ਭਾਸ਼ਾ ਵਿਭਾਗ ਨੇ ਉਘੇ ਸਾਹਿਤਕਾਰ ਤੇਲੂ ਰਾਮ ਕੁਹਾੜਾ ਦਾ ਰੂ-ਬ-ਰੂ ਸਮਾਗਮ ਕਰਵਾਇਆ
ਸ਼ੋ੍ਰਮਣੀ ਪੰਜਾਬੀ ਸਾਹਿਤਕਾਰ ਪ੍ਰੋ: ਅੱਛਰੂ ਸਿੰਘ ਨੇ ਮੁੱਖ ਮਹਿਮਾਨ ਵਜੋਂ ਕੀਤੀ ਸਿ਼ਰਕਤ
5 Dariya News
ਫ਼ਤਹਿਗੜ੍ਹ ਸਾਹਿਬ 12-Jul-2022
ਭਾਸ਼ਾ ਵਿਭਾਗ ਵੱਲੋ ਜਿ਼ਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ (ਡਾਇਟ) ਵਿਖੇ ਉਘੇ ਸਾਹਿਤਕਾਰ ਤੇਲੂ ਰਾਮ ਕੁਹਾੜਾ ਦਾ ਰੂ-ਬ-ਰੂ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਸ਼ੋ੍ਰਮਣੀ ਪੰਜਾਬੀ ਸਾਹਿਤਕਾਰ ਪ੍ਰੋ: ਅੱਛਰੂ ਸਿੰਘ ਨੇ ਬਤੌਰ ਮੁੱਖ ਮਹਿਮਾਨ ਸਿ਼ਰਕਤ ਕੀਤੀ। ਇਸ ਸਮਾਗਮ ਵਿੱਚ ਤੇਲੂ ਰਾਮ ਕੁਹਾੜਾ ਨੇ ਆਪਣੇ ਜੀਵਨ ਦੇ ਸਾਹਿਤਕ ਸਫਰ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੇ ਜੀਵਨ ਵਿੱਚ ਕਈ ਉਤਰਾਅ ਚੜਾਅ ਵੇਖੇ ਅਤੇ ਕਾਫੀ ਮਿਹਨਤ ਸਦਕਾ ਉਨ੍ਹਾ ਨੂੰ ਇਹ ਮੁਕਾਮ ਹਾਸਲ ਹੋਇਆ।
ਉਨ੍ਹਾਂ ਕਿਹਾ ਕਿ ਸਖਤ ਮਿਹਨਤ ਸਦਕਾ ਕਿਸੇ ਵੀ ਮੰਜਿ਼ਲ ਨੂੰ ਸਰ ਕੀਤਾ ਜਾ ਸਕਦਾ ਹੈ ਅਤੇ ਉਨ੍ਹਾਂ ਦੇ ਜੀਵਨ ਵਿੱਚ ਕੀਤੀ ਗਈ ਮਿਹਨਤ ਸਦਕਾ ਉਹ ਆਪਣੇ ਸਾਹਿਤਕ ਸਫਰ ਵਿੱਚ ਅੱਗੇ ਵੱਧਦੇ ਗਏ। ਉਨ੍ਹਾਂ ਆਪਣੀ ਸਫਲਤਾ ਦਾ ਸਿਹਰਾ ਆਪਣੇ ਮਾਂ ਬਾਪ ਨੂੰ ਦਿੱਤਾ। ਸਮਾਗਮ ਵਿੱਚ ਜਿ਼ਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ (ਡਾਇਟ) ਦੇ ਪ੍ਰਿੰਸੀਪਲ ਡਾ: ਆਨੰਦ ਗੁਪਤਾ ਨੇ ਬਤੌਰ ਵਿਸ਼ੇਸ਼ ਮਹਿਮਾਨ ਸਿ਼ਰਕਤ ਕੀਤੀ ਜਦੋਂ ਕਿ ਉਘੀ ਲੇਖਕਾ ਸ਼੍ਰੀਮਤੀ ਪਰਮਜੀਤ ਕੌਰ ਸਰਹਿੰਦ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ।
ਇਸ ਮੌਕੇ ਭਾਸ਼ਾ ਵਿਭਾਗ ਦੇ ਸੇਵਾ ਮੁਕਤ ਸਹਾਇਕ ਡਾਇਰੈਕਟਰ ਸ਼੍ਰੀਮਤੀ ਕੰਵਲਜੀਤ ਕੌਰ ਨੇ ਵਿਸ਼ੇਸ਼ ਤੌਰ ’ਤੇ ਸਿ਼ਰਕਤ ਕੀਤੀ। ਜਦੋਂ ਕਿ ਖੋਜ ਅਫਸਰ ਸ. ਜਗਜੀਤ ਸਿੰਘ ਨੇ ਵਿਭਾਗ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦੇਣ ਦੇ ਨਾਲ-ਨਾਲ ਆਏ ਮਹਿਮਾਨਾਂ ਦਾ ਧੰਨਵਾਦ ਵੀ ਕੀਤਾ। ਸਮਾਗਮ ਵਿੱਚ ਡਾ: ਸੁਖਵਿੰਦਰ ਸਿੰਘ ਢਿੱਲੋਂ, ਸਤਵਿੰਦਰ ਸਿੰਘ, ਕਰਨੈਲ ਸਿੰਘ ਤੇ ਸੂਰਜ ਭਾਨ ਵੀ ਮੌਜੂਦ ਸਨ।