5 Dariya News

ਪਲਾਸਟਿਕ ਦੇ ਕਚਰੇ ਦੇ ਮਾਰੂ ਪ੍ਰਭਾਵਾਂ ਤੋਂ ਬਚਣ ਲਈ 500 ਕੱਪੜੇ ਦੇ ਥੈਲਿਆਂ ਦੀ ਕੀਤੀ ਵੰਡ

5 Dariya News

ਐਸ.ਏ.ਐਸ. ਨਗਰ 19-Jul-2022

ਪਲਾਸਟਿਕ ਲਿਫਾਫਿਆਂ ਤੇ ਪਾਬੰਦੀ ਬਾਰੇ ਆਪਣੀ ਜਾਗਰੂਕਤਾ ਮੁਹਿੰਮ ਜਾਰੀ ਰੱਖਦਿਆਂ ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਮੋਹਾਲੀ ਵੱਲੋਂ ਈਕੋ ਕੰਜ਼ਰਵ ਫਾਊਂਡੇਸ਼ਨ, ਚੰਡੀਗੜ੍ਹ ਦੇ ਸਹਿਯੋਗ ਨਾਲ ਅੱਜ ਸਬਜ਼ੀਆਂ ਅਤੇ ਫਲਾਂ ਨੂੰ ਲਿਜਾਣ ਲਈ ਕੱਪੜੇ ਦੇ ਥੈਲਿਆਂ ਦੀ ਵਰਤੋਂ ਕਰਨ ਲਈ ਜਾਗਰੂਕਤਾ ਮੁਹਿੰਮ ਚਲਾਈ ਗਈ। ਇਸ ਮੌਕੇ ਤੇ ਹਲਕਾ ਵਿਧਾਇਕ ਡੇਰਾਬੱਸੀ ਕੁਲਜੀਤ ਸਿੰਘ ਰੰਧਾਵਾ  ਅਤੇ ਐਸ.ਡੀ.ਐਮ. ਡੇਰਾਬੱਸੀ ਹਿੰਮਾਸ਼ੂ ਗੁਪਤਾ ਵੀ ਵਿਸ਼ੇਸ ਤੌਰ ਤੇ ਹਾਜ਼ਰ ਸਨ।

ਇਸ ਮੌਕੇ ਤੇ ਵਧੇਰੇ ਜਾਣਕਾਰੀ ਸਾਂਝੀ ਕਰਦਿਆ ਇੰਜੀਨੀਅਰ ਜੀ.ਡੀ. ਗਰਗ ਨੇ ਦੱਸਿਆ ਕਿ ਅੱਜ ਐਮ.ਸੀ. ਦਫਤਰ ਜ਼ੀਰਕਪੁਰ ਵਿਖੇ 500 ਦੇ ਕਰੀਬ  ਕੱਪੜੇ ਦੇ ਥੈਲੇ ਪਲਾਸਟਿਕ ਲਿਫਾਫਿਆਂ ਤੇ ਪਾਬੰਦੀ ਬਾਰੇ ਜਾਗਰੂਕਤਾ ਮੁਹਿੰਮ ਤਹਿਤ ਵੰਡੇ ਗਏ ਅਤੇ ਦੁਕਾਨਦਾਰਾਂ ਨੂੰ ਵੀ ਅਪੀਲ ਕੀਤੀ ਕਿ ਸਬਜੀ ਖਰੀਦਣ ਆਉਣ ਵਾਲਿਆਂ ਨੂੰ ਇਹ ਥੈਲੇ ਦਿੱਤੇ ਜਾਣ ਤਾਂ ਜੋ ਲੋਕਾਂ ਵਿੱਚ ਇਸ ਸਬੰਧੀ ਜਾਗਰੂਕਤਾ ਪੈਦਾ ਹੋਵੇ ਅਤੇ ਆਮ ਜਨਤਾ ਨੂੰ ਵੀ ਕੱਪੜੇ ਦੇ ਬੈਗ ਵੰਡ ਅਪੀਲ ਕੀਤੀ ਕਿ ਉਹ ਸਬਜੀ ਜਾਂ ਹੋਰ ਜ਼ਰੂਰੀ ਵਸਤਾਂ ਲਈ ਆਪਣੇ ਨਾਲ ਕੱਪੜੇ ਜਾਂ ਜੂਟ ਦੇ ਥੈਲੇ ਲੈ ਕੇ ਆਉਣ ਅਤੇ ਪਲਾਸਟਿਕ ਦੀ ਵਰਤੋਂ ਨੂੰ ਘਟਾਉਣ।

ਇਸ ਮੌਕੇ ਇੰਜੀਨੀਅਰ ਰਨਤੇਜ਼ ਸ਼ਰਮਾ ਵੱਲੋਂ ਵੀ ਮੌਜੂਦ ਲੋਕਾਂ ਨੂੰ ਪਲਾਸਟਿਕ ਦੇ ਕਚਰੇ ਦੇ ਮਾਰੂ ਪ੍ਰਭਾਵਾਂ ਤੋਂ ਜਾਣੂ ਕਰਵਾਇਆ ਗਿਆ ਅਤੇ ਸ਼ਹਿਰ ਦੇ ਵਾਸੀ ਹੋਣ ਦੇ ਨਾਤੇ ਸ਼ਹਿਰ ਨੂੰ ਸਾਫ ਸੁਥਰਾ ਅਤੇ ਪਲਾਸਟਿਕ ਮੁਕਤ ਰੱਖਣ ਲਈ ਸਰਕਾਰ ਦਾ ਸਹਿਯੋਗ ਦੇਣ ਦੀ ਅਪੀਲ ਕੀਤੀ।