5 Dariya News

ਮੋਗਾ ਦੇ 22 ਪਿੰਡਾਂ ਨੂੰ 'ਆਦਰਸ਼ ਪਿੰਡ' ਵਜੋਂ ਵਿਕਸਤ ਕਰਨ ਲਈ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਕੀਤੀ ਸਬੰਧਤ ਵਿਭਾਗਾਂ ਨਾਲ ਮੀਟਿੰਗ

ਪਿੰਡ ਪੱਧਰੀ ਕਮੇਟੀਆਂ ਦਾ ਗਠਨ ਕਰਕੇ ਤੁਰੰਤ ਸਰਵੇ ਟੀਮ ਬਣਾਉਣ ਦੇ ਆਦੇਸ਼ ਜਾਰੀ

5 Dariya News

ਮੋਗਾ 09-Aug-2022

ਭਾਰਤ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਆਦਰਸ਼ ਗਰਾਮ ਯੋਜਨਾ ਅਧੀਨ ਜ਼ਿਲ੍ਹਾ ਮੋਗਾ ਦੇ 22 ਪਿੰਡਾਂ ਨੂੰ 'ਆਦਰਸ਼ ਪਿੰਡ' ਵਜੋਂ ਵਿਕਸਤ ਕੀਤਾ ਜਾਣਾ ਹੈ। ਅਨੁਸੂਚਿਤ ਜਾਤੀਆਂ ਨਾਲ ਸੰਬੰਧਤ ਭਾਈਚਾਰੇ ਦੀ ਬਹੁਤਾਤ ਵਾਲੇ ਇਨ੍ਹਾਂ ਪਿੰਡਾਂ ਦੇ ਵਾਸੀਆਂ ਨੂੰ ਮਿਲਦੀਆਂ ਸਹੂਲਤਾਂ ਅਤੇ ਉਨ੍ਹਾਂ ਦੀਆਂ ਲੋੜਾਂ ਬਾਰੇ ਵੇਰਵੇ ਇਕੱਤਰ ਕਰਨ ਦੀ ਪ੍ਰਕਿਰਿਆ ਜਲਦ ਸ਼ੁਰੂ ਹੋਵੇਗੀ, ਜਿਸ ਉਪਰੰਤ ਜ਼ਮੀਨੀ ਪੱਧਰ ਉੱਤੇ ਕੰਮ ਸ਼ੁਰੂ ਕਰਨ ਦੀਆਂ ਹਦਾਇਤਾਂ ਅੱਜ ਡਿਪਟੀ ਕਮਿਸ਼ਨਰ ਮੋਗਾ ਕੁਲਵੰਤ ਸਿੰਘ ਨੇ ਸਬੰਧਤ ਵਿਭਾਗਾਂ ਦੀ ਮੀਟਿੰਗ ਬੁਲਾ ਕੇ ਦੇ ਦਿੱਤੀਆਂ ਹਨ। ਇਨ੍ਹਾਂ ਵਿਭਾਗਾਂ ਵਿੱਚ ਜ਼ਿਲ੍ਹਾ ਭਲਾਈ ਵਿਭਾਗ, ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਅਤੇ ਪੰਚਾਇਤੀ ਰਾਜ ਵਿਭਾਗ ਸ਼ਾਮਿਲ ਹਨ। 

ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਉਕਤ ਯੋਜਨਾ ਤਹਿਤ ਬਲਾਕ ਮੋਗਾ 1 ਦੇ ਧੂੜਕੋਟ ਚੜਤ ਸਿੰਘ ਅਤੇ ਚੁੱਪਕੀਤੀ (ਸੰਧੂਆਂ ਵਾਲਾ), ਬਲਾਕ ਮੋਗਾ 2 ਦੇ ਪਿੰਡ ਚੋਟੀਆਂ ਥੋਬਾ, ਜੈ ਸਿੰਘ ਵਾਲਾ ਅਤੇ ਗੱਜਣਵਾਲਾ, ਬਲਾਕ ਨਿਹਾਲ ਸਿੰਘ ਵਾਲਾ ਦਾ ਪੱਤੋ ਦੀਦਾਰ ਸਿੰਘ ਅਤੇ ਬਲਾਕ ਕੋਟ ਈਸੇ ਖਾਂ ਦੇ ਪਿੰਡ ਅਟਾਰੀ, ਗੱਟੀ ਜੱਟਾਂ, ਫਤਹਿਪੁਰ ਕੰਨੀਆਂ, ਬੋਘੇਵਾਲ, ਮੰਝਲੀ, ਕੋਟ ਮੁਹੰਮਦ ਖਾਨ, ਠੁੱਠਗੜ, ਫਿਰੋਜ਼ਵਾਲਾ ਬੜਾ, ਨਸੀਰਪੁਰ ਜਾਨੀਆਂ, ਚੱਕ ਤਾਰੇਵਾਲਾ, ਮੰਡੇਰ ਕਲਾਂ, ਭੋਏਪੁਰ, ਖੰਬਾ, ਚੱਕ ਕੰਨੀਆਂ ਕਲਾਂ, ਬਨਖੰਡੀ ਅਤੇ ਸੈਦ ਜਲਾਲਪੁਰ ਇਸ ਯੋਜਨਾ ਤਹਿਤ ਚੁਣੇ ਗਏ ਹਨ। 

ਇਸ ਯੋਜਨਾ ਦਾ ਮਕਸਦ ਇਨ੍ਹਾਂ ਪਿੰਡਾਂ ਦੇ ਵਾਸੀਆਂ ਨੂੰ ਹਰੇਕ ਸਹੂਲਤ ਨਾਲ ਜੋੜਿਆ ਜਾਣਾ ਹੈ ਅਤੇ ਲੋੜਾਂ ਨੂੰ ਪੂਰਾ ਕੀਤਾ ਜਾਣਾ ਹੈ ਤਾਂ ਜੋ ਇਥੋਂ ਦੇ ਹਰ ਵਰਗ ਦੇ ਲੋਕਾਂ ਦਾ ਸਰਬਪੱਖੀ ਵਿਕਾਸ ਸੰਭਵ ਹੋ ਸਕੇ। ਡਿਪਟੀ ਕਮਿਸ਼ਨਰ ਨੇ ਅੱਜ ਜ਼ਿਲ੍ਹਾ ਮੋਗਾ ਦੇ ਸਮੂਹ ਬਲਾਕ ਵਿਕਾਸ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਉਹ ਉਕਤ ਪਿੰਡਾਂ ਦੀਆਂ ਕਮੇਟੀਆਂ ਦੇ ਗਠਨ ਦਾ ਕੰਮ 25 ਅਗਸਤ ਤੱਕ ਮੁਕੰਮਲ ਕਰਕੇ ਦਫ਼ਤਰ ਨੂੰ ਸੂਚਿਤ ਕਰਨ। ਉਨ੍ਹਾਂ ਆਦੇਸ਼ ਜਾਰੀ ਕੀਤੇ ਕਿ ਇਨ੍ਹਾਂ ਪਿੰਡ ਪੱਧਰੀ ਕਮੇਟੀਆਂ ਵਿੱਚ ਅਨੁਸੂਚਿਤ ਜਾਤੀਆਂ ਨਾਲ ਸੰਬੰਧਤ ਪੰਚਾਂ ਜਾਂ ਵਿਅਕਤੀਆਂ ਨੂੰ ਪ੍ਰਮੁੱਖਤਾ ਨਾਲ ਸ਼ਾਮਿਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਕਮੇਟੀਆਂ ਦੇ ਗਠਨ ਤੋਂ ਤੁਰੰਤ ਬਾਅਦ ਸਰਵੇ ਟੀਮ ਤਿਆਰ ਕੀਤੀ ਜਾਵੇਗੀ। 

ਇਸ ਸਰਵੇ ਵਿੱਚ ਲੋਕਾਂ ਨੂੰ ਮਿਲ ਰਹੀਆਂ ਸਹੂਲਤਾਂ ਸਿੱਖਿਆ, ਬਿਜਲੀ, ਪਾਣੀ, ਪਖਾਨੇ, ਆਂਗਣਵਾੜੀ, ਡਿਜਟਲੀਕਰਨ, ਨਿਊਟਰੀਸ਼ਨ ਅਤੇ ਵੱਖ-ਵੱਖ ਯੋਜਨਾਵਾਂ ਦੇ ਮਿਲ ਰਹੇ ਲਾਭ ਬਾਰੇ ਵੇਰਵੇ ਇਕੱਤਰ ਕੀਤੇ ਜਾਣਗੇ। ਇਹ ਸਰਵੇ ਪਿੰਡ ਪੱਧਰ ਉੱਤੇ ਸਰਪੰਚਾਂ ਦੀ ਅਗਵਾਈ ਵਿੱਚ ਬਣਾਈਆਂ ਜਾਣ ਵਾਲੀਆਂ ਕਮੇਟੀਆਂ ਦੀ ਨਿਗਰਾਨੀ ਹੇਠ ਕਰਵਾਇਆ ਜਾਵੇਗਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਦੇਸ਼ ਦੀ ਅਜ਼ਾਦੀ ਦੇ 75 ਵਰ੍ਹੇ ਮੁਕੰਮਲ ਹੋਣ 'ਤੇ ਚੱਲ ਰਹੇ ਅੰਮ੍ਰਿਤ ਮਹਾਂਉਸਤਵ ਤਹਿਤ ਕਰਵਾਏ ਜਾਣ ਵਾਲੇ ਇਸ ਸਰਵੇ ਲਈ ਜ਼ਿਲ੍ਹਾ ਪੱਧਰ ਤੋਂ ਵਿਸ਼ੇਸ਼ ਟੀਮਾਂ ਭੇਜੀਆਂ ਜਾਣਗੀਆਂ। ਸਰਵੇ ਕਰਾਉਣ ਵਿੱਚ ਪਿੰਡ ਦੀਆਂ ਆਸ਼ਾ ਵਰਕਰ, ਆਂਗਣਵਾੜੀ ਵਰਕਰ ਅਤੇ ਹੈਲਪਰ ਅਤੇ ਪੰਚਾਇਤ ਸਕੱਤਰ ਵਿਸ਼ੇਸ਼ ਸਹਿਯੋਗ ਕਰਨਗੇ।