5 Dariya News

ਰੋਜ਼ਗਾਰ ਬਿਊਰੋ ਵੱਲੋਂ ਬਾਘਾਪੁਰਾਣਾ ਵਿਖੇ ਪਲੇਸਮੈਂਟ ਅਤੇ ਸਵੈ-ਰੋਜ਼ਗਾਰ ਕੈਂਪ ਆਯੋਜਤ

142 ਪ੍ਰਾਰਥੀਆਂ ਨੇ ਕੀਤੀ ਸ਼ਿਰਕਤ, 35 ਦੀ ਰੋਜ਼ਗਾਰ ਲਈ ਚੋਣ

5 Dariya News

ਬਾਘਾਪੁਰਾਣਾ (ਮੋਗਾ) 18-Aug-2022

ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਮੋਗਾ ਵੱਲੋਂ ਤਹਿਸੀਲ ਬਾਘਾਪੁਰਾਣਾ ਵਿੱਚ ਪਲੇਸਮੈਂਟ ਅਤੇ ਸਵੈ-ਰੋਜ਼ਗਾਰ ਕੈਂਪ ਦਾ ਆਯੋਜਨ ਕੀਤਾ ਗਿਆ, ਇਸ ਕੈਂਪ ਦਾ ਆਗਾਜ਼ ਵਿਧਾਇਕ ਬਾਘਾ-ਪੁਰਾਣਾ ਅੰਮ੍ਰਿਤਪਾਲ ਸਿੰਘ ਵੱਲੋਂ ਕੀਤਾ ਗਿਆ। ਉਨ੍ਹਾਂ ਵੱਲੋਂ ਬੇਰੁਜ਼ਗਾਰ ਪ੍ਰਾਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ, ਆਪਣੀ ਯੋਗਤਾ ਅਨੁਸਾਰ ਉਪਲੱਬਧ ਨੌਕਰੀਆਂ ਕਰਨ ਅਤੇ ਸਵੈ-ਰੋਜ਼ਗਾਰ ਦੇ ਕਿੱਤਿਆਂ ਨੂੰ ਅਪਣਾਉਣ ਸਬੰਧੀ ਪ੍ਰੇਰਿਤ ਕੀਤਾ ਗਿਆ ਤਾਂ ਜੋ ਨੌਜਵਾਨ ਨਸ਼ਿਆਂ ਨੂੰ ਛੱਡ ਕੇ ਆਪਣਾ ਭਵਿੱਖ ਬਣਾ ਸਕਣ।

ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅਫ਼ਸਰ ਮੋਗਾ ਸ੍ਰੀਮਤੀ ਪਰਮਿੰਦਰ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਕੈਂਪ ਵਿੱਚ ਆਰਤੀ ਇੰਟਰਨੈਸ਼ਨਲ ਲਿਮ. ਕੰਪਨੀ ਲੁਧਿਆਣਾ ਅਤੇ ਸੱਤਿਆ ਮਾਈਕਰੋ ਫਾਈਨਾਂਸ ਲੁਧਿਆਣਾ ਵੱਲੋਂ ਬੇਰੋਜ਼ਗਾਰ ਪ੍ਰਾਰਥੀਆਂ ਦੀ ਰੋਜ਼ਗਾਰ ਲਈ ਚੋਣ ਕੀਤੀ ਗਈ। ਇਸ ਕੈਂਪ ਵਿੱਚ ਲਗਭਗ 142 ਦੇ ਕਰੀਬ ਬੇਰੋਜ਼ਗਾਰ ਪ੍ਰਾਰਥੀਆਂ ਨੇ ਨੌਕਰੀ ਸਬੰਧੀ ਆਪਣੀ ਇੰਟਰਵਿਊ ਦਿੱਤੀ 

ਜਿਸ ਵਿੱਚੋਂ ਆਰਤੀ ਇੰਟਰਨੈਸ਼ਨਲ ਲਿਮਟਿਡ ਕੰਪਨੀ ਲੁਧਿਆਣਾ ਵੱਲੋਂ ਪੰਜਵੀਂ,ਅੱਠਵੀਂ,ਦਸਵੀਂ ਅਤੇ ਬਾਰ੍ਹਵੀਂ ਪਾਸ 13 ਪ੍ਰਾਰਥਣਾਂ ਦੀ ਅਤੇ ਸੱਤਿਆ ਮਾਈਕਰੋ ਫਾਇਨਾਂਸ ਪ੍ਰਾਈਵੇਟ ਲਿਮਟਿਡ ਕੰਪਨੀ ਵੱਲੋਂ  ਬਾਰ੍ਹਵੀਂ ਅਤੇ ਗ੍ਰੈਜੂਏਟ ਪਾਸ 22 ਪ੍ਰਾਰਥੀਆਂ ਦੀ ਮੌਕੇ 'ਤੇ ਚੋਣ ਕੀਤੀ ਗਈ। ਇਸ ਤੋਂ ਇਲਾਵਾ ਦਫ਼ਤਰ ਜ਼ਿਲ੍ਹਾ ਉਦਯੋਗ ਕੇਂਦਰ ਮੋਗਾ ਅਤੇ ਐੱਸ.ਸੀ.ਐਸ.ਟੀ. ਕਾਰਪੋਰੇਸ਼ਨ ਮੋਗਾ ਵੱਲੋਂ ਪ੍ਰਾਰਥੀਆਂ ਨੂੰ ਸਵੈ-ਰੋਜ਼ਗਾਰ ਕਰਨ ਸਬੰਧੀ ਪ੍ਰੇਰਿਤ ਕੀਤਾ ਗਿਆ। ਕੈਂਪ ਵਿੱਚ ਮੌਕੇ ਤੇ ਸਵੈ-ਰੋਜ਼ਗਾਰ ਦੇ ਇਛੁੱਕ ਪ੍ਰਾਰਥੀਆਂ ਦੀਆਂ ਲੋਨ ਸਬੰਧੀ  ਅਰਜੀਆਂ ਵੀ ਪ੍ਰਾਪਤ ਕੀਤੀਆਂ ਗਈਆਂ।