5 Dariya News

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਹੋਟਲ ਮੈਨੇਜਮੈਂਟ ਐਂਡ ਟੂਰਿਜ਼ਮ ਵਿਭਾਗ ਨੇ ਨਵੇਂ ਵਿਦਿਆਰਥੀਆਂ ਨੂੰ ਆਖਿਆ ਜੀ ਆਇਆ ਨੂੰ

5 Dariya News

ਅੰਮ੍ਰਿਤਸਰ 09-Aug-2022

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਹੋਟਲ ਮੈਨੇਜਮੈਂਟ ਐਂਡ ਟੂਰਿਜ਼ਮ ਵਿਭਾਗ ਵੱਲੋਂ ਬੀ.ਐੱਚ.ਐੱਮ.ਸੀ.ਟੀ. ਅਤੇ ਬੀ.ਟੀ.ਟੀ.ਐੱਮ. ਦੇ ਨਵੇਂ ਦਾਖਲ ਹੋਏ ਵਿਦਿਆਰਥੀਆਂ ਲਈ ਇੰਡਕਸ਼ਨ ਸਮਾਰੋਹ ਕਰਵਾਇਆ ਗਿਆ। ਇਸ ਸਮਾਗਮ ਵਿੱਚ ਵਿਭਾਗ ਦੇ ਮੁਖੀ ਡਾ. ਮਨਦੀਪ ਕੌਰ ਵੱਲੋਂ ਮਹਿਮਾਨਾਂ ਅਤੇ ਵਿਦਿਆਰਥੀਆਂ ਨੂੰ ਜੀ ਆਇਆਂ ਆਖਿਆ ਅਤੇ ਵਿਭਾਗ ਦੀਆਂ ਗਤੀਵਿਧੀਆਂ ਬਾਰੇ ਦੱਸਿਆ। ਇੰਟਰਐਕਟਿਵ ਸੈਸ਼ਨ ਦੀ ਸ਼ੁਰੂਆਤ ਮੌਕੇ ਸਹਾਇਕ ਪ੍ਰੋਫ਼ੈਸਰ ਡਾ. ਭਰਤ ਕਪੂਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਿਖਿਆ ਮਿਆਰ ਅਤੇ ਉਦੇਸ਼ਾਂ ਬਾਰੇ ਚਾਨਣਾ ਪਾਇਆ। 

ਉਨ੍ਹਾਂ ਇਸ ਤੋਂ ਇਲਾਵਾ, ਵਿਦਿਆਰਥੀਆਂ ਨੂੰ ਆਉਣ ਵਾਲੇ ਮਹੀਨਿਆਂ ਵਿੱਚ ਵਿਭਾਗ ਵੱਲੋਂ ਕੀਤੀਆਂ ਜਾਣ ਵਾਲੀਆਂ ਵੱਖ-ਵੱਖ ਪਹਿਲਕਦਮੀਆਂ ਬਾਰੇ ਦੱਸਿਆ। ਪ੍ਰੋਗਰਾਮ ਦੇ ਮੁੱਖ ਮਹਿਮਾਨ ਅਤੇ ਉਦਯੋਗ ਮਾਹਿਰ, ਸ਼੍ਰੀ ਤੀਰਥ ਰਾਏ ਚੌਧਰੀ, ਐਚਆਰ ਡਾਇਰੈਕਟਰ, ਹੋਟਲ ਹਯਾਤ ਰੀਜੈਂਸੀ, ਅੰਮ੍ਰਿਤਸਰ ਨੇ ਹਾਸਪਿਟੈਲਿਟੀ ਉਦਯੋਗ ਬਾਰੇ ਸੰਖੇਪ ਵਿਚ ਜਾਣਕਾਰੀ ਦਿੱਤੀ। ਉਨ੍ਹਾਂ ਵਿਦਿਆਰਥੀਆਂ ਨੂੰ ਹੌਸਪੀਟੈਲੇਟੀ ਖੇਤਰ ਦੀ ਮੰਗ ਨੂੰ ਪੂਰਾ ਕਰਨ ਲਈ ਆਪਣੇ ਹੁਨਰ ਵਿੱਚ ਸੁਧਾਰ ਕਰਨ ਬਾਰੇ ਕਿਹਾ। ਉਨ੍ਹਾਂ ਦੱਸਿਆ ਕਿ ਹੁਣ ਇਸ ਖੇਤਰ ਵਿੱਚ ਨੌਕਰੀਆਂ ਦੇ ਮੌਕੇ ਵੱਧ ਰਹੇ ਹਨ ਪਰ ਹੁਨਰਮੰਦਾਂ ਦੀ ਘਾਟ ਹੈ। 

ਉਨ੍ਹਾਂ ਵਿਦਿਆਰਥੀਆਂ ਨੂੰ ਇਸ ਤੋਂ ਵੱਧ ਤੋਂ ਵੱਧ ਲਾਭ ਲੈਣ ਲਈ ਮੁਹਾਰਤ ਅਤੇ ਗਿਆਨ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ। ਇਸ ਪ੍ਰੋਗਰਾਮ ਦੇ ਅਗਲੇ ਹਿੱਸੇ ਵਿਚ ਸਾਰੇ ਵਿਦਿਆਰਥੀਆਂ, ਅਧਿਆਪਕਾਂ ਅਤੇ ਮਹਿਮਾਨਾਂ ਨੇ ਰਲ ਕੇ ਵਾਤਾਵਰਨ ਪ੍ਰਤੀ ਆਪਣੀ ਵਚਨਬੱਧਤਾ ਦ੍ਰਿੜ ਕਰਵਾਉਂਦੇ ਹੋਏ ਰੁੱਖ ਲਗਾ ਕੇ ਸਾਰਿਆਂ ਨੂੰ ਵਾਤਾਵਰਣ ਨਾਲ ਪ੍ਰੇਮ ਅਤੇ ਇਸ ਦੇ ਬਚਾਅ ਲਈ ਸੁਨੇਹਾ ਦਿੱਤਾ ਗਿਆ। ਡਾ. ਮਨਦੀਪ ਕੌਰ ਨੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਸਫ਼ਲ ਵਿਅਕਤੀ ਹੋਣ ਲਈ ਸਖਤ ਮਿਹਨਤ ਕਰਨਾ ਬਹੁਤ ਜ਼ਰੂਰੀ ਹੈ ਅਤੇ ਕਾਮਯਾਬੀ ਮਿਹਨਤ ਤੋਂ ਬਿਨਾ ਨਹੀਂ ਮਿਲ ਸਕਦੀ। ਸਮਾਗਮ ਦੇ ਅੰਤ ਵਿੱਚ ਸ਼ੈੱਫ ਹਰਪ੍ਰੀਤ ਸਿੰਘ, ਸਹਾਇਕ ਪ੍ਰੋਫੈਸਰ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ