਼ਕਸ਼ ਫਿਲਮ ‘ਯਾਰ ਮੇਰਾ ਤਿੱਤਲੀਆਂ ਵਰਗਾ’ ਇੱਕ ਰੋਮਾਂਟਿਕ ਕਾਮੇਡੀ ਫਿਲਮ ਹੈ ਜਿਸ ਵਿੱਚ ਇੱਕ ਸਮਾਜਿਕ ਸੰਦੇਸ਼ ਵੀ ਹੈ। ਦੱਸ ਦਈਏ ਕਿ ਫਿਲਮ ਦੇ ਰਿਲੀਜ਼ ਹੋਣ ਤੋਂ ਪਹਿਲਾਂ ਹੀ ਇਸ ਦੇ ਗੀਤਾਂ ਨੂੰ ਲੋਕਾਂ ਨੇ ਰੱਜਵਾਂ ਪਿਆਰ ਦਿੱਤਾ ਹੈ ਅਤੇ ਹੁਣ ਲੋਕ ਫਿਲਮ ਦੇਖਣ ਤੋਂ ਬਾਅਦ ਫਿਲਮ ਦਾ ਰੱਜ ਕੇ ਗੁਣਗਾਣ ਗਾ ਰਹੇ ਹਨ। ਦਰਸ਼ਕਾਂ ਨੇ ਫਿਲਮ ਦੇਖਣ ਤੋਂ ਬਾਅਦ ਓਸਮ, ਵੈਰੀ ਨਾਇਸ, ਅੱਤ, ਘੈਂਟ... ਆਦਿ ਕੁਮੈਂਟ ਕਰ ਕੇ ਪ੍ਰਸ਼ੰਸਾ ਕੀਤੀ ਹੈ।ਫ਼ਿਲਮ ਦੀ ਕਹਾਣੀ ਨਰੇਸ਼ ਕਥੂਰੀਆ ਨੇ ਲਿਖੀ ਹੈ। 

ਜਿਸ ਵਿੱਚ ਸ਼ੋਸ਼ਲ ਮੀਡੀਆ, ਫੇਸਬੁੱਕ ਆਦਿ ਨਾਲ ਜੁੜੇ ਲੋਕਾਂ ਦੀ ਮਾਨਸਿਕਤਾ ਵਿਖਾਈ ਗਈ ਹੈ ਕਿ ਕਿਵੇਂ ਬਣਾਉਟੀ ਚਿਹਰਿਆਂ ਦੇ ਮੋਹ ਜਾਲ ਵਿੱਖ ਫਸਿਆ ਮਨੁੱਖ ਆਪਣੀਆਂ ਲਲਚਾਈਆਂ ਸੋਚਾਂ ਨਾਲ ਪਰਿਵਾਰਕ ਜਿੰਦਗੀ ਤਬਾਹ ਕਰਨ  ਕਿਨਾਰੇ ਖੜ੍ਹਾ ਹੈ। ਨਿਰਮਾਤਾ  ਗਿੱਪੀ ਗਰੇਵਾਲ, ਰਵਨੀਤ ਕੌਰ ਗਰੇਵਾਲ ਤੇ ਆਸੂ ਮੁਨੀਸ਼ ਸਾਹਨੀ ਵਲੋਂ ਪ੍ਰੋਡਿਊਸ ਇਹ ਫ਼ਿਲਮ ਦਰਸ਼ਕਾਂ ਦਾ ਚੰਗਾ ਮਨੋਰੰਜਨ ਕਰਨ ਦੇ ਨਾਲ-ਨਾਲ ਸ਼ੋਸ਼ਲ ਮੀਡੀਆ ਦੇ ਰਾਹੇ ਤੁਰੇ ਲੋਕਾਂ ਨੂੰ ਆਪਣੇ ਜੀਵਨ ਸਾਥੀ ਅਤੇ ਪਰਿਵਾਰਕ ਫ਼ਰਜਾਂ ਪ੍ਰਤੀ ਵਫ਼ਾਦਾਰ ਰਹਿਣ ਦਾ ਸੁਨੇਹਾ ਵੀ ਦੇ ਰਹੀ ਹੈ। 

ਫ਼ਿਲਮ ਦਾ ਨਿਰਦੇਸ਼ਨ ਵਿਕਾਸ ਵਿਸ਼ਿਸ਼ਟ ਨੇ ਕੀਤਾ ਹੈ ਤੇ ਉਨਾਂ ਨੇ ਆਪਣੀ ਪੂਰੀ ਟੀਮ ਤੋਂ ਚੰਗਾ ਕੰਮ ਲਿਆ ਹੈ ਅਤੇ ਪੰਜਾਬੀ ਸਿਨੇਮਾ ਦੇ ਪ੍ਰੇਮੀਆਂ ਨੂੰ ਇੱਕ ਵੱਖਰੇ ਅਤੇ ਚੰਗੇ ਵਿਸ਼ੇ ਦੀ ਫ਼ਿਲਮ ਬਣਾ ਕੇ ਦਿੱਤੀ ਹੈ।ਫ਼ਿਲਮ ਵਿਚਲੇ ਹਾਸਿਆਂ ਨਾਲ ਭਰੇ ਪੰਚ ਹੀ ਫ਼ਿਲਮ ਦੀ ਗਤੀ ਨੂੰ ਲਗਾਤਾਰ ਵਧਾਉਂਦੇ ਹਨ। ਫ਼ਿਲਮ ਦੇ ਦੋਵੇਂ ਹਿੱਸੇ ਬੇਹੱਦ ਕਮਾਲ ਦੇ ਹਨ ।

ਫ਼ਿਲਮ ਵਿੱਚ ਗਿੱਪੀ ਗਰੇਵਾਲ, ਤਨੂ ਗਰੇਵਾਲ, ਕਰਮਜੀਤ ਅਨਮੋਲ, ਸਰਦਾਰ ਸੋਹੀ, ਮਲਕੀਤ ਰੌਣੀ , ਧੀਰਜ ਕੁਮਾਰ, ਸਾਰਾ ਗੁਰਪਾਲ, ਸੀਮਾ ਕੌਸ਼ਲ, ਰਾਜ ਧਾਲੀਵਾਲ, ਹਰਿੰਦਰ ਭੁਲੱਰ, ਰਘਵੀਰ ਬੋਲੀ ਅਤੇ ਬਾਲ ਅਦਾਕਾਰ ਗੁਰਤੇਗ ਸਿੰਘ ਸਮੇਤ ਹਰ ਕਲਾਕਾਰ ਨੇ ਆਪਣੇ-ਆਪਣੇ ਕਿਰਦਾਰਾਂ ਨਾਲ ਪੂਰੀ ਤਰ੍ਹਾਂ ਨਿਆਂ ਕੀਤਾ ਹੈ ਤੇ ਫਿਲਮ 'ਚ ਹਰੇਕ ਕਿਰਦਾਰ ਦੀ ਦਮਦਾਰ ਐਕਟਿੰਗ ਵੇਖਣ ਨੂੰ ਮਿਲ ਰਹੀ ਹੈ।ਫ਼ਿਲਮ ਦੇ ਡਾਇਲਾਗ ਵੀ ਤਰੋ-ਤਾਜ਼ੇ ਅਤੇ ਸ਼ਾਨਦਾਰ ਹਨ।