5 Dariya News

ਆਮ ਆਦਮੀ ਕਲੀਨਿਕ ਵਿੱਚ 100 ਦੇ ਕਰੀਬ ਟੈਸਟ ਹੋਣਗੇ ਮੁਫਤ : ਪਰਨੀਤ ਸ਼ੇਰਗਿੱਲ

ਡੇਂਗੂ ’ਤੇ ਕਾਬੂ ਪਾਉਣ ਲਈ ਗਤੀਵਿਧੀਆਂ ਹੋਰ ਤੇਜ ਕੀਤੀਆਂ ਜਾਣ

5 Dariya News

ਫ਼ਤਹਿਗੜ੍ਹ ਸਾਹਿਬ 09-Aug-2022

ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਨੇੜੇ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ 15 ਅਗਸਤ ਤੋਂ ਆਮ ਆਦਮੀ ਕਲੀਨਿਕ ਖੋਲੇ ਜਾ ਰਹੇ ਹਨ। ਇਨ੍ਹਾਂ ਕਲੀਨਿਕਾਂ ਵਿੱਚ ਲਗਭਗ 100 ਦੇ ਕਰੀਬ ਟੈਸਟ ਮੁਫਤ ਕੀਤੇ ਜਾਣਗੇ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਜਿ਼ਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜਿ਼ਲ੍ਹਾ ਸਿਹਤ ਸੋਸਾਇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ। ਉਨ੍ਹਾਂ ਦੱਸਿਆ ਕਿ ਪਹਿਲੇ ਗੇੜ ਵਿੱਚ ਫ਼ਤਹਿਗੜ੍ਹ ਸਾਹਿਬ ਜਿ਼ਲ੍ਹੇ ਵਿੱਚ ਤਿੰਨ ਆਮ ਆਦਮੀ ਕਲੀਨਿਕ ਖੋਲੇ ਜਾ ਰਹੇ ਹਨ ਜਿਨ੍ਹਾਂ ਵਿੱਚੋਂ ਮੰਡੀ ਗੋਬਿੰਦਗੜ੍ਹ ਵਿਖੇ 2 ਕਲੀਨਿਕ ਅਤੇ ਪਿੰਡ ਛਲੇੜੀ ਖੁਰਦ ਵਿਖੇ ਇੱਕ ਆਮ ਆਦਮੀ ਕਲੀਨਿਕ ਖੋਲਿਆ ਜਾ ਰਿਹਾ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿ਼ਲ੍ਹੇ ਵਿੱਚ ਹੁਣ ਤੱਕ ਕੋਰੋਨਾ ਵਾਇਰਸ ਦੇ 44 ਲੱਖ 83 ਹਜ਼ਾਰ 36 ਸੈਂਪਲ ਇਕੱਤਰ ਕੀਤੇ ਗਏ ਹਨ ਜਿਨ੍ਹਾਂ ਵਿੱਚੋਂ 12 ਹਜ਼ਾਰ 354 ਪੋਜਟਿਵ ਪਾਏ ਗਏ ਸਨ ਅਤੇ ਇਸ ਸਮੇਂ ਜਿ਼ਲ੍ਹੇ ਵਿੱਚ ਕੋਰੋਨਾ ਦੇ 56 ਐਕਟਿਵ ਕੇਸ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਕੋਵਿਡ-19 ਦੀ 96.07 ਫੀਸਦੀ ਰਿਕਵਰੀ ਦਰ ਰਿਕਾਰਡ ਕੀਤੀ ਗਈ ਹੈ। ਇਸੇ ਕਰਕੇ ਕੋਰੋਨਾ ਦੀ ਚੌਥੀ ਲਹਿਰ ਦਾ ਜਿ਼ਲ੍ਹੇ ਵਿੱਚ ਬਹੁਤ ਘੱਟ ਅਸਰ ਵੇਖਣ ਨੂੰ ਮਿਲਿਆ ਹੈ। ਉਨ੍ਹਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਕੋਰੋਨਾ ਵੈਕਸੀਨੇਸ਼ਨ ਨੂੰ ਹੋਰ ਤੇਜ਼ ਕੀਤਾ ਜਾਵੇ ਤਾਂ ਜੋ ਕੋਈ ਵੀ ਨਾਗਰਿਕ ਇਸ ਤੋਂ ਵਾਂਝਾ ਨਾ ਰਹੇ। 

ਡੇਂਗੂ ਦੀ ਬਿਮਾਰੀ ’ਤੇ ਕਾਬੂ ਪਾਉਣ ਲਈ ਗਤੀਵਿਧੀਆਂ ਹੋਰ ਤੇਜ ਕੀਤੀਆਂ ਜਾਣ ਅਤੇ ਸਕੂਲਾਂ ਵਿੱਚ ਵਿਸ਼ੇਸ਼ ਸਰਵੇ ਕਰਵਾਇਆ ਜਾਵੇ ਤਾਂ ਜੋ ਇਸ ਬਿਮਾਰੀ ’ਤੇ ਕਾਬੂ ਪਾਇਆ ਜਾ ਸਕੇ। ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਦੱਸਿਆ ਕਿ ਜਿ਼ਲ੍ਹੇ ਵਿੱਚ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ (ਆਯੂਸ਼ਮਾਨ ਭਾਰਤ ਯੋਜਨਾਂ) ਸਫਲਤਾ ਪੂਰਬਕ ਚੱਲ ਰਹੀ ਹੈ। ਇਸ ਯੋਜਨਾ ਤਹਿਤ ਹੁਣ ਤੱਕ 24,894 ਲਾਭਪਾਤਰੀਆਂ ਨੂੰ 121 ਕਰੋੜ 12 ਲੱਖ 28 ਹਜ਼ਾਰ 34 ਰੁਪਏ ਦਾ ਲਾਭ ਦਿੱਤਾ ਗਿਆ ਹੈ। ਇਸੇ ਤਰ੍ਹਾਂ ਮੁੱਖ ਮੰਤਰੀ ਕੈਂਸਰ ਰਾਹਤ ਯੋਜਨਾ ਅਧੀਨ 885 ਕੇਸਾਂ ਵਿੱਚ 10 ਕਰੋੜ 36 ਲੱਖ 89 ਹਜ਼ਾਰ 406 ਰੁਪਏ ਕੈਂਸਰ ਦੇ ਇਲਾਜ ਲਈ ਸਹਾਇਤਾ ਰਾਸ਼ੀ ਦਿੱਤੀ ਗਈ ਹੈ। 

ਉਨ੍ਰਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਸੰਸਥਾਗਤ ਜਣੇਪੇ ਵਧਾਉਣ ਲਈ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ। ਮੀਟਿੰਗ ਦੌਰਾਨ ਸਿਵਲ ਸਰਜਨ ਡਾ: ਵਿਜੇ ਕੁਮਾਰ ਨੇ ਦੱਸਿਆ ਕਿ ਸਿਹ ਤਵਿਭਾਗ ਵੱਲੋਂ ਮਾਂ ਦੇ ਦੁੱਧ ਦੀ ਮਹੱਤਤਾ ਬਾਰੇ ਵਿਸ਼ੇਸ਼ ਸਪਤਾਹ ਮਨਾਇਆ ਗਿਆ ਸੀ ਜਿਸ ਵਿੱਚ ਮਾਂ ਦੇ ਦੁੱਧ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ ਗਿਆ। ਇਸ ਤੋਂ ਇਲਾਵਾ ਬਰੈਸਟ ਕੈਂਸਰ ਦੀਆਂ 30 ਸਾਲ ਤੋਂ ਵੱਧ ਉਮਰ ਦੀਆਂ ਸ਼ੱਕੀ ਔਰਤਾਂ ਦਾ 17 ਅਗਸਤ ਤੱਕ ਵਿਸ਼ੇਸ਼ ਚੈਕਅੱਪ ਕੀਤਾ ਜਾ ਰਿਹਾ ਹੈ। ਇਹ ਚੈਕਅੱਪ ਜਿ਼ਲ੍ਹਾ ਹਸਪਤਾਲ ਫ਼ਤਹਿਗੜ੍ਹ ਸਾਹਿਬ, ਸਬ ਡਵੀਜ਼ਨਲ ਹਸਪਤਾਲ ਮੰਡੀ ਗੋਬਿੰਦਗੜ੍ਹ ਅਤੇ ਸੀ.ਐਚ.ਸੀ. ਅਮਲੋਹ ਵਿਖੇ ਕੀਤਾ ਜਾਵੇਗਾ।

ਇਸ ਮੌਕੇ ਵਧੀਕ ਸਿਵਲ ਸਰਜਨ ਡਾ: ਸਵਪਨਦੀਪ ਕੌਰ, ਜਿ਼ਲ੍ਹਾ ਟੀਕਾਕਰਨ ਅਫਸਰ ਡਾ: ਰਾਜੇਸ਼ ਕੁਮਾਰ, ਜਿ਼ਲ੍ਹਾ ਸਿਹਤ ਅਫਸਰ ਡਾ: ਨਵਜੋਤ ਕੌਰ, ਜਿ਼ਲ੍ਹਾ ਪਰਿਵਾਰ ਭਲਾਈ ਅਫਸਰ ਡਾ: ਸੁਰਿੰਦਰ ਸਿੰਘ, ਜਿ਼ਲ੍ਹਾ ਸਕੂਲ ਹੈਲਥ ਮੈਡੀਕਲ ਅਫਸਰ ਡਾ: ਨਵਨੀਤ ਕੌਰ, ਡਿਪਟੀ ਮੈਡੀਕਲ ਅਫਸਰ ਡਾ: ਅਸਰਫਜੀਤ ਸਿੰਘ, ਜਿ਼ਲ੍ਹਾ ਮਾਸ ਮੀਡੀਆ ਅਫਸਰ ਕਰਨੈਲ ਸਿੰਘ ਅਤੇ ਡਿਪਟੀ ਮਾਸ ਮੀਡੀਆ ਅਫਸਰ ਬਲਜਿੰਦਰ ਸਿੰਘ ਤੋਂ ਇਲਾਵਾ ਸਮੁਹ ਐਸ.ਐਮ.ਓ. ਅਤੇ ਹੋਰ ਅਧਿਕਾਰੀ ਮੌਜੂਦ ਸਨ।