5 Dariya News

ਇਕ ਹੋਰ ਸਰਵੇਅ `ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਭਾਰਤ ਦੀਆਂ ਯੂਨੀਵਰਸਿਟੀਆਂ `ਚੋਂ 14ਵੇਂ ਸਥਾਨ `ਤੇ

5 Dariya News

ਅੰਮ੍ਰਿਤਸਰ 09-Aug-2022

ਗੁਰੂ ਨਾਨਕ ਦੇਵ ਯੂਨੀਵਰਸਿਟੀ ੳੇਚੇਰੀ ਸਿਖਿਆ ਅਤੇ ਖੋਜ ਦੇ ਖੇਤਰ ਵਿਚ ਦੇਸ਼ ਦੀਆਂ ਯੂਨੀਵਰਸਿਟੀਆਂ ਵਿਚੋਂ ਆਪਣੀ ਨਿਵੇਕਲੀ ਪਛਾਣ ਬਣਾਉਂਦੀ ਹੋਈ ਵੱਖ ਵੱਖ ਰੈਂਕਿੰਗ ਅਤੇ ਸਰਵੇਅ ਅਦਾਰਿਆਂ ਵੱਲੋਂ ਕੀਤੇ ਜਾ ਰਹੇ ਮੁਲਾਂਕਣਾਂ ਵਿਚ ਭਾਰਤ ਦੀਆਂ ਟਾਪ ਦੀਆਂ ਯੂਨੀਵਰਸਿਟੀਆਂ `ਚ ਸ਼ਾਮਿਲ ਹੁੰਦੀ ਜਾ ਰਹੀ ਹੈ। ਹਾਲ ਵਿਚ ਹੀ ਨੈਸ਼ਨਲ ਇੰਸਟੀਚਿਊਟ ਰੈਂਕਿੰਗ ਫਰੇਮਵਰਕ ਦੇ ਨਤੀਜਿਆਂ ਤੋਂ ਬਾਅਦ ਇਕ ਅਦਾਰੇ ਦੇ ਐਮ.ਡੀ.ਆਰ.ਏ. (ਮਾਰਕੀਟਿੰਗ ਐਂਡ ਡਿਵੈਲਪਮੈਂਟ ਰੀਸਰਚ ਐਸੋਸੀਏਟਸ) ਬੈਸਟ ਯੂਨੀਵਰਸਿਟੀਜ਼ ਸਰਵੇਅ-2022 ਵਿਚ  ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਖ ਵੱਖ ਮਾਪਦੰਡਾਂ `ਤੇ ਖਰੀ ਉਤਰਦਿਆਂ 14ਵਾਂ ਸਥਾਨ ਪ੍ਰਾਪਤ ਕੀਤਾ ਹੈ ਜਿਸ ਦੇ ਨਾਲ ਦੇਸ਼ ਦੇ ਕਈ ਵਡੀਆਂ ਯੂਨੀਵਰਸਿਟੀਆਂ ਦੇ ਨਾਲ ਬਰ ਮੇਚ ਲਿਆ ਹੈ।

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਨੇ ਯੂਨੀੜਰਸਿਟੀ ਭਾਈਚਾਰੇ ਨਾਲ ਇਕ ਹੋਰ ਖੁਸ਼ੀ ਸਾਂਝੀ ਕਰਦਿਆਂ ਦੱਸਿਆ ਹੈ ਕਿ ਇੰਡੀਆ ਟੂਡੇ ਐਮ.ਡੀ.ਆਰ.ਏ. (ਮਾਰਕੀਟਿੰਗ ਐਂਡ ਡਿਵੈਲਪਮੈਂਟ ਰੀਸਰਚ ਐਸੋਸੀਏਟਸ) ਬੈਸਟ ਯੂਨੀਵਰਸਿਟੀਜ਼ ਸਰਵੇਅ-2022 ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਜੋ 14ਵਾਂ ਸਥਾਨ ਪ੍ਰਾਪਤ ਕੀਤਾ ਹੈ ਇਸ ਦੇ ਮਗਰ ਅਧਿਆਪਕਾਂ, ਸਟਾਫ ਅਤੇ ਖੋਜਾਰਥੀਆਂ ਵਿਦਿਆਰਥੀਆਂ ਦੀ ਮਿਹਨਤ ਦੀ ਉਹ ਸੱਚੀ ਭਾਵਨਾ ਹੈ ਜਿਸ ਦੇ ਨਾਲ ਯੂਨੀਵਰਸਿਟੀ ਉਚੇਰੀ ਸਿਖਿਆ ਦੇ ਖੇਤਰ ਵਿਚ ਆਪਣਾ ਮੁਕਾਮ ਹਾਸਲ ਕਰ ਰਹੀ ਹੈ। 

ਉਨ੍ਹਾਂ ਕਿਹਾ ਕਿ ਇਸ ਰੈਂਕਿੰਗ ਦੇ ਸਖਤ ਮਾਪਦੰਡਾਂ ਨੂੰ ਪਾਰ ਕਰਦਿਆਂ ਪਿਛਲੇ ਸਾਲ ਤੋਂ ਤਿੰਨ ਪੁਜੀਸ਼ਨਾਂ ਤੇ ਉਪਰ ਛਾਲ ਮਾਰਦਿਆਂ ਭਾਰਤ ਦੀਆਂ ਯੂਨੀਵਰਸਿਟੀਆਂ ਵਿਚੋਂ 14ਵਾਂ ਰੈਂਕ ਪ੍ਰਾਪਤ ਕੀਤਾ ਹੈ। ਉਨ੍ਹਾਂ ਨੇ ਇਸ ਮੌਕੇ ਇਹ ਵਚਨਬੱਧਤਾ ਦੁਹਰਾਈ ਕਿ ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਦੇਸ਼ ਦੀਆਂ ਹੀ ਨਹੀਂ ਵਿਦੇਸ਼ਾਂ ਦੀਆਂ ਯੂਨੀਵਰਸਿਟੀਆਂ ਦੇ ਹਾਣ ਦਾ ਬਣਾਉਣਾ ਚਾਹੁੰਦੇ ਹਨ ਤਾਂ ਜੋ ਇਥੋਂ ਆਪਣੀ ਪੜ੍ਹਾਈ ਮੁਕੰਮਲ ਕਰਨ ਤੋਂ ਬਾਅਦ ਵਿਦਿਆਰਥੀਆਂ ਦਾ ਭਵਿੱਖ ਸੁਨਹਿਰੀ ਹੋ ਸਕੇ ਅਤੇ ਦੇਸ਼ ਤੇ ਸਮਾਜ ਦੀ ਤਰੱਕੀ ਵਿਚ ਆਪਣਾ ਅਹਿਮ ਰੋਲ ਅਦਾ ਕਰ ਸਕਣ। 

ਉਨ੍ਹਾਂ ਨੇ ਯੂਨੀਵਰਸਿਟੀ ਦੀਆਂ ਪਿਛਲੇ ਪੰਜਾਂ ਸਾਲਾਂ ਦੀਆਂ ਪ੍ਰਾਪਤੀਆਂ ਗਿਣਾੳਂਦਿਆਂ ਕਿਹਾ ਕਿ ਇਸ ਸਮੇਂ ਉਤਰੀ ਖੇਤਰ ਦੀ ਕੈਟਾਗਿਰੀ ਵਨ ਯੂਨੀਵਰਸਿਟੀ ਹੈ ਜਿਸ ਦੇ ਨਾਲ ਭਾਰਤ ਸਰਕਾਰ ਤੋਂ ਫੰਡ ਪ੍ਰਾਪਤ ਕਰਨੇ ਸੌਖੇ ਹੁੰਦੇ ਹਨ। ਉਨ੍ਹਾਂ ਕਿਹਾ ਕਿ ਜੰਮੂ ਅਤੇ ਕਸ਼ਮੀਰ, ਪੰਜਾਬ, ਹਰਿਆਣਾ, ਰਾਜਸਥਾਨ ਅਤੇ ਹਿਮਾਚਲ ਪ੍ਰਦੇਸ਼ ਦੇ ਵਿਦਿਆਰਥੀਆਂ ਤੋਂ ਇਲਾਵਾ ਹੋਰ ਰਾਜਾਂ ਦੇ ਵਿਦਿਆਰਥੀ ਵੀ ਗੁਰੂ ਨਾਨਕ ਦੇਵ ਯੂਨੀਵਰਸਿਟੀ `ਚ ਪੜ੍ਹਾਈ ਕਰਨ ਨੂੰ ਪਹਿਲ ਦੇ ਰਹੇ ਹਨ। ਇਥੋਂ ਦਾ ਪੜ੍ਹਾਈ ਅਤੇ ਹੋਰ ਖੇਤਰਾਂ ਵਿਚ ਉਪਲਬਧੀਆਂ ਪ੍ਰਾਪਤ ਕਰਨ ਦਾ ਵਧੀਆ ਵਾਤਾਵਰਣ ਵਿਦਿਆਰਥੀ ਦੀ ਸਖਸ਼ੀਅਤ ਨੂੰ ਨਿਖਾਰਦਾ ਹੈ। 

ਉਨ੍ਹਾਂ ਕਿਹਾ ਕਿ ਉਤਰੀ ਭਾਰਤ (ਜੰਮੂ ਅਤੇ ਕਸ਼ਮੀਰ, ਪੰਜਾਬ, ਹਰਿਆਣਾ, ਰਾਜਸਥਾਨ ਅਤੇ ਹਿਮਾਚਲ ਪ੍ਰਦੇਸ਼) ਦੀ ਇੱਕੋ ਇੱਕ ਰਾਜ ਫੰਡ ਪ੍ਰਾਪਤ ਯੂਨੀਵਰਸਿਟੀ ਹੈ ਜੋ ਦੇਸ਼ ਦੀਆਂ ਚੋਟੀ ਦੀਆਂ 15 ਯੂਨੀਵਰਸਿਟੀਆਂ ਵਿੱਚ ਸ਼ਾਮਲ ਹੈ ਅਤੇ ਦੇਸ਼ ਵਿੱਚ ਰਾਜ ਫੰਡ ਪ੍ਰਾਪਤ ਯੂਨੀਵਰਸਿਟੀਆਂ ਵਿੱਚ 6ਵੇਂ ਸਥਾਨ `ਤੇ ਹੈ। ਇਸ ਯੂਨੀਵਰਸਿਟੀ ਨੇ ਯੂਨੀਵਰਸਿਟੀਆਂ ਦੀ ਰੈਂਕਿੰਗ ਲਈ ਇੰਡੀਆ ਟੂਡੇ ਦੁਆਰਾ ਨਿਰਧਾਰਤ ਕੀਤੇ ਗਏ ਸਾਰੇ ਮਾਪਦੰਡਾਂ (ਵੱਕਾਰ ਅਤੇ ਸ਼ਾਸਨ, ਅਕਾਦਮਿਕ ਅਤੇ ਮਿਆਰੀ ਖੋਜ ਅਤੇ ਬੁਨਿਆਦੀ ਢਾਂਚਾ ਅਤੇ ਰਹਿਣ ਸਹਿਣ ਦਾ ਅਨੁਭਵ ਆਦਿ) ਵਿੱਚ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ। 

ਹਾਲ ਹੀ ਵਿੱਚ ਯੂਨੀਵਰਸਿਟੀ ਨੇ ਵੱਕਾਰੀ  ਰੈਂਕਿੰਗ ਨੈਸ਼ਨਲ ਇੰਸਟੀਚਿਊਟ ਰੈਂਕਿੰਗ ਫਰੇਮਵਰਕ ਵਿੱਚ 44ਵਾਂ ਰੈਂਕ ਹਾਸਲ ਕੀਤਾ ਹੈ। ਇਸ ਤੋਂ ਪਹਿਲਾਂ ਯੂਨੀਵਰਸਿਟੀ ਨੂੰ  ਸੈਂਟਰ ਫਾਰ ਵਰਲਡ ਯੂਨੀਵਰਸਿਟੀ ਰੈਂਕਿੰਗ ਦੇ ਅਨੁਸਾਰ ਵਿਸ਼ਵ ਦੀਆਂ ਚੋਟੀ ਦੀਆਂ 9 ਫੀਸਦ ਯੂਨੀਵਰਸਿਟੀਆਂ ਵਿੱਚ ਵੀ ਰੱਖਿਆ ਗਿਆ ਹੈ। ਵਾਈਸ-ਚਾਂਸਲਰ ਨੇ ਇਸ ਰੈਂਕਿੰਗ ਵਿਚ ਯੂਨੀਵਰਸਿਟੀ ਦੇ ਸਥਾਨ ਨੂੰ ਹੋਰ ਉੱਚਾ ਚੁੱਕਣ ਲਈ ਵੱਖ-ਵੱਖ ਪਹਿਲੂਆਂ ਵਿੱਚ ਨਿਰੰਤਰ ਯਤਨਾਂ ਲਈ ਫੈਕਲਟੀ ਅਤੇ ਸਟਾਫ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵੱਖ-ਵੱਖ ਦਰਜਾਬੰਦੀਆਂ ਵਿੱਚ ਨਵੀਆਂ ਬੁਲੰਦੀਆਂ ਨੂੰ ਛੂਹ ਰਹੀ ਹੈ। 

ਉਨ੍ਹਾਂ ਇਹ ਵੀ ਕਿਹਾ ਕਿ ਯੂਨੀਵਰਸਿਟੀ ਦਾ ਭਾਰਤ ਅਤੇ ਵਿਦੇਸ਼ਾਂ ਵਿੱਚ ਚੰਗਾ ਨਾਮ ਹੈ। ਖੋਜ ਦੀ ਗੁਣਵੱਤਾ ਵਿੱਚ ਵੀ ਬਹੁਤ ਸੁਧਾਰ ਹੋਇਆ ਹੈ। ਗੁਣਵੱਤਾ ਖੋਜ ਸੂਚਕ ਵਜੋਂ, ਪਿਛਲੇ ਪੰਜ ਸਾਲਾਂ ਵਿੱਚ ਸਕੋਪਸ ਵਿੱਚ ਸਿਖਰਲੇ 10% ਉੱਚਿਤ ਪੇਪਰਾਂ ਦੇ ਨਾਲ ਯੂਨੀਵਰਸਿਟੀ ਦਾ ਐਚ-ਇੰਡੈਕਸ 64 ਤੋਂ 125 ਤੱਕ ਸੁਧਰ ਗਿਆ ਹੈ। ਵਾਈਸ-ਚਾਂਸਲਰ ਪ੍ਰੋ. ਸੰਧੂ ਨੇ ਫੈਕਲਟੀ ਦੇ ਯਤਨਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਯੂਨੀਵਰਸਿਟੀ ਆਉਣ ਵਾਲੇ ਸਮੇਂ ਵਿੱਚ ਵੀ ਆਪਣੀ ਰੈਂਕਿੰਗ ਵਿੱਚ ਹੋਰ ਵੀ ਸੁਧਾਰ ਕਰੇਗੀ।