5 Dariya News

ਲੋਕਾਂ ਨੂੰ ਘਰਾਂ ਦੇ ਨੇੜੇ ਬਿਹਤਰੀਨ ਇਲਾਜ ਸਹੂਲਤਾਂ ਮੁਹੱਈਆ ਕਰਵਾਉਣਗੇ ਆਮ ਆਦਮੀ ਕਲੀਨਿਕ : ਵਿਸ਼ੇਸ਼ ਸਾਰੰਗਲ

ਭੰਡਾਲ ਬੇਟ ਤੇ ਸੂਜੋਕਾਲੀਆ ਵਿਖੇ ਆਮ ਆਦਮੀ ਕਲੀਨਿਕਾਂ ਦਾ ਉਦਘਾਟਨ

5 Dariya News

ਕਪੂਰਥਲਾ 15-Aug-2022

ਪੰਜਾਬ ਸਰਕਾਰ ਵਲੋਂ 75ਵੇਂ ਆਜ਼ਾਦੀ ਦੇ ਅੰਮ੍ਰਿਤ ਮਹਾਂ ਉਤਸਵ ਨੂੰ ਸਮਰਪਿਤ ਤੇ ਲੋਕ ਹਿਤਾਂ ਨੂੰ ਮੁੱਖ ਰੱਖਦਿਆਂ   ਅੱਜ ਡਿਪਟੀ ਕਮਿਸ਼ਨਰ ਕਪੂਰਥਲਾ ਸ੍ਰੀ ਵਿਸ਼ੇਸ਼ ਸਾਰੰਗਲ ਵੱਲੋਂ 2 ਆਮ ਆਦਮੀ ਕਲੀਨਿਕਾਂ ਦਾ ਉਦਘਾਟਨ ਕੀਤਾ ਗਿਆ ।ਉਨਾਂ ਭੰਡਾਲ ਬੇਟ ਤੇ ਸੂਜੋਕਾਲੀਆ ਵਿਖੇ ਆਮ ਆਦਮੀ ਕਲੀਨਿਕਾਂ ਦਾ ਉਦਘਾਟਨ ਮੌਕੇ ਕਿਹਾ ਕਿ ਪੰਜਾਬ ਸਰਕਾਰ ਦਾ ਇਹ ਕਦਮ ਲੋਕਾਂ ਨੂੰ ਉਨਾਂ ਦੀਆਂ ਬਰੂਹਾਂ ਤੇ ਬਿਹਤਰੀਨ ਇਲਾਜ ਸਹੂਲਤਾਂ ਮੁਹੱਈਆ ਕਰਵਾਉਣਗੇ ।

ਡਿਪਟੀ ਕਮਿਸ਼ਨਰ ਕਪੂਰਥਲਾ ਸ੍ਰੀ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਜਿਲੇ ਵਿੱਚ ਪਹਿਲੇ ਪੜਾਅ ਤਹਿਤ ਕੁੱਲ 5 ਆਮ ਆਦਮੀ ਕਲੀਨਿਕ ਖੋਲੇ ਜਾਣਗੇ ਜਿਸ ਤਹਿਤ ਸੂਜੋਕਾਲੀਆ ਤੇ ਭੰਡਾਲ ਬੇਟ ਵਿਖੇ ਕਲੀਨਿਕ ਅੱਜ ਸ਼ੁਰੂ ਕੀਤੇ ਗਏ ਹਨ ।ਇਨ੍ਹਾਂ ਕਲੀਨਿਕ ਵਿੱਚ ਓਪੀਡੀ ਸੇਵਾਵਾਂ, ਟੀਕਾਕਰਨ ਦੀਆਂ ਸਹੂਲਤਾਂ, ਜੱਚਾ ਬੱਚਾ ਸੇਵਾਵਾਂ, ਪਰਿਵਾਰ ਨਿਯੋਜਨ ਦੀਆਂ ਸਹੂਲਤਾਂ, ਮੁਫ਼ਤ ਲੈਬ ਟੈਸਟ, ਮੁਫ਼ਤ ਦਵਾਈਆਂ ਉਪਲਬਧ ਕਰਵਾਈਆਂ ਜਾਣਗੀਆਂ।

ਉਨਾਂ ਲੋਕਾਂ ਨੂੰ ਕਿਹਾ ਕਿ ਇੰਨਾਂ ਕਲੀਨਿਕਾਂ ਰਾਹੀਂ ਇਲਾਜ ਸਹੂਲਤਾਂ ਦਾ ਵੱਧ ਤੋਂ ਵੱਧ ਲਾਭ ਲੈਣ ਕਿਉਂਕਿ ਕਲੀਨਿਕ ਵਿੱਚ 41 ਤਰਾਂ ਦੇ ਟੈਸਟ ਮੁਫ਼ਤ ਹੋਣਗੇ ।ਡਿਪਟੀ ਕਮਿਸ਼ਨਰ ਵੱਲੋਂ ਇਸ ਮੌਕੇ ਦਵਾਈਆਂ ਦੇ ਸਟਾਕ , ਮੈਡੀਕਲ ਟੈਸਟਾਂ ਦੀ ਸਹੂਲਤ ਦਾ ਜਾਇਜ਼ਾ ਲਿਆ ਤੇ ਦਵਾਈ ਲੈਣ ਆਏ ਲੋਕਾਂ ਨਾਲ ਗੱਲ-ਬਾਤ ਕੀਤੀ । ਲੋਕਾਂ ਨੇ ਪੰਜਾਬ ਸਰਕਾਰ ਦੇ ਇੰਨਾਂ ਯਤਨਾਂ ਦੀ ਭਰਵੀਂ ਸ਼ਲਾਘਾ ਕੀਤੀ ।

ਉਨਾਂ ਸੂਜੋਕਾਲੀਆ ਵਿਖੇ ਵੀ ਪਿੰਡ ਵਾਸੀਆਂ ਤੇ ਦਵਾਈ ਲੈਣ ਆਏ ਲੋਕਾਂ ਨਾਲ ਗੱਲ-ਬਾਤ ਕੀਤੀ ਤੇ ਉਨਾਂ ਨੂੰ ਕਲੀਨਿਕਾਂ ਰਾਹੀਂ ਵੱਧ ਤੋਂ ਵੱਧ ਸੇਵਾਵਾਂ ਲੈਣ ਦਾ ਸੱਦਾ ਦਿੱਤਾ । ਕਲੀਨਿਕ ਵਿਖੇ ਮਰੀਜ਼ ਦਾ ਪੂਰਾ ਕਲੀਨੀਕਲ ਡਾਟਾ ਹੋਵੇਗਾ ਜਿਸ ਤਹਿਤ ਉਹ ਪੂਰੇ ਪੰਜਾਬ ਵਿੱਚ ਕਿਸੇ ਵੀ ਕਲੀਨਿਕ ਤੋਂ ਇਲਾਜ ਕਰਵਾ ਸਕਦਾ ਹੈ ।ਕਲੀਨਿਕ ਦਾ ਸਮਾਂ ਸਵੇਰੇ 8 ਤੋਂ 2 ਵਜੇ ਤੱਕ ਹੋਵੇਗਾ , ਜਿੱਥੇ ਮੈਡੀਕਲ ਅਫਸਰ, ਕਲੀਨੀਕਲ ਸਹਾਇਤਾ ਲਈ ਸਟਾਫ਼ , ਫਾਰਮਾਸਿਸਟ ਤੇ ਚੌਥਾ ਦਰਜ ਕਰਮਚਾਰੀ ਵੀ ਤਾਇਨਾਤ ਹਨ ।

ਇਸ ਮੌਕੇ ਆਮ ਆਦਮੀ ਪਾਰਟੀ ਦੇ ਸੁਲਤਾਨਪੁਰ ਲੋਧੀ ਤੋਂ ਆਗੂ ਸੱਜਣ ਸਿੰਘ ਚੀਮਾ, ਗੁਰਸ਼ਰਨ ਸਿੰਘ ਕਪੂਰ , ਗੁਰਪਾਲ ਸਿੰਘ ਇੰਡੀਅਨ , ਪਰਮਿੰਦਰ ਸਿੰਘ ਢੋਟ , ਸਿਵਲ ਸਰਜਨ , ਟਿੱਬਾ ਹਸਪਤਾਲ ਦੇ ਐਸ ਐਮ ਓ ਡਾ ਮੋਹਨਪ੍ਰੀਤ ਸਿੰਘ ,ਡਾ. ਰਾਜੀਵ ਭਗਤ ,  ਡਾ ਸੰਦੀਪ ਭੋਲ਼ਾ , ਡਾ ਪਰਾਸ਼ਰ ਤੇ ਹੋਰ ਹਾਜ਼ਰ ਸਨ ।