5 Dariya News

ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਕਾਦੀਆਂ ਵਿੱਚ ‘ਬਟਵਾਰੇ ਦੀ ਭਿਆਨਕਤਾ ਯਾਦ ਦਿਵਸ’ ਮਨਾਇਆ ਗਿਆ

1947 ਦੇ ਬਟਵਾਰੇ ਦੌਰਾਨ ਜਾਨਾਂ ਗੁਵਾਉਣ ਵਾਲੇ ਭਾਰਤੀਆਂ ਨੂੰ ਯਾਦ ਕੀਤਾ

5 Dariya News

ਬਟਾਲਾ 14-Aug-2022

ਉਦਯੋਗਿਕ ਸਿਖਲਾਈ ਵਿਭਾਗ ਪੰਜਾਬ ਵੱਲੋ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਸੰਨ 1947 ਦੇ ਭਾਰਤ-ਪਾਕਿਸਤਾਨ ਬਟਵਾਰੇ ਦੇ ਦੁਖਾਂਤ ਵਿੱਚ ਜਾਨਾਂ ਗੁਵਾਉਣ ਵਾਲੇ ਪੰਜਾਬੀਆਂ ਨੂੰ ਯਾਦ ਕਰਨ ਲਈ ਅੱਜ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਕਾਦੀਆਂ ਵਿੱਚ ‘ਬਟਵਾਰੇ ਦੀ ਭਿਆਨਕਤਾ ਯਾਦ ਦਿਵਸ’ ਸਬੰਧੀ ਵਿਸ਼ੇਸ਼ ਸਮਾਗਮ ਕੀਤਾ ਗਿਆ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸੀਨੀਅਰ ਆਗੂ ਜਗਰੂਪ ਸਿੰਘ ਸੇਖਵਾਂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਤੋਂ ਇਲਾਵਾ ਡਾਕਟਰ ਨਰੇਸ਼ ਕੁਮਾਰ ਅਸਿਸਟੈਂਟ ਪ੍ਰੋਫੈਸਰ ਪੰਜਾਬੀ ਅਤੇ ਡੋਗਰੀ ਵਿਭਾਗ, ਹਿਮਾਚਲ ਪ੍ਰਦੇਸ਼ ਕੇਂਦਰੀ ਯੂਨੀਵਰਸਿਟੀ, ਧਰਮਸ਼ਾਲਾ ਨੇ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰੀ ਭਰੀ।

ਸੰਸਥਾ ਦੇ ਪ੍ਰਿੰਸੀਪਲ ਸ੍ਰੀ ਤਜਿੰਦਰ ਸਿੰਘ ਵੋਹਰਾ ਨੇ ਆਏ ਮਹਿਮਾਨਾਂ ਦਾ ਸੁਆਗਤ ਕਰਦੇ ਹੋਏ ਦੱਸਿਆ ਕਿ ਜਿਥੇ ਸਮੂਹ ਦੇਸ਼ ਵਾਸੀ 15 ਅਗਸਤ ਨੂੰ ਅਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾ ਰਹੇ ਹਨ ਓਥੇ ਭਾਰਤ ਸਰਕਾਰ ਅਤੇ ਰਾਜ ਸਰਕਾਰ ਦੇ ਨਿਰਦੇਸ਼ਾਂ ਤਹਿਤ 14 ਅਗਸਤ ਨੂੰ ਬਟਵਾਰੇ ਦੀ ਭਿਆਨਕਤਾ ਯਾਦ ਦਿਵਸ ਵਜੋਂ ਮਨਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਸੰਨ 1947 ਦੀ ਵੰਡ ਵੇਲੇ ਲੱਖਾਂ ਲੋਕ ਆਪਣੀ ਜਾਨ ਤੋਂ ਹੱਥ ਧੋ ਬੈਠੇ ਸਨ ਜਦਕਿ ਬਹੁਤ ਵੱਡੀ ਅਬਾਦੀ ਨੂੰ ਆਪਣੇ ਘਰਾਂ ਤੋਂ ਉੱਜੜ ਕੇ ਪਰਵਾਸ ਕਰਨਾ ਪਿਆ ਸੀ। ਵੰਡ ਦੇ ਉਸ ਦੁਖਾਂਤ ਨੂੰ ਯਾਦ ਕਰਨ ਲਈ ਅੱਜ ‘ਬਟਵਾਰੇ ਦੀ ਭਿਆਨਕਤਾ’ ਬਾਰੇ ਨੌਜਵਾਨਾਂ ਨੂੰ ਦੱਸਣ ਲਈ ਸਮਾਗਮ ਕੀਤਾ ਗਿਆ ਹੈ।

ਇਸ ਮੌਕੇ ਜਗਰੂਪ ਸਿੰਘ ਸੇਖਵਾਂ ਨੇ ਕਿਹਾ ਕਿ ਸਾਡੇ ਪੁਰਖਿਆਂ ਨੂੰ ਅਜ਼ਾਦੀ ਹਾਸਲ ਕਰਨ ਲਈ ਵੱਡਾ ਮੁੱਲ ਤਾਰਨਾ ਪਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਸੰਨ 1947 ਵਿੱਚ ਧਰਮ ਦੇ ਅਧਾਰ ’ਤੇ ਭਾਰਤ-ਪਾਕਿਸਤਾਨ ਦੀ ਵੰਡ ਕੀਤੀ ਗਈ ਤਾਂ ਇਸ ਮੌਕੇ ਲੱਖਾਂ ਲੋਕਾਂ ਆਪਣੇ ਘਰ-ਬਾਰ ਛੱਡ ਕੇ ਬੇਘਰ ਹੋਣਾ ਪਿਆ ਸੀ ਅਤੇ ਸਭ ਤੋਂ ਭਿਆਨਕ ਬਹੁਤ ਸਾਰੇ ਲੋਕਾਂ ਦੀ ਫਸਾਦਾਂ ਵਿੱਚ ਜਾਨ ਤੱਕ ਚਲੀ ਗਈ। ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਜਿਥੇ ਅਜ਼ਾਦੀ ਦੇ ਜਸ਼ਨ ਮਨਾਉਣੇ ਚਾਹੀਦੇ ਹਨ ਓਥੇ ਬਟਵਾਰੇ ਸਮੇਂ ਆਪਣੀਆਂ ਜਾਨਾਂ ਗੁਵਾਉਣ ਵਾਲੇ ਭਾਰਤੀਆਂ ਨੂੰ ਵੀ ਯਾਦ ਕਰਨਾ ਚਾਹੀਦਾ ਹੈ।  

ਸਮਾਗਮ ਦੌਰਾਨ ਡਾ. ਨਰੇਸ਼ ਕੁਮਾਰ ਅਸਿਸਟੈਂਟ ਪ੍ਰੋਫੈਸਰ ਪੰਜਾਬੀ ਅਤੇ ਡੋਗਰੀ ਵਿਭਾਗ, ਹਿਮਾਚਲ ਪ੍ਰਦੇਸ਼ ਕੇਂਦਰੀ ਯੂਨੀਵਰਸਿਟੀ, ਧਰਮਸ਼ਾਲਾ ਨੇ ਪੰਜਾਬੀ ਸਾਹਿਤ ਦੇ ਹਵਾਲੇ ਨਾਲ 1947 ਦੇ ਬਟਵਾਰੇ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ। ਸਮਾਗਮ ਦੇ ਅਖੀਰ ਵਿੱਚ 75ਵਾਂ ਅਜ਼ਾਦੀ ਕਾ ਅੰਮ੍ਰਿਤ ਮਹਾਂਉਤਸਵ ਨੂੰ ਸਮਰਪਿਤ ਆਈ.ਟੀ.ਆਈ. ਕਾਦੀਆਂ ਵਿਖੇ ਜਗਰੂਪ ਸਿੰਘ ਸੇਖਵਾਂ ਅਤੇ ਹੋਰ ਮਹਿਮਾਨਾਂ ਵੱਲੋਂ ਪੌਦੇ ਲਗਾਏ ਗਏ।