ਵੋਟਰ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਲਈ ਲਗਾਏ ਜਾਣਗੇ ਵਿਸ਼ੇਸ਼ ਕੈਂਪ : ਪਰਨੀਤ ਸ਼ੇਰਗਿੱਲ
ਵੋਟਰਾਂ ਦੇ ਫੋਟੋ ਸ਼ਨਾਖਤੀ ਕਾਰਡ ਡਾਕ ਵਿਭਾਗ ਵੱਲੋ਼ ਭੇਜੇ ਜਾਣਗੇ ਕੇਵਲ ਸਪੀਡ ਪੋਸਟ ਰਾਹੀਂ
5 Dariya News
ਫ਼ਤਹਿਗੜ੍ਹ ਸਾਹਿਬ 09-Aug-2022
ਭਾਰਤ ਦੇ ਚੋਣ ਕਮਿਸ਼ਨ ਵੱਲੋ਼ ਇੱਕ ਤੋਂ ਵੱਧ ਜਗ੍ਹਾਂ ਤੋਂ ਬਣਾਈਆਂ ਵੋਟਾਂ ਦੀ ਸ਼ਨਾਖਤ ਕਰਨ ਲਈ ਵੋਟਰ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਦੀ ਮੁਹਿੰਮ ਚਲਾਈ ਜਾ ਰਹੀ ਹੈ ਇਸ ਮੁਹਿੰਮ ਤਹਿਤ ਹਰੇਕ ਵੋਟਰ ਦੇ ਵੋਟਰ ਸ਼ਨਾਖਤੀ ਕਾਰਡ ਨੂੰ ਆਧਾਰ ਨਾਲ ਲਿੰਕ ਕਰਨ ਸਬੰਧੀ ਬੂਥ ਲੈਵਲ ’ਤੇ ਵਿਸ਼ੇਸ਼ ਕੈਂਪ ਲਗਾਏ ਜਾਣਗੇ ਤਾਂ ਜੋ ਕਿਸੇ ਵੀ ਵੋਟਰ ਦਾ ਕਾਰਡ ਆਧਾਰ ਨਾਲ ਲਿੰਕ ਹੋਣ ਤੋਂ ਨਾ ਰਹੇ। ਇਹ ਜਾਣਕਾਰੀ ਜਿ਼ਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਪਰਨੀਤ ਸ਼ੇਰਗਿੱਲ ਨੇ ਜਿ਼ਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਕੀਤੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਦਿੱਤੀ।
ਉਨ੍ਹਾਂ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਚੋਣ ਕਮਿਸ਼ਨ ਵੱਲੋਂ ਕੀਤੇ ਜਾ ਰਹੇ ਇਸ ਉਪਰਾਲੇ ਬਾਰੇ ਵੱਧ ਤੋਂ ਵੱਧ ਵੋਟਰਾਂ ਨੂੰ ਜਾਗਰੂਕ ਕੀਤਾ ਜਾਵੇ ਤਾਂ ਜੋ ਇਸ ਮੁਹਿੰਮ ਨੂੰ ਸਫਲਤਾ ਪੂਰਬਕ ਨੇਪਰੇ ਚੜਾਇਆ ਜਾ ਸਕੇ। ਜਿ਼ਲ੍ਹਾ ਚੋਣ ਅਫਸਰ ਨੇ ਇਹ ਵੀ ਦੱਸਿਆ ਕਿ ਜੇਕਰ ਕਿਸੇ ਵੋਟਰ ਕੋਲ ਆਧਾਰ ਕਾਰਡ ਨਹੀਂ ਹੈ ਤਾਂ ਉਹ ਫਾਰਮ ਨੰ: 6-ਬੀ ਵਿੱਚ ਦਰਸਾਏ ਦਸਤਾਵੇਜਾਂ ਵਿੱਚੋਂ 1 ਸਵੈ ਤਸਦੀਕ ਕੀਤਾ ਹੋਇਆ ਦਸਤਾਵੇਜ ਜਮ੍ਹਾਂ ਕਰਵਾਉਣਾ ਲਾਜ਼ਮੀ ਹੈ।
ਉਨ੍ਹਾਂ ਕਿਹਾਕਿ ਮੌਜੂਦਾ ਵੋਟਰ ਸੂਚੀ ਵਿੱਚ ਰਜਿਸਟਰਡ ਵੋਟਰਾਂ ਵੱਲੋਂ ਆਪਣੇ ਆਧਾਰ ਕਾਰਡ ਨੂੰ ਵੋਟਰ ਕਾਰਡ ਨਾਲ ਜੋੜਨ ਲਈ ਫਾਰਮ ਨੰ: 6-ਬੀ ਭਰ ਕੇ ਸਬੰਧਤ ਈ.ਆਰ.ਓ./ਬੀ.ਐਲ.ਓ ਨੂੰ ਦਿੱਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਵੋਟਰ ਕਾਰਡ ਨਾਲ ਆਧਾਰ ਕਾਰਡ ਚੋਣ ਕਮਿਸ਼ਨ ਦੇ NVSP ਪੋਰਟਲ, ਵੋਟਰ ਹੈਲਪ ਲਾਈਨ ਮੋਬਾਇਲ ਐਪ ਜਾਂ ਵੋਟਰ ਪੋਰਟਲ ’ਤੇ ਆਨ ਲਾਈਨ ਵੀ ਜੋੜਿਆ ਜਾ ਸਕਦਾ ਹੈ। ਉਨ੍ਹਾਂ ਹੋਰ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ 18 ਸਾਲ ਦੀ ਉਮਰ ਵਾਲੇ ਨੌਜਵਾਨਾਂ ਦੀਆਂ ਵੱਧ ਤੋਂ ਵੱਧ ਵੋਟਾਂ ਬਣਾਉਣ ਲਈ ਹੁਣ ਸਾਲ ਵਿੱਚ ਚਾਰ ਯੋਗਤਾ ਮਿਤੀਆਂ 1 ਜਨਵਰੀ, 1 ਅਪ੍ਰੈਲ, 1 ਜੁਲਾਈ ਅਤੇ 1 ਅਕਤੂਬਰ ਨਿਸ਼ਚਿਤ ਕੀਤੀਆਂ ਗਈਆਂ ਹਨ।
ਇਨ੍ਹਾਂ ਯੋਗਤਾ ਮਿਤੀਆਂ ਦੇ ਆਧਾਰ ’ਤੇ ਹੀ ਵੋਟਰ ਸੂਚੀਆਂ ਦੀ ਸੁਧਾਈ ਦਾ ਕੰਮ ਕੀਤਾ ਜਾਵੇਗਾ। ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜਿਹੜੇ ਪੋਲਿੰਗ ਸਟੇਸ਼ਨਾਂ ’ਤੇ 1500 ਤੋਂ ਵੱਧ ਵੋਟਰ ਹਨ ਉਥੇ ਦੋ ਪੋਲਿੰਗ ਸਟੇਸ਼ਨ ਬਣਾਏ ਜਾਣਗੇ ਤਾਂ ਜੋ ਵੋਟਰਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾਂ ਪਵੇ। ਉਨ੍ਹਾਂ ਦੱਸਿਆ ਕਿ ਵੋਟਰਾਂ ਦੇ ਫੋਟੋ ਸ਼ਨਾਖਤੀ ਕਾਰਡ ਹੁਣ ਕੇਵਲ ਡਾਕ ਵਿਭਾਗ ਵੱਲੋ਼ ਸਪੀਡ ਪੋਸਟ ਰਾਹੀਂ ਹੀ ਭੇਜੇ ਜਾਣਗੇ। ਉਨ੍ਹਾਂ ਡਾਕ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਇਸ ਕੰਮ ਨੂੰ ਪਹਿਲ ਦੇ ਆਧਾਰ ’ਤੇ ਕੀਤਾ ਜਾਵੇ ਤਾਂ ਜੋ ਵੋਟਰਾਂ ਦੇ ਆਧਾਰ ਕਾਰਡ ਲਿੰਕ ਕਰਨ ਦੀ ਮੁਹਿੰਮ ਨੂੰ ਸਫਲਤਾ ਪੂਰਬਕ ਮੁਕੰਮਲ ਕੀਤਾ ਜਾ ਸਕੇ।
ਜਿ਼ਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਚੋਣੌ ਕਮਿਸ਼ਨ ਵੱਲੋਂ ਵੋਟਾਂ ਸਬੰਧੀ ਫਾਰਮਾਂ ਵਿੱਚ ਤਬਦੀਲੀ ਕੀਤੀ ਗਈ ਹੈ ਅਤੇ ਹੁਣ ਨਵੇਂ ਵੋਟ ਬਣਾਉਣ ਲਈ ਫਾਰਮ ਨੰ: 6, ਪ੍ਰਵਾਸੀ ਭਾਰਤੀਆਂ ਦੇ ਰਜਿਸਟਰੇਸ਼ਨ ਲਈ ਫਾਰਮ ਨੰ: 6-ਏ, ਆਧਾਰ ਕਾਰਡ ਜਾਂ ਹੋਰ ਦਸਤਾਵੇਜ ਇਕੱਤਰ ਕਰਨ ਲਈ ਫਾਰਮ ਨੰ: 6-ਬੀ, ਮੌਤ ਸਰਟੀਫਿਕੇਟ ਪ੍ਰੋਵੀਜ਼ਨ ਲਈ ਫਾਰਮ ਨੰ: 7, ਵੋਟਰਾਂ ਦੇ ਸਿ਼ਫਟ ਹੋਣ, ਐਂਟਰੀ ਵਿੱਚ ਸੋਧ ਕਰਨ, ਸ਼ਨਾਖਤੀ ਕਾਰਡ ਰਿਪਲੇਸ ਕਰਵਾਉਣ ਅਤੇ ਦਿਵਿਆਂਗਤਾ ਮਾਰਕ ਕਰਵਾਉਣ ਲਈ ਫਾਰਮ ਨੰ: 8 ਭਰ ਕੇ ਦਿੱਤੇ ਜਾ ਸਕਦੇ ਹਨ।
ਇਸ ਤੋਂ ਇਲਾਵਾ ਫਾਰਮ ਨੰ: 8-ਏ ਅਤੇ 001 ਖ਼ਤਮ ਕੀਤੇ ਗਏ ਹਨ। ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਅਨੁਪ੍ਰਿਤਾ ਜੋਹਲ, ਜਿ਼ਲ੍ਹਾ ਚੋਣ ਤਹਿਸੀਲਦਾਰ ਨਿਰਮਲਾ ਦੇਵੀ, ਆਮ ਆਦਮੀ ਪਾਰਟੀ ਦੇ ਪ੍ਰੇਮ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਅਮਿਤ ਝਾਂਜੀ, ਭਾਰਤੀ ਜਨਤਾ ਪਾਰਟੀ ਦੇ ਨਰੇਸ਼ ਕੁਮਾਰ, ਬਹੁਜਨ ਸਮਾਜ ਪਾਰਟੀ ਦੀ ਗੁਰਮੇਲ ਕੌਰ, ਚੋਣ ਕਾਨੂੰਗੋ ਬ੍ਰਿਜ ਮੋਹਨ ਤੋਂ ਇਲਾਵਾ ਹੋਰ ਅਧਿਕਾਰੀ ਵੀ ਮੌਜੂਦ ਸਨ।