ਲੋਕਾਂ ਨੂੰ ਉਨ੍ਹਾਂ ਦੇ ਦਰਾ ਤੇ ਮਿਆਰੀ ਸਿਹਤ ਸੁਵਿਧਾਵਾਂ ਦੇਣ ਦੀ ਦਿਸ਼ਾ ਵਿੱਚ ਆਮ ਆਦਮੀ ਕਲੀਨਿਕ ਮੀਲ ਪੱਥਰ ਸਾਬਿਤ ਹੋਣਗੇ : ਬ੍ਰਹਮ ਸ਼ੰਕਰ
ਐਸ.ਏ.ਐਸ ਨਗਰ ਫੇਜ-5 ਵਿਖੇ ਬਣੇ ਆਮ ਆਦਮੀ ਕਲੀਨਿਕ ਨੂੰ ਮਾਲ ਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਮੰਤਰੀ ਵੱਲੋਂ ਕੀਤਾ ਗਿਆ ਲੋਕ ਅਰਪਣ
5 Dariya News
ਐਸ.ਏ.ਐਸ ਨਗਰ 15-Aug-2022
75ਵੀਂ ਆਜ਼ਾਦੀ ਵਰੇਗੰਢ ਮੌਕੇ ਜ਼ਿਲ੍ਹਾ ਐਸ.ਏ.ਐਸ ਨਗਰ ਫੇਜ਼-5 ਵਿੱਚ ਆਮ ਆਦਮੀ ਕਲੀਨਿਕ ਲੋਕ ਅਰਪਣ ਕੀਤਾ ਗਿਆ, ਜਿਸ ਦਾ ਉਦਘਾਟਨ ਸੋਮਵਾਰ ਨੂੰ ਪੰਜਾਬ ਦੇ ਮਾਲ ਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਸ੍ਰੀ ਬ੍ਰਹਮ ਸ਼ੰਕਰ ਨੇ ਕੀਤਾ । ਆਮ ਆਦਮੀ ਕਲੀਨਿਕ ਦਾ ਉਦਘਾਟਨ ਕਰਦੇ ਹੋਏ ਸ੍ਰੀ ਬ੍ਰਹਮ ਸ਼ੰਕਰ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਇਸ ਲੋਕ ਹਿਤੈਸ਼ੀ ਉਪਰਾਲੇ ਨਾਲ ਲੋਕਾਂ ਨੂੰ ਇਲਾਜ ਦੀਆਂ ਬਿਹਤਰ ਸੁਵਿਧਾਵਾਂ ਉਨ੍ਹਾਂ ਦੇ ਘਰ ਤੱਕ ਮੁਹੱਈਆ ਕਰਵਾਈਆਂ ਜਾਣਗੀਆਂ।
ਇਹ ਕਲੀਨਿਕ ਓਪੀਡੀ ਸੇਵਾਵਾਂ, ਟੀਕਾਕਰਨ ਸਹੂਲਤਾਂ, ਜਣੇਪਾ ਸੇਵਾਵਾਂ, ਪਰਿਵਾਰ ਨਿਯੋਜਨ ਦੀਆਂ ਸਹੂਲਤਾਂ, ਮੁਫ਼ਤ ਲੈਬ ਟੈਸਟ, ਮੁਫ਼ਤ ਦਵਾਈਆਂ ਆਦਿ ਪ੍ਰਦਾਨ ਕਰਨਗੇ। ਇਸ ਮੌਕੇ ਵਿਧਾਨ ਸਭਾ ਹਲਕਾ ਮੋਹਾਲੀ ਤੋਂ ਵਿਧਾਇਕ ਸ੍ਰੀ ਕੁਲਵੰਤ ਸਿੰਘ ਵਿਸ਼ੇਸ ਤੌਰ ਤੇ ਹਾਜ਼ਰ ਸਨ ।ਜਾਣਕਾਰੀ ਦਿੰਦੇ ਹੋਏ ਸ੍ਰੀ ਬ੍ਰਹਮ ਸ਼ੰਕਰ ਨੇ ਦੱਸਿਆ ਕਿ ਅੱਜ 75ਵੀਂ ਆਜ਼ਾਦੀ ਵਰੇਗੰਢ ਮੌਕੇ ਪੂਰੇ ਸੂਬੇ ਵਿੱਚ 75 ਆਮ ਆਦਮੀ ਕਲੀਨਿਕ ਲੋਕ ਅਰਪਣ ਕੀਤੇ ਗਏ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਚੌਣਾਵੀ ਸਮੇਂ ਦੌਰਾਨ ਲੋਕਾ ਨਾਲ ਕੀਤੇ ਵੱਡੇ ਵਾਅਦੇ ਨੂੰ ਪੂਰਾ ਕਰਦਿਆ ਇਹ ਆਮ ਆਦਮੀ ਕਲੀਨਿਕ ਚਾਰ ਮਹੀਨੇ ਅੰਦਰ ਸ਼ੁਰੂ ਕੀਤੇ ਹਨ ਜੋ ਕਿ ਪੰਜਾਬ ਸਰਕਾਰ ਦੀ ਵੱਡੀ ਕਾਮਯਾਬੀ ਹੈ ।ਸ੍ਰੀ ਬ੍ਰਹਮ ਸ਼ੰਕਰ ਨੇ ਕਲੀਨਿਕ ਵਿੱਚ ਮਿਲਣ ਵਾਲੀਆਂ ਸੁਵਿਧਾਵਾਂ ਬਾਰੇ ਦੱਸਦਿਆ ਕਿਹਾ ਕਿ ਕਲੀਨਿਕ ਵਿੱਚ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਮੈਡੀਕਲ ਅਫ਼ਸਰ, ਕਲੀਨਿਕਲ ਸਹਾਇਕ, ਫਾਰਮਾਸਿਸਟ, ਹੈਲਪਰ ਆਦਿ ਮੌਜੂਦ ਹੋਣਗੇ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਲੀਨਿਕ ਰਾਹੀਂ ਇਲਾਜ ਦੀਆਂ ਸਹੂਲਤਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਕਿਉਂਕਿ ਇਨ੍ਹਾਂ ਕਲੀਨਿਕਾਂ ਵਿੱਚ 41 ਤਰ੍ਹਾਂ ਦੇ ਮੈਡੀਕਲ ਟੈਸਟ ਮੁਫ਼ਤ ਕੀਤੇ ਜਾਣਗੇ। ਇਸ ਮੌਕੇ ਡਿਪਟੀ ਕਮਿਸ਼ਨਰ ਐਸ.ਏ.ਐਸ ਨਗਰ ਸ੍ਰੀ ਅਮਿਤ ਤਲਵਾੜ, ਸੀਨੀਅਰ ਪੁਲਿਸ ਕਪਤਾਨ ਸ੍ਰੀ ਵਿਵੇਕਸ਼ੀਲ ਸੋਨੀ, ਐਸ.ਡੀ.ਐਮ ਸ੍ਰੀਮਤੀ ਸਰਬਜੀਤ ਕੌਰ, ਸਿਵਲ ਸਰਜ਼ਨ ਸ੍ਰੀਮਤੀ ਆਦਰਸ਼ਪਾਲ ਕੌਰ, ਆਮ ਆਦਮੀ ਪਾਰਟੀ ਦੇ ਆਗੂ ਹਰਸੁਖਇੰਦਰ ਸਿੰਘ ਬੱਬੀ ਬਾਦਲ ਤੋਂ ਇਲਾਵਾ ਹੋਰ ਪ੍ਰਸ਼ਾਸਨਿਕ ਅਧਿਕਾਰੀ ਵਿਸ਼ੇਸ ਤੌਰ ਤੇ ਹਾਜ਼ਰ ਸਨ।