5 Dariya News

ਵਿਧਾਇਕ ਮਦਨ ਲਾਲ ਬੱਗਾ ਅਤੇ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਵੱਲੋਂ 15 ਅਗਸਤ ਮੌਕੇ ਮੁੱਖ ਮੰਤਰੀ ਵੱਲੋਂ ਸੁ਼ਰੂ ਕੀਤੇ ਜਾਣ ਵਾਲੇ ਆਮ ਆਦਮੀ ਕਲੀਨਿਕ ਦਾ ਜਾਇਜ਼ਾ

5 Dariya News

ਲੁਧਿਆਣਾ 13-Aug-2022

ਵਿਧਾਨ ਸਭਾ ਹਲਕਾ ਲੁਧਿਆਣਾ ਉੱਤਰੀ ਦੇ ਵਿਧਾਇਕ ਮਦਨ ਲਾਲ ਬੱਗਾ ਅਤੇ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਵੱਲੋਂ ਅੱਜ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਮਾਨ ਵੱਲੋਂ 15 ਅਗਸਤ ਨੂੰ ਚਾਂਦ ਸਿਨੇਮਾ ਨੇੜੇ ਆਮ ਆਦਮੀ ਕਲੀਨਿਕ ਦੇ ਉਦਘਾਟਨ ਦੇ ਪ੍ਰਬੰਧਾਂ ਨੂੰ ਅੰਤਿਮ ਰੂਪ ਦਿੱਤਾ।

ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਅਮਿਤ ਕੁਮਾਰ ਪੰਚਾਲ ਦੇ ਨਾਲ ਵਿਧਾਇਕ ਬੱਗਾ ਅਤੇ ਡਿਪਟੀ ਕਮਿਸ਼ਨਰ ਸ੍ਰੀਮਤੀ ਮਲਿਕ ਨੇ ਦੱਸਿਆ ਕਿ ਕਲੀਨਿਕ ਵਿਖੇ ਬੁਨਿਆਦੀ ਢਾਂਚਾ, ਸਾਜ਼ੋ-ਸਾਮਾਨ ਅਤੇ ਹੋਰਾਂ ਤੋਂ ਇਲਾਵਾ ਸਿਹਤ ਸੁਵਿਧਾ ਨੂੰ ਚਲਾਉਣ ਲਈ ਸਟਾਫ ਦੀ ਨਿਯੁਕਤੀ ਸਮੇਤ ਸਾਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ। 

ਉਨ੍ਹਾਂ ਦੱਸਿਆ ਕਿ ਗੁਰੂ ਨਾਨਕ ਸਟੇਡੀਅਮ ਵਿਖੇ ਰਾਜ ਪੱਧਰੀ 76ਵੇਂ ਸੁਤੰਤਰਤਾ ਦਿਵਸ ਸਮਾਗਮ ਦੀ ਪ੍ਰਧਾਨਗੀ ਕਰਨ ਉਪਰੰਤ ਮੁੱਖ ਮੰਤਰੀ ਸ. ਭਗਵੰਤ ਮਾਨ ਸੂਬੇ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਸਮਰਪਿਤ ਕਰਨਗੇ।ਵਿਧਾਇਕ ਬੱਗਾ ਅਤੇ ਡਿਪਟੀ ਕਮਿਸ਼ਨਰ ਮਲਿਕ ਨੇ ਸਮਾਗਮ ਦੇ ਪੁਖਤਾ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਲਈ ਅਧਿਕਾਰੀਆਂ ਨੂੰ ਲੋੜੀਂਦੇ ਨਿਰਦੇਸ਼ ਵੀ ਦਿੱਤੇ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਵਿਉਂਤਬੰਦੀ ਕਰਦਿਆਂ ਉਹ ਆਪਣੀ ਡਿਊਟੀ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣ।

ਜਿਕਰਯੋਗ ਹੈ ਕਿ 15 ਅਗਸਤ ਮੌਕੇ ਲੁਧਿਆਣਾ ਵਿੱਚ ਇਹ 9 ਆਮ ਆਦਮੀ ਕਲੀਨਿਕ ਖੋਲੇ ਜਾ ਰਹੇ ਹਨ ਜਿਨ੍ਹਾਂ ਵਿੱਚ ਕਿਦਵਈ ਨਗਰ ਦੇ ਨਾਲ ਲੱਗਦੇ ਸੂਫੀਆਂ ਚੌਂਕ, ਨਗਰ ਨਿਗਮ ਦਫ਼ਤਰ ਮੈਟਰੋ ਰੋਡ, ਨਗਰ ਨਿਗਮ ਦਫ਼ਤਰ ਨੇੜੇ ਚਾਂਦ ਸਿਨੇਮਾ, ਬੀ.ਐਸ.ਯੂ.ਪੀ. ਫਲੈਟ ਦੇ ਨਾਲ ਢੰਡਾਰੀ ਕਲਾਂ, ਜੀ.ਕੇ. ਐਨਕਲੇਵ ਕੇਹਰ ਸਿੰਘ ਕਲੋਨੀ (ਖੰਨਾ), ਮਿਉਂਸੀਪਲ ਕਮੇਟੀ, ਬੱਸ ਸਟੈਂਡ (ਰਾਏਕੋਟ), ਟ੍ਰਾਂਸਪੋਰਟ ਨਗਰ, ਪੀ.ਐਸ.ਪੀ.ਸੀ.ਐਲ. ਦਫ਼ਤਰ ਦੀ ਇਮਾਰਤ ਫੋਕਲ ਪੁਆਇੰਟ ਅਤੇ ਪੁਰਾਣਾ ਹਸਪਤਾਲ, ਰਾਏਕੋਟ ਰੋਡ, ਜਗਰਾਉਂ ਸ਼ਾਮਲ ਹਨ।