5 Dariya News

ਕੇਂਦਰੀ ਮੰਤਰੀ ਸ਼ੇਖਾਵਤ ਦੇ ਪ੍ਰੋਗਰਾਮ ਵਿਚ ਵੱਡੀ ਗਿਣਤੀ ਬਲਬੀਰ ਸਿੰਘ ਸਿੱਧੂ ਦੇ ਸਮਰਥਕ ਜੁੜੇ

ਤਤਕਾਲ ਨਹੀਂ ਪਰ ਆਉਂਦੇ ਸਮੇਂ ਵਿੱਚ ਭਾਜਪਾ ਪੰਜਾਬ ਦੇ ਸੰਗਠਨ ਵਿੱਚ ਤਬਦੀਲੀ ਸੰਭਵ : ਗਜੇਂਦਰ ਸ਼ੇਖਾਵਤ

5 Dariya News

ਮੁਹਾਲੀ 30-Aug-2022

ਮੁਹਾਲੀ ਦੇ ਫੇਜ਼ ਅੱਠ ਦੇ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ ਭਾਰਤੀ ਜਨਤਾ ਪਾਰਟੀ ਦੇ ਪਹਿਲੀ ਕਤਾਰ ਦੇ ਆਗੂ ਗਜੇਂਦਰ ਸਿੰਘ ਸ਼ੇਖਾਵਤ  ਪਹੁੰਚੇ ਤਾਂ ਇਸ ਸਮੇਂ ਦੌਰਾਨ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਅਗਵਾਈ ਹੇਠ ਵੱਡੀ ਗਿਣਤੀ ਵਿਚ ਮੁਹਾਲੀ ਦੇ ਕੌਂਸਲਰ ਅਤੇ ਹਲਕੇ ਦੇ ਆਗੂਆਂ,  ਪੰਚਾਂ ਸਰਪੰਚਾਂ  ਦੀ ਹਾਜ਼ਰੀ ਨੇ ਬਲਬੀਰ ਸਿੰਘ ਸਿੱਧੂ ਦੀ ਇਸ ਹਲਕੇ ਵਿੱਚ ਤਾਕਤ ਨੂੰ ਦਰਸਾ ਦਿੱਤਾ। ਇਸ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਮੰਤਰੀ ਤੀਕਸ਼ਣ ਸੂਦ, ਜਨਰਲ ਸਕੱਤਰ ਪੰਜਾਬ ਸੁਭਾਸ਼ ਸ਼ਰਮਾ ਅਤੇ ਸ੍ਰੀ ਬੱਗਾ, ਅਮਨਜੋਤ ਕੌਰ ਰਾਮੂਵਾਲੀਆ, ਸੁਖਵਿੰਦਰ ਗੋਲਡੀ, ਸੁਸ਼ੀਲ ਰਾਣਾ ਜ਼ਿਲ੍ਹਾ ਪ੍ਰਧਾਨ, ਸੰਜੀਵ  ਵਸ਼ਿਸ਼ਟ ਵੀ ਹਾਜ਼ਰ ਸਨ। 

ਵੱਡੀ ਗੱਲ ਇਹ ਹੈ ਕਿ ਗਜੇਂਦਰ  ਸਿੰਘ ਸ਼ੇਖਾਵਤ ਹਲਕਾ ਆਨੰਦਪੁਰ ਸਾਹਿਬ ਵਿਚਲੇ ਪ੍ਰੋਗਰਾਮਾਂ ਵਿੱਚ ਸ਼ਾਮਲ ਹੋਣ ਲਈ ਆਏ ਹਨ ਅਤੇ ਇਸ ਦੌਰਾਨ ਸਭ ਤੋਂ ਪਹਿਲਾਂ ਉਨ੍ਹਾਂ ਨੇ ਮੁਹਾਲੀ ਵਿਖੇ ਗੁਰਦੁਆਰਾ ਅੰਬ ਸਾਹਿਬ ਵਿਖੇ ਮੱਥਾ ਟੇਕਿਆ।  ਇਸ ਦੌਰਾਨ ਬਲਬੀਰ ਸਿੰਘ ਸਿੱਧੂ ਨੇ ਉਨ੍ਹਾਂ ਦੀ ਮੁਲਾਕਾਤ ਰੋਡ ਸੰਘਰਸ਼ ਕਮੇਟੀ ਵਾਲੇ ਕਿਸਾਨਾਂ ਨਾਲ ਕਰਵਾਈ ਜੋ ਪਿਛਲੇ ਤਿੰਨ ਮਹੀਨਿਆਂ ਤੋਂ ਡੀਸੀ ਦਫ਼ਤਰ ਅੱਗੇ ਧਰਨੇ ਉੱਤੇ ਬੈਠੇ ਹੋਏ ਹਨ। ਇਸ ਮੌਕੇ ਗਜੇਂਦਰ ਸਿੰਘ ਸ਼ੇਖਾਵਤ ਨੇ ਬੋਲਦਿਆਂ ਕਿਹਾ ਕਿ ਆਜ਼ਾਦੀ ਦੇ  ਅੰਮ੍ਰਿਤ ਕਾਲ ਦੇ ਇਸ ਸਮੇਂ ਦੌਰਾਨ ਆਤਮਨਿਰਭਰ ਭਾਰਤ ਬਣਾਉਣ ਅਤੇ ਸਮੂਹ ਦੇਸ਼ ਵਾਸੀਆਂ ਦੀ ਖੁਸ਼ਹਾਲੀ ਲਈ ਅੱਜ ਇੱਥੇ ਅਰਦਾਸ ਕੀਤੀ ਗਈ ਹੈ।

ਸ਼ੇਖਾਵਤ ਨੇ ਇਸ ਮੌਕੇ ਇਹ ਵੀ ਕਿਹਾ ਕਿ ਪੰਜਾਬ ਭਾਜਪਾ ਵਿੱਚ ਤਬਦੀਲੀ ਸੰਭਵ ਹੈ ਭਾਵੇਂ ਇਹ ਹੁਣੇ ਤਤਕਾਲ ਨਹੀਂ ਕੀਤੀ ਜਾ ਰਹੀ ਪਰ ਆਉਂਦੇ ਸਮੇਂ ਵਿੱਚ ਤਬਦੀਲੀ ਹੋ ਸਕਦੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਉਨ੍ਹਾਂ ਦੇ ਭਰਾ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ  ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ। ਉਸ ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਮੁਹਾਲੀ ਹਲਕੇ ਦੇ ਕਿਸੇ ਵੱਡੇ ਪ੍ਰੋਗਰਾਮ ਵਿੱਚ ਬਲਬੀਰ ਸਿੰਘ ਸਿੱਧੂ ਆਪਣੇ ਭਾਰੀ ਗਿਣਤੀ ਸਮਰਥਕਾਂ ਦੇ ਨਾਲ ਸ਼ਾਮਲ ਹੋਏ। ਇਸ ਤੋਂ ਪਹਿਲਾਂ ਮੁਹਾਲੀ ਵਿਚ ਭਾਰਤੀ ਜਨਤਾ ਪਾਰਟੀ ਦੇ ਸਮਾਗਮਾਂ ਵਿੱਚ ਕਦੇ ਵੀ ਇੰਨੀ ਵੱਡੀ ਗਿਣਤੀ ਵਰਕਰ ਜੁੜਦੇ ਨਹੀਂ ਸੀ ਦਿਖਾਈ ਦਿੰਦੇ। 

ਸ਼ੇਖਾਵਤ ਦੇ ਇਸ ਦੌਰੇ ਮੌਕੇ ਨਾ ਸਿਰਫ ਮੋਹਾਲੀ ਹਲਕੇ ਵਿਚ ਭਾਰਤੀ ਜਨਤਾ ਪਾਰਟੀ ਵਿੱਚ ਬਲਬੀਰ ਸਿੰਘ ਸਿੱਧੂ ਦਾ ਕੱਦ ਬਹੁਤ ਉੱਚਾ ਹੋ ਗਿਆ ਹੈ ਸਗੋਂ ਇਸ ਨਾਲ  ਭਾਰਤੀ ਜਨਤਾ ਪਾਰਟੀ ਨੂੰ ਵੀ ਮੁਹਾਲੀ ਵਿਚ ਇਕ ਮੁਕਾਮ ਦਿਖਾਈ ਦੇਣ ਲੱਗ ਪਿਆ ਹੈ। ਅੱਜ ਦੇ ਇਸ ਘਟਨਾਕ੍ਰਮ ਨਾਲ ਕਾਂਗਰਸ ਪਾਰਟੀ ਨੂੰ ਮੁਹਾਲੀ ਵਿੱਚ ਬਹੁਤ ਵੱਡਾ ਖੋਰਾ ਲੱਗਦਾ ਦਿਖਾਈ ਦੇ ਰਿਹਾ ਹੈ। ਅੱਜ ਦੇ ਇਸ ਪ੍ਰੋਗਰਾਮ ਦੌਰਾਨ ਮੁਹਾਲੀ ਦੇ ਵੱਡੀ ਗਿਣਤੀ ਕੌਂਸਲਰ ਅਤੇ ਮੁਹਾਲੀ ਹਲਕੇ ਦੇ ਪਿੰਡਾਂ ਤੋਂ ਕਾਂਗਰਸ ਪਾਰਟੀ ਦੇ ਨਾਲ ਜੁੜੇ ਹੋਏ ਆਗੂਆਂ, ਪਿੰਡਾਂ ਦੇ ਪੰਚਾਂ ਸਰਪੰਚਾਂ ਤੋਂ ਇਲਾਵਾ ਭਾਜਪਾ  ਆਗੂ ਹਾਜ਼ਰ ਸਨ।