5 Dariya News

ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਵੱਲੋਂ 15 ਅਗਸਤ ਤੋ ਖੁੱਲ੍ਹਣ ਜਾ ਰਹੇ ਆਮ ਆਦਮੀ ਕਲੀਨਿਕਾਂ ਦੀ ਤਿਆਰੀਆਂ ਦਾ ਜਾਇਜ਼ਾ

ਕਿਹਾ, ਆਮ ਆਦਮੀ ਕਲੀਨਿਕ ਖੁੱਲਣ ਨਲ ਸਿਹਤ ਦੇ ਖੇਤਰ ਵਿੱਚ ਲੋਕਾਂ ਨੂੰ ਮਿਲੇਗੀ ਵੱਡੀ ਰਾਹਤ

5 Dariya News

ਐਸ.ਏ.ਐਸ.ਨਗਰ 09-Aug-2022

ਕੈਬਨਿਟ ਮੰਤਰੀ ਮੈਡਮ ਅਨਮੋਲ ਗਗਨ ਮਾਨ ਵੱਲ਼ੋ 15 ਅਗਸਤ ਤੋਂ ਖੁੱਲਣ ਜਾ ਰਹੇ ਆਮ ਆਦਮੀ ਕਲੀਨਿਕਾਂ ਦੀ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਅੱਜ ਵਿਸੇਸ਼ ਦੌਰਾ ਕੀਤਾ। ਇਸ ਦੌਰੇ ਦੌਰਾਨ ਸਭ ਤੋਂ ਪਹਿਲਾਂ ਖਰੜ ਹਲਕੇ ਦੇ ਪਿੰਡ ਛੱਜੂ ਮਾਜਰਾ ਵਿਖੇ ਬਣੇ ਆਮ ਆਦਮੀ ਕਲੀਨਿਕਾਂ ਦਾ ਦੌਰਾ ਕੀਤਾ। ਇਥੇ ਪਹੁੰਚਣ ਤੇ ਲੋਕਾਂ ਦੇ ਇਕੱਠ ਵੱਲੋਂ ਮੰਤਰੀ ਦਾ ਨਿੱਘਾ ਸੁਆਗਤ ਕੀਤਾ ਗਿਆ। ਇਸ ਉਪਰੰਤ ਉਹਨਾਂ ਨੇ ਪਿੰਡ ਜੰਡਪੁਰਾ ਅਤੇ ਫਿਰ ਪਿੰਡ ਕਾਂਸਲ ਵਿਖੇ ਬਣੇ ਆਮ ਆਦਮੀ ਕਲੀਨਿਕ ਦਾ ਦੌਰਾ ਕੀਤਾ।

ਇਸ ਦੌਰਾਨ ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਨਾਲ ਚੋਣਾਂ ਤੋਂ ਪਹਿਲਾਂ ਕੀਤਾ ਇਕ ਹੋਰ ਵੱਡਾ ਵਾਅਦਾ 15 ਅਗਸਤ ਨੂੰ ਪੂਰਾ ਹੋਣ ਜਾ ਰਿਹਾ ਹੈ । ਸੂਬਾ ਸਰਕਾਰ ਵੱਲੋਂ ਲੋਕਾਂ ਨੂੰ ਸਿਹਤ ਪੱਖੋਂ ਮੁਫ਼ਤ ਅਤੇ ਵਧੀਆ ਸਹੂਲਤਾਂ ਦੇਣ ਦੇ ਇਰਾਦੇ ਨਾਲ ਲੋਕਾਂ ਦੇ ਘਰਾਂ ਦੇ ਬਹੁਤ ਨਜ਼ਦੀਕ ਹੀ ਆਮ ਆਦਮੀ ਕਲੀਨਿਕ ਬਣਾਏ ਗਏ ਹਨ। ਉਨ੍ਹਾਂ ਦੱਸਿਆ ਕਿ ਪਹਿਲੇ ਪੜਾਅ ਵਿੱਚ ਅਜਿਹੇ 75 ਆਮ ਆਦਮੀ ਕਲੀਨਿਕ ਬਣਾਏ ਗਏ ਹਨ ਇਹ ਕਲੀਨਿਕ 15 ਅਗਸਤ ਨੂੰ 75ਵੇਂ ਸੁਤੰਤਰਤਾ ਦਿਵਸ ਮੌਕੇ ਲੋਕਾਂ ਨੂੰ ਸਮਰਪਿਤ ਕੀਤੇ ਜਾਣਗੇ। 

ਇਹ ਕਲੀਨਿਕ ਸੂਬੇ ਭਰ ਦੇ ਲੋਕਾਂ ਨੂੰ ਬਿਹਤਰੀਨ ਸਿਹਤ ਸੇਵਾਵਾਂ ਮੁਫ਼ਤ ਮੁਹੱਈਆ ਕਰਨਗੇ। ਉਨ੍ਹਾਂ ਕਿਹਾ ਕਿ ਹਰੇਕ ਆਮ ਆਦਮੀ ਕਲੀਨਿਕ ਵਿੱਚ ਡਾਕਟਰ ਦਾ ਕਮਰਾ, ਰਿਸੈਪਸ਼ਨ-ਕਮ-ਵੇਟਿੰਗ ਏਰੀਆ ਅਤੇ ਮਰੀਜ਼ਾਂ ਦੇ ਇਲਾਜ ਤੇ ਬਿਮਾਰੀਆਂ ਦਾ ਪਤਾ ਲਾਉਣ ਲਈ ਐਮ.ਬੀ.ਬੀ.ਐਸ. ਡਾਕਟਰ, ਫਾਰਮਾਸਿਸਟ, ਨਰਸ ਅਤੇ ਸੇਵਾਦਾਰ ਆਦਿ ਸਟਾਫ ਹੋਵੇਗਾ। ਮੈਡਮ ਮਾਨ ਨੇ ਦੱਸਿਆ ਕਿ ਇਨ੍ਹਾਂ ਆਮ ਆਦਮੀ ਕਲੀਨਿਕਾਂ ਵਿੱਚ ਤਕਰੀਬਨ 100 ਕਲੀਨਿਕਲ ਟੈਸਟ ਅਤੇ 41 ਪੈਕੇਜ਼ ਲੋਕਾਂ ਨੂੰ ਮੁਫ਼ਤ ਦਿੱਤੇ ਜਾਣਗੇ। 

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਇਹ ਕ੍ਰਾਂਤੀਕਾਰੀ ਕਦਮ ਸੂਬੇ ਵਿੱਚ ਸਿਹਤ ਸੰਭਾਲ ਢਾਂਚੇ ਨੂੰ ਪੂਰੀ ਤਰ੍ਹਾਂ ਸੁਧਾਰ ਦੇਵੇਗਾ । ਉਨ੍ਹਾਂ ਕਿਹਾ ਕਿ ਆਮ ਆਦਮੀ ਕਲੀਨਿਕ ਖੁੱਲਣ ਨਾਲ ਲੋਕਾਂ ਨੂੰ ਸਿਹਤ ਸੰਭਾਲ ਸਬੰਧੀ ਵੱਡੀ ਰਾਹਤ ਮਿਲੇਗੀ । ਇਸ ਮੌਕੇ ਖਰੜ ਦੇ ਐਸ.ਡੀ.ਐਮ ਸ੍ਰੀ ਰਵਿੰਦਰ ਸਿੰਘ, ਸਿਹਤ ਵਿਭਾਗ ਦੇ ਸਿਵਲ ਸਰਜਨ ਸ੍ਰੀਮਤੀ ਆਦਰਸਪਾਲ ਕੌਰ, ਡਾ. ਡੋਗਰਾ,ਹੋਰ ਜਿਲ੍ਹਾ ਅਧਿਕਾਰੀ ਅਤੇ ਉਘੇ ਪਤਵੰਤੇ ਹਰਜੀਤ ਸਿੰਘ ਬੰਟੀ, ਦਿਨੇਸ ਕੁਮਾਰ, ਰਘਬੀਰ ਮੋਦੀ, ਹਰਪ੍ਰਤੀ ਸਿੰਘ, ਅਮਰਜੀਤ ਸਿੰਘ ਹੋਰ ਵਲੰਟੀਅਰਜ਼ ਵੱਡੀ ਗਿਣਤੀ ਵਿੱਚ ਵਿਸ਼ੇਸ ਤੌਰ ਤੇ ਹਾਜਰ ਸਨ।