5 Dariya News

ਦੁੱਧ ’ਚ ਮਿਲਾਵਟ ਕਰਨ ਵਾਲਿਆਂ ਵਿਰੁੱਧ ਹੋਵੇਗੀ ਸਖ਼ਤ ਕਾਰਵਾਈ: ਸਿਵਲ ਸਰਜਨ

ਖਾਧ ਸੁਰੱਖਿਆ ਟੀਮ ਵੱਲੋਂ ਦੁੱਧ ਦੇ ਸੈਂਪਲ ਭਰਨ ਦੀ ਮੁਹਿੰਮ ਸ਼ੁਰੂ

5 Dariya News

ਬਰਨਾਲਾ 23-Aug-2022

ਸਿਹਤ ਵਿਭਾਗ ਬਰਨਾਲਾ ਵੱਲੋਂ ਦੁੱਧ ਵਿੱਚ ਮਿਲਾਵਟਖੋਰੀ ਨੂੰ ਰੋਕਣ ਲਈ ਕਮਿਸ਼ਨਰ ਖਾਧ ਸੁਰੱਖਿਆ ਪੰਜਾਬ ਦੇ ਹੁਕਮਾਂ ਅਧੀਨ ਦੁਕਾਨਾਂ ਅਤੇ ਡੇਅਰੀਆਂ ਦੀ ਚੈਕਿੰਗ ਕਰਦੇ ਹੋਏ ਸੈਂਪਲ ਭਰਨ ਦੀ ਮੁਹਿੰਮ ਚਲਾਈ ਗਈ ਹੈ।ਇਹ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਬਰਨਾਲਾ ਡਾ. ਜਸਬੀਰ ਸਿੰਘ ਔਲਖ ਨੇ ਦੱਸਿਆ ਕਿ ਗਊਆਂ ਵਿੱਚ ਲੰਪੀ ਸਕਿੱਨ ਬਿਮਾਰੀ ਫੈਲੀ ਹੋਈ ਹੈ, ਜਿਸ ਕਾਰਨ ਦੁੱਧ ਉਤਪਾਦਨ ਵੀ ਘਟਿਆ ਹੈ। 

ਅਜਿਹੇ ਸਮੇਂ ਵਿਚ ਦੁੱਧ ਦੀ ਮੰਗ ਪੂਰੀ ਕਰਨ ਲਈ ਮਿਲਾਵਟ ਦਾ ਖਤਰਾ ਵਧ ਜਾਂਦਾ ਹੈ। ਇਸ ਲਈ ਸਿਹਤ ਵਿਭਾਗ ਵੱਲੋਂ ਨਕਲੀ ਦੁੱਧ ਅਤੇ ਇਸ ਤੋਂ ਬਣੇ ਪਦਾਰਥਾਂ ਦੀ ਵਿਕਰੀ ਰੋਕਣ ਲਈ ਵਿਸ਼ੇਸ਼ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ।ਇਸ ਮੌਕੇ ਜ਼ਿਲਾ ਸਿਹਤ ਅਫ਼ਸਰ ਡਾ. ਜਸਪ੍ਰੀਤ ਸਿੰਘ ਗਿੱਲ ਅਤੇ ਫੂਡ ਸੇਫਟੀ ਅਫਸਰ ਜਸਵਿੰਦਰ ਸਿੰਘ ਨੇ ਦੱਸਿਆ ਕਿ 20 ਅਗਸਤ ਤੋਂ ਦੁੱਧ ਦੇ ਸੈਂਪਲ ਭਰਨ ਦੀ ਮੁਹਿੰਮ ਚਲਾਈ ਗਈ ਹੈ। 

ਇਸ ਅਧੀਨ ਦੁੱਧ ਦੀਆਂ ਡੇਅਰੀਆਂ ਅਤੇ ਦੁਕਾਨਾਂ ਤੋਂ ਰੋਜ਼ਾਨਾ ਸੈਂਪਲ ਲਏ ਜਾ ਰਹੇ ਹਨ। ਉਨਾਂ ਦੱਸਿਆ ਕਿ 20 ਅਗਸਤ ਤੋਂ ਹੁਣ ਤੱਕ 12 ਸੈਂਪਲ ਲਏ ਜਾ ਚੁੱਕੇ ਹਨ ਤੇ ਟੈਸਟਿੰਗ ਲਈ ਸਟੇਟ ਫੂਡ ਲੈਬ ਵਿੱਚ ਭੇਜ ਦਿੱਤੇ ਗਏ ਹਨ। ਉਨਾਂ ਦੱਸਿਆ ਕਿ ਜੇਕਰ ਕੋਈ ਸੈਂਪਲ ਨਤੀਜੇ ਵਜੋਂ ਮਿਲਾਵਟੀ  ਪਾਇਆ ਗਿਆ ਤਾਂ ਫੂਡ ਸੇਫ਼ਟੀ ਅਤੇ ਸਟੈਂਡਰਡ ਐਕਟ 2006 ਤਹਿਤ ਸਖ਼ਤ ਕਾਰਵਾਈ ਕੀਤੀ ਜਾਵੇਗੀ।