5 Dariya News

ਸਿਹਤ ਵਿਭਾਗ ਦੁੱਧ ਵਿੱਚ ਮਿਲਾਵਟ ਖ਼ਿਲਾਫ਼ ਦੂਸਰੇ ਦਿਨ ਵੀ ਮੁਹਿੰਮ ਜਾਰੀ

5 Dariya News

ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) 21-Aug-2022

ਪਸ਼ੂਆਂ (ਗਾਵਾਂ) ਵਿੱਚ ਫੈਲੀ ਲੰਪੀ ਸਕਿਨ (ਧੱਫ਼ੜੀ) ਬਿਮਾਰੀ ਦੇ ਮੱਦੇਨਜ਼ਰ ਪਸ਼ੂਆਂ ’ਚ ਦੁੱਧ ਘਟਣ ਬਾਅਦ ਮਾਰਕੀਟ ’ਚ ਦੁੱਧ ਦੀ ਮੰਗ ਨੂੰ ਹੋਰ ਗੈਰ-ਕਾਨੂੰਨੀ ਢੰਗਾਂ ਨਾਲ ਪੂਰਾ ਕਰਨ ਅਤੇ ਮਿਲਾਵਟ ਤੋਂ ਰੋਕਣ ਲਈ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ’ਤੇ ‘ਮਿਸ਼ਨ ਤੰਦਰੁਸਤ ਪੰਜਾਬ’ ਅਧੀਨ ਫੂਡ ਐਂਡ ਡਰੱਗਜ਼ ਐਡਮਿਨਿਸਟ੍ਰੇਸ਼ਨ ਪੰਜਾਬ ਵੱਲੋਂ ਸ਼ਨਿੱਚਰਵਾਰ ਆਰੰਭੀ ਮੁਹਿੰਮ ਨੂੰ ਲਗਾਤਾਰ ਦੂਸਰੇ ਦਿਨ ਜਾਰੀ ਰੱਖਦਿਆਂ ਸੰਯੁਕਤ ਕਮਿਸ਼ਨਰ (ਫੂਡ ਸੇਫਟੀ) ਮਨੋਜ ਖੋਸਲਾ ਅਤੇ ਫੂਡ ਸੇਫਟੀ ਅਫ਼ਸਰ ਦਿਨੇਸ਼ਜੀਤ ਸਿੰਘ ਨੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿੱਚ ਵੱਖ-ਵੱਖ ਦੁੱਧ ਡੇਅਰੀਆਂ, ਦੁੱਧ ਸਪਲਾਈ ਕਰਨ ਵਾਲੀਆਂ ਗੱਡੀਆਂ, ਟੈਂਕਰਾਂ ਵਿੱਚ ਲਿਜਾਏ ਜਾ ਰਹੇ ਦੁੱਧ ਦੀ ਚੈਕਿੰਗ ਕਰਦੇ ਹੋਏ ਦੁੱਧ ਦੇ 5 ਸੈਂਪਲ ਭਰਕੇ ਨਿਰੀਖਣ ਹਿੱਤ ਪੰਜਾਬ ਸਟੇਟ ਫੂਡ ਲੈਬ ਖਰੜ ਵਿਖੇ ਭੇਜੇ।

ਸ੍ਰੀ ਖੋਸਲਾ ਨੇ ਦੱਸਿਆ ਕਿ ਵਿਭਾਗ ਦੇ ਧਿਆਨ ਵਿੱਚ ਆਇਆ ਹੈ ਕਿ ਮੌਜੂਦਾ ਸਮੇਂ ਗਾਂਵਾਂ ਦੀ ਬਿਮਾਰੀ ਕਾਰਨ ਦੁੱਧ ਦੀ ਪੈਦਾਵਾਰ 60 ਫੀਸਦੀ ਘੱਟ  ਗਈ ਹੈ, ਪਰ ਦੁੱਧ ਦੀ ਮਿਕਦਾਰ/ਸਪਲਾਈ ਅਜੇ ਵੀ ਉਸੇ ਤਰ੍ਹਾਂ ਹੀ ਹੋ ਰਹੀ ਹੈ, ਜਿਸ ਤੋਂ ਜਾਪਦਾ ਹੈ ਕਿ ਦੁੱਧ ਵਿੱਚ ਮਿਲਾਵਟ ਹੋ ਸਕਦੀ ਹੈ। ਜਿਸ ਤਹਿਤ ਵਿਭਾਗ ਨੇ ਚੌਕਸੀ ਵਰਤਦੇ ਹੋਏ ਦੁੱਧ ਦੀ ਚੈਕਿੰਗ ਸਬੰਧੀ ਵੱਡੇ ਵੱਧਰ ’ਤੇ ਮੁਹਿੰਮ ਆਰੰਭੀ ਹੈ, ਤਾਂ ਜੋ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਹੋ ਸਕੇ।ਫੂਡ ਸੇਫਟੀ ਅਫ਼ਸਰ ਦਿਨੇਸ਼ਜੀਤ ਸਿੰਘ ਨੇ ਦੱਸਿਆ ਕਿ ਇਹ ਮੁਹਿੰਮ ਅਗਲੇ ਦਿਨਾਂ ’ਚ ਵੀ ਜਾਰੀ ਰਹੇਗੀ ਅਤੇ ਮਿਲਾਵਟ ਸਾਬਿਤ ਹੋਣ ’ਤੇ ਦੋਸ਼ੀਆਂ ਖਿਲਾਫ਼ ਫੂਡ ਸੇਫਟੀ ਐਕਟ ਅਧੀਨ ਬਣਦੀ ਕਾਰਵਾਈ ਕੀਤੀ ਜਾਵੇਗੀ।