ਜ਼ਿਲ੍ਹਾ ਪੱਧਰੀ ’ਤੀਆਂ ਤੀਜ਼ ਦੀਆਂ ’ ਆਮ ਖਾਸ ਬਾਗ ਵਿਖੇ 04 ਅਗਸਤ ਨੂੰ ਮਨਾਈਆਂ ਜਾਣਗੀਆਂ : ਪਰਨੀਤ ਸ਼ੇਰਗਿੱਲ
ਪੰਜਾਬ ਦੇ ਵਿਰਸੇ ਨਾਲ ਜੁੜੀਆਂ ਪੰਜਾਬੀ ਸਭਿੱਆਚਾਰ ਦੀਆਂ ਵੱਖ-ਵੱਖ ਵੰਨਗੀਆਂ ਦੇ ਕਰਵਾਏ ਜਾਣਗੇ ਮੁਕਾਬਲੇ
5 Dariya News
ਫ਼ਤਹਿਗੜ੍ਹ ਸਾਹਿਬ 18-Jul-2022
ਪੰਜਾਬ ਦੇ ਅਮੀਰ ਸੱਭਿਆਚਾਰ ਨਾਲ ਜੁੜੀਆਂ ’ ਤੀਆਂ ਤੀਜ਼ ਦੀਆਂ ’ 4 ਅਗਸਤ ਨੂੰ ਆਮ ਖਾਸ ਬਾਗ ਸਰਹਿੰਦ ਵਿਖੇ ਮਨਾਈਆਂ ਜਾਣਗੀਆਂ ਜਿਨ੍ਹਾਂ ਵਿੱਚ ਵੱਖ-ਵੱਖ ਉਮਰ ਵਰਗ ਦੇ ਪੰਜਾਬੀ ਸੱਭਿਆਚਾਰ ਦੀਆਂ ਵੱਖ-ਵੱਖ ਵੰਨਗੀਆਂ ਦੇ ਮੁਕਾਬਲੇ ਕਰਵਾਏ ਜਾਣਗੇ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਜਿ਼ਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਤੀਆਂ ਤੀਜ਼ ਦੀਆਂ ਮਨਾਉਣ ਸਬੰਧੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ। ਉਨ੍ਹਾਂ ਕਿਹਾ ਕਿ ਇਸ ਦੌਰਾਨ ਆਮ ਖਾਸ ਬਾਗ ਵਿਖੇ ਅਮੀਰ ਪੰਜਾਬੀ ਵਿਰਸੇ ਨਾਲ ਜੁੜੀਆਂ ਖਾਣ ਪੀਣ ਦੀਆਂ ਵਸਤਾਂ ਦੇ ਸਟਾਲ ਲਗਾਏ ਜਾਣਗੇ ਅਤੇ ਸਕੂਲਾਂ ਦੀਆਂ ਵਿਦਿਅਰਥਣਾਂ ਦੇ ਮੁਕਾਬਲੇ ਵੀ ਕਰਵਾਏ ਜਾਣਗੇ।
ਸ਼੍ਰੀਮਤੀ ਸ਼ੇਰਗਿੱਲ ਨੇ ਕਾਰਜ ਸਾਧਕ ਅਫਸਰ ਸਰਹਿੰਦ ਨੂੰ ਹਦਾਇਤ ਕੀਤੀ ਕਿ ਤੀਆਂ ਦੇ ਜਿ਼ਲ੍ਹਾ ਪੱਧਰੀ ਸਮਾਗਮ ਨੂੰ ਵੇਖਣ ਲਈ ਆਉਣ ਵਾਲਿਆਂ ਲਈ ਮਿਆਰੀ ਖਾਣ ਪੀਣ ਦੀਆਂ ਵਸਤਾਂ ਦੇ ਸਟਾਲ ਲਗਵਾਏ ਜਾਣ। ਉਨ੍ਹਾਂ ਜਿ਼ਲ੍ਹਾ ਪ੍ਰੋਗਰਾਮ ਅਫਸਰ ਨੂੰ ਤੀਆਂ ਦੇ ਸਮਾਗਮ ਦੌਰਾਨ ਰੰਗੋਲੀ ਆਦਿ ਦੇ ਪ੍ਰਬੰਧ ਕਰਨ ਲਈ ਵੀ ਕਿਹਾ। ਉਨ੍ਹਾਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਸਮਾਗਮ ਦੌਰਾਨ ਸਕੂਲੀ ਵਿਦਿਆਰਥੀਆਂ ਦੇ ਕਰਵਾਏ ਜਾਣ ਵਾਲੇ ਮੁਕਾਬਲਿਆਂ ਸਬੰਧੀ ਲੋੜੀਂਦੇ ਪ੍ਰਬੰਧ ਕੀਤੇ ਜਾਣ।
ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਤੀਆਂ ਦੇ ਸਮਾਗਮ ਦੌਰਾਨ ਜੂਟ ਬੈਗਜ਼ ਦੀ ਵਰਤੋਂ ਕਰਨ ਲਈ ਜਾਗਰੂਕ ਕਰਨ ਵਾਸਤੇ ਲੋੜੀਂਦੇ ਇੰਤਜ਼ਾਮ ਕੀਤੇ ਜਾਣ ਤਾਂ ਜੋ ਇਸ ਸਮਾਗਮ ਰਾਹੀਂ ਲੋਕਾਂ ਨੂੰ ਪਲਾਸਟਿਕ ਦੀ ਵਰਤੋਂ ਨਾ ਕਰਨ ਸਬੰਧੀ ਵੱਧ ਤੋਂ ਵੱਧ ਜਾਗਰੂਕ ਕੀਤਾ ਜਾ ਸਕੇ।
ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਜ) ਅਨੁਪ੍ਰਿੰਤਾ ਜੋਹਲ, ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਸ਼੍ਰੀਮਤੀ ਅਵਨੀਤ ਕੌਰ, ਐਸ.ਡੀ.ਐਮ. ਖਮਾਣੋਂ ਸ਼੍ਰੀਮਤੀ ਪਰਲੀਨ ਕੌਰ, ਐਸ.ਡੀ.ਐਮ. ਫ਼ਤਹਿਗੜ੍ਹ ਸਾਹਿਬ ਸ਼੍ਰੀ ਹਰਪ੍ਰੀਤ ਸਿੰਘ ਅਟਵਾਲ, ਕੌਂਸਲਰ ਆਸ਼ਾ ਰਾਣੀ, ਹਰਵਿੰਦਰ ਕੌਰ ਤੇ ਦਵਿੰਦਰ ਕੌਰ, ਮੈਡਮ ਰੂਪ੍ਪ੍ਰੀਤ ਕੌਰ, ਕਾਰਜ ਸਾਧਕ ਅਫਸਰ ਸਰਹਿੰਦ ਗੁਰਬਖਸ਼ੀਸ ਸਿੰਘ, ਕਾਰਜ ਸਾਧਕ ਅਫਸਰ ਖਮਾਣੋਂ ਸ਼੍ਰੀ ਰਜਨੀਸ਼ ਸੂਦ, ਬਲਵਿੰਦਰ ਸਿੰਘ ਕਾਰਜ ਸਾਧਕ ਅਫਸਰ ਅਮਲੋਹ, ਜਿ਼ਲ੍ਹਾ ਪ੍ਰੋਗਰਾਮ ਅਫਸਰ ਗੁਰਮੀਤ ਸਿੰਘ, ਜਿ਼ਲ੍ਹਾ ਬਾਲ ਸੁਰੱਖਿਆ ਅਫਸਰ ਸ਼੍ਰੀ ਹਰਭਜਨ ਸਿੰਘ, ਉਪ ਜਿ਼ਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ) ਦੀਦਾਰ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਵੀ ਮੌਜੂਦ ਸਨ।