5 Dariya News

ਆਜ਼ਾਦੀ ਦਿਹਾੜੇ ਮੌਕੇ ਬਰਨਾਲਾ ਵਿਖੇ ਚੇਤਨ ਸਿੰਘ ਜੌੜਾਮਾਜਰਾ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ

ਡਿਪਟੀ ਕਮਿਸ਼ਨਰ ਨੇ ਬਾਬਾ ਕਲਾ ਮੇਹਰ ਸਟੇਡੀਅਮ ਵਿਖੇ ਤਿਆਰੀਆਂ ਸਬੰਧੀ ਲਿਆ ਜਾਇਜ਼ਾ

5 Dariya News

ਬਰਨਾਲਾ 09-Aug-2022

ਆਜ਼ਾਦੀ ਦਿਹਾੜਾ 15 ਅਗਸਤ ਨੂੰ ਆਜ਼ਾਦੀ ਦਿਹਾੜੇ ਮੌਕੇ ਬਰਨਾਲਾ ਵਿਖੇ ਜ਼ਿਲਾ ਪੱਧਰੀ ਸਮਾਗਮ ਦੌਰਾਨ ਸਿਹਤ ਮੰਤਰੀ ਪੰਜਾਬ ਚੇਤਨ ਸਿੰਘ ਜੌੜਾਮਾਜਰਾ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ। ਇਹ ਸਮਾਗਮ ਬਾਬਾ ਕਲਾ ਮੇਹਰ ਬਹੁਮੰਤਵੀ ਖੇਡ ਸਟੇਡੀਅਮ ਵਿਖੇ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਬਰਨਾਲਾ ਡਾ ਹਰੀਸ਼ ਨਈਅਰ ਨੇ ਅੱਜ ਬਾਬਾ ਕਲਾ ਮੇਹਰ ਸਟੇਡੀਅਮ ਵਿਖੇ ਜ਼ਿਲ੍ਹਾ ਪੱਧਰੀ ਸਮਾਗਮ ਦੀ ਤਿਆਰੀ ਸਬੰਧੀ ਬੁਲਾਈ ਗਈ ਵਿਸ਼ੇਸ਼ ਬੈਠਕ ਨੂੰ ਸੰਬੋਧਨ ਕਰਦਿਆਂ ਦਿੱਤੀ।

ਉਹਨਾਂ ਦੱਸਿਆ ਕਿ ਆਜਾਦੀ ਦੇ 75ਵੇਂ ਅੰਮਿ੍ਰਤ ਮਹਾਂਉਤਸਵ ਦੇ ਮੱਦੇਨਜ਼ਰ ਆਜ਼ਾਦੀ ਦਿਹਾੜਾ ਪੂਰੇ ਉਤਸ਼ਾਹ ਨਾਲ ਮਨਾਇਆ ਜਾਵੇਗਾ, ਜਿਸ ਸਬੰਧੀ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਉਨਾਂ ਹਦਾਇਤ ਕੀਤੀ ਕਿ ਇਸ ਸਮਾਗਮ ਨੂੰ ਸਫ਼ਲਤਾ ਪੂਰਵਕ ਨੇਪਰੇ ਚਾੜਨ ਲਈ ਜਿਨਾਂ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਜ਼ਿੰਮੇਵਾਰੀ ਲਗਾਈ ਗਈ ਹੈ ਉਹ ਸੌਂਪੀ ਗਈ ਜ਼ਿੰਮੇਵਾਰੀ ਨੂੰ ਪੂਰੀ ਲਗਨ ਅਤੇ ਤਨਦੇਹੀ ਨਾਲ ਨਿਭਾਉਣ।

ਉਨਾਂ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਸਮਾਗਮ ਵਾਲੀ ਥਾਂ ’ਤੇ ਵੱਖ-ਵੱਖ ਸਖ਼ਸ਼ੀਅਤਾਂ ਦੇ ਬੈਠਣ ਲਈ ਵੱਖਰੇ-ਵੱਖਰੇ ਬਲਾਕ ਤਿਆਰ ਕਰਵਾਏ ਜਾਣ ਅਤੇ ਇਸ ਸਬੰਧੀ ਪੁਖ਼ਤਾ ਪ੍ਰਬੰਧ ਕਰਨੇ ਯਕੀਨੀ ਬਣਾਏ ਜਾਣ। ਉਨਾਂ ਪੁਲਿਸ ਵਿਭਾਗ ਨੂੰ ਸੁਰੱਖਿਆ ਦੇ ਉਚਿੱਤ ਇੰਤਜ਼ਾਮ ਕਰਨ ਦੀ ਹਦਾਇਤ ਕੀਤੀ। ਉਨਾਂ ਕਾਰਜ ਸਾਧਕ ਅਧਿਕਾਰੀਆਂ ਨੂੰ ਹਦਾਇਤ ਕੀਤੀ ਸਵੱਛਤਾ ਅਭਿਆਨ ਤਹਿਤ ਮੁਹਿੰਮ ਚਲਾ ਕੇ ਜ਼ਿਲੇ ਅੰਦਰ ਸਾਫ਼-ਸਫਾਈ ਕਰਵਾਈ ਜਾਵੇ।

ਡਿਪਟੀ ਕਮਿਸ਼ਨਰ ਨੇ ਹਦਾਇਤ ਕੀਤੀ ਕਿ ਸੁਤੰਤਰਤਾ ਦਿਹਾੜੇ ਸਬੰਧੀ ਕਾਰਜਾਂ ਨੂੰ ਸਮਾਂ ਰਹਿੰਦਿਆਂ ਹੀ ਮੁਕੰਮਲ ਕਰ ਲਿਆ ਜਾਵੇ ਤਾਂ ਜੋ ਸਮਾਗਮ ਦੌਰਾਨ ਕਿਸੇ ਵੀ ਕਿਸਮ ਦੀ ਦਿੱਕਤ ਨਾ ਆਵੇ। ਉਨਾਂ ਦੱਸਿਆ ਕਿ ਅੰਤਿਮ ਰਿਹਰਸਲ 13 ਅਗਸਤ ਨੂੰ ਸਟੇਡੀਅਮ ਵਿਖੇ ਹੀ ਹੋਵੇਗੀ। ਉਹਨਾਂ ਨੇ ਦੱਸਿਆ ਕਿ ਸੁਰੱਖਿਆ ਬਲਾਂ ਵਲੋਂ ਪਰੇਡ ਕੱਢੀ ਜਾਵੇਗੀ ਜਿਸ ਵਿਚ ਪੰਜਾਬ ਪੁਲਿਸ ਦੀਆਂ ਟੁਕੜੀਆਂ, ਪੁਲਿਸ ਦੇ ਮਹਿਲਾ ਵਿੰਗ ਦੀ ਟੁਕੜੀ, ਹੋਮ ਗਾਰਡਜ਼ ਦੀ ਟੁਕੜੀ, ਐਨ.ਸੀ.ਸੀ. ਲੜਕੇ ਤੇ ਲੜਕੀਆਂ ਕੈਡੇਟਸ ਦੀਆਂ ਟੁਕੜੀਆਂ, ਸਕਾਊਟਸ ਦੀਆਂ ਟੁਕੜੀਆਂ ਸਮੇਤ ਸਕੂਲੀ ਬੱਚਿਆਂ ਦੀ ਬੈਂਡ ਟੀਮ ਸ਼ਾਮਲ ਹੋਵੇਗੀ। 

ਸਕੂਲੀ ਬੱਚਿਆਂ ਵੱਲੋਂ ਪੀ.ਟੀ ਸ਼ੋਅ, ਅਤੇ ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮਾਂ ਦੀ ਪੇਸ਼ਕਾਰੀ ਹੋਵੇਗੀ। ਇਸ ਦੌਰਾਨ ਆਜ਼ਾਦੀ ਘੁਲਾਟੀਆਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਜਾਵੇਗਾ ਅਤੇ ਲੋੜਵੰਦਾਂ ਨੂੰ ਟਰਾਈ ਸਾਈਕਲਾਂ ਤੇ ਸਿਲਾਈ ਮਸ਼ੀਨਾਂ ਦੀ ਵੰਡ ਤੋਂ ਇਲਾਵਾ ਵੱਖ-ਵੱਖ ਖੇਤਰਾਂ ਵਿੱਚ ਸ਼ਲਾਘਾਯੋਗ ਕੰਮ ਕਰਨ ਵਾਲੀਆਂ ਸ਼ਖ਼ਸੀਅਤਾਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ।

ਇਸ ਮੌਕੇ ਉਪ ਮੰਡਲ ਮੈਜਿਸਟ੍ਰੇਟ ਬਰਨਾਲਾ ਸ਼੍ਰੀ ਗੋਪਾਲ ਸਿੰਘ, ਪੀ.ਜੀ.ਓ ਸ਼੍ਰੀ ਸੁਖਪਾਲ ਸਿੰਘ,  ਪ੍ਰੋਗਰਾਮ ਅਫਸਰ ਸ਼੍ਰੀ ਕੁਲਵਿੰਦਰ ਸਿੰਘ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਸ਼੍ਰੀਮਤੀ ਤੇਵਾਸਪ੍ਰੀਤ ਕੌਰ, ਜ਼ਿਲ੍ਹਾ ਸਿਖਿਆ ਅਫਸਰ ਸ਼੍ਰੀ ਸਰਬਜੀਤ ਸਿੰਘ ਤੂਰ, ਜ਼ਿਲ੍ਹਾ ਸਪੋਰਟਸ ਅਫਸਰ ਸ਼੍ਰੀ ਬਲਵਿੰਦਰ ਸਿੰਘ, ਜ਼ਿਲ੍ਹਾ ਲੋਕ ਸੰਪਰਕ ਅਫਸਰ ਸ਼੍ਰੀਮਤੀ ਮੇਘ ਮਾਨ, ਸਹਾਇਕ ਲੋਕ ਸੰਪਰਕ ਅਫਸਰ ਸ਼੍ਰੀਮਤੀ ਜਗਬੀਰ ਕੌਰ ਆਦਿ ਹਾਜ਼ਰ ਸਨ।