5 Dariya News

ਮੱਛੀ ਪਾਲਣ ਵਿਭਾਗ ਨੇ ਰਾਸ਼ਟਰੀ ਮੱਛੀ ਕਿਸਾਨ ਦਿਵਸ ਮਨਾਇਆ

ਸਰਕਾਰ ਵੱਲੋਂ ਦਿੱਤੀ ਜਾਂਦੀ ਸਹੂਲਤਾਂ ਦਾ ਲਾਭ ਉਠਾਕੇ ਆਸਾਨੀ ਨਾਲ ਸ਼ੁਰੂ ਕੀਤਾ ਜਾ ਸਕਦੇ ਮੱਛੀ ਪਾਲਣ ਦਾ ਕਿੱਤਾ : ਸਹਾਇਕ ਡਾਇਰੈਕਟਰ

5 Dariya News

ਪਟਿਆਲਾ 10-Jul-2022

ਮੱਛੀ ਪਾਲਣ ਵਿਭਾਗ ਪਟਿਆਲਾ ਵੱਲੋਂ ਡਾਇਰੈਕਟਰ ਅਤੇ ਵਾਰਡਨ ਮੱਛੀ ਪਾਲਣ ਵਿਭਾਗ ਜਸਵੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ 'ਤੇ ਅੱਜ ਰਾਸ਼ਟਰੀ ਮੱਛੀ ਪਾਲਕ ਦਿਵਸ ਮਨਾਇਆ ਗਿਆ। ਇਸ ਮੌਕੇ ਮੱਛੀ ਦਿਵਸ ਦੀ ਮਹੱਤਤਾ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਡਾਇਰੈਕਟਰ ਮੱਛੀ ਪਾਲਣ ਕਰਮਜੀਤ ਸਿੰਘ ਨੇ ਦੱਸਿਆ ਕਿ 10 ਜੁਲਾਈ 1957 ਨੂੰ ਦੋ ਭਾਰਤੀ ਵਿਗਿਆਨਕਾਂ ਡਾ. ਹੀਰਾ ਲਾਲ ਚੌਧਰੀ ਅਤੇ ਡਾਕਟਰ ਕੇ.ਐਚ. ਐਲੂਕੰਨੀ ਨੇ ਮੱਛੀਆਂ ਵਿੱਚ ਪ੍ਰੇਰਿਤ ਪ੍ਰਜਨਣ ਤਕਨੀਕ ਦੀ ਖੋਜ ਕੀਤੀ ਸੀ। 

1957 ਤੋਂ ਪਹਿਲਾਂ ਮੱਛੀ ਪਾਲਣ ਖੇਤਰ ਵਿੱਚ ਮੱਛੀ ਪੂੰਗ ਨੂੰ ਕੁਦਰਤੀ ਸਰੋਤਾਂ (ਦਰਿਆਵਾਂ) ਦੇ ਪਾਣੀ ਨੂੰ ਸਕੂਪ ਨੈੱਟ ਲਗਾ ਕੇ ਫੜਿਆ ਜਾਂਦਾ ਸੀ। ਇਸ ਵਿੱਚ ਕਈ ਅਣਚਾਹੀਆਂ ਮੱਛੀਆਂ ਦਾ ਪੂੰਗ ਵੀ ਆ ਜਾਂਦਾ ਸੀ। ਕਿਸਾਨਾਂ ਨੂੰ ਮਿਆਰੀ ਕਿਸਮ ਦਾ ਪੂੰਗ ਨਾ ਮਿਲਣ ਕਰਕੇ ਆਰਥਿਕ ਨੁਕਸਾਨ ਚੁੱਕਣਾ ਪੈਂਦਾ ਸੀ। ਇਨ੍ਹਾਂ ਵਿਗਿਆਨੀਆਂ ਨੇ ਮੱਛੀਆਂ ਦੀ ਬਰੀਡਿੰਗ ਤਕਨੀਕ ਵਿੱਚ ਪਿਚੂਟਰੀ ਗਲੈਂਡ ਇੰਜੈੱਕਸ਼ਨ ਦੇ ਕੇ ਉਨ੍ਹਾਂ ਨੂੰ ਫਾਰਮ ਉਪਰ ਹੀ ਬੀਜ ਪੈਦਾ ਕਰਨ ਦੀ ਤਕਨੀਕ ਵਿਕਸਿਤ ਕੀਤੀ ਜਿਸ ਨਾਲ ਦੇਸ਼ ਅੰਦਰ ਮੱਛੀ ਪੂੰਗ ਫਾਰਮਾਂ ਅਤੇ ਹੈਚਰੀਆਂ ਦਾ ਨਿਰਮਾਣ ਹੋਣਾ ਸ਼ੁਰੂ ਹੋਇਆ ਅਤੇ ਮੱਛੀ ਪੂੰਗ ਦੀਆਂ ਵੱਖ ਵੱਖ ਕਿਸਮਾਂ ਦੇ ਪੂੰਗ ਮਿਲਣ ਕਰਕੇ, ਨੀਲੀ ਕ੍ਰਾਂਤੀ ਦਾ ਆਗਾਜ਼ ਹੋਇਆ।

ਉਨ੍ਹਾਂ ਕਿਹਾ ਕਿ ਅੱਜ ਮੱਛੀ ਪਾਲਣ ਖੇਤਰ ਵਿਕਾਸ ਦੀਆਂ ਨਵੀਂਆਂ ਬੁਲੰਦੀਆਂ ਨੂੰ ਛੂਹ ਰਿਹਾ ਹੈ। ਇਸ ਕਰਕੇ ਇਹ ਦਿਨ ਉਨ੍ਹਾਂ ਦੀ ਯਾਦ ਵਿੱਚ ਹਰ ਸਾਲ 10 ਜੁਲਾਈ ਨੂੰ ਰਾਸ਼ਟਰੀ ਮੱਛੀ ਕਿਸਾਨ ਦਿਵਸ ਵੱਜੋ ਮਨਾਇਆ ਜਾਂਦਾ ਹੈ। ਇਸ ਮੌਕੇ ਪਟਿਆਲਾ ਜ਼ਿਲ੍ਹੇ ਦੇ ਮੱਛੀ ਪਾਲਕ/ਕਿਸਾਨਾਂ ਨੇ ਭਾਗ ਲਿਆ। ਸਭ ਤੋਂ ਪਹਿਲਾ ਸਹਾਇਕ ਡਾਇਰੈਕਟਰ ਮੱਛੀ ਪਾਲਣ ਪਟਿਆਲਾ ਵੱਲੋਂ ਸਾਰੇ ਕਿਸਾਨਾਂ ਨੂੰ ਜੀ ਆਇਆ ਕਹਿੰਦੇ ਹੋਏ ਮੱਛੀ ਪਾਲਣ ਦੇ ਧੰਦੇ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ ਅਤੇ ਦੱਸਿਆ ਕਿ ਕਿਵੇਂ ਉਹ ਮੱਛੀ ਪਾਲਣ ਦੇ ਧੰਦੇ ਨੂੰ ਅਪਣਾ ਕਿ ਆਪਣੀ ਆਮਦਨ ਨੂੰ ਦੁੱਗਣਾ ਕਰ ਸਕਦੇ ਹਨ। 

ਇਸ ਮੌਕੇ ਸੀਨੀਅਰ ਮੱਛੀ ਪਾਲਣ ਅਫ਼ਸਰ ਦਵਿੰਦਰ ਸਿੰਘ ਬੇਦੀ ਨੇ ਮੱਛੀ ਪਾਲਕਾਂ ਨੂੰ ਦਿੱਤੀਆਂ ਜਾਂਦੀਆਂ ਤਕਨੀਕੀ ਅਤੇ ਵਿੱਤੀ ਸਹੂਲਤਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਜਿਸ ਵਿੱਚ ਪੀ.ਐਮ.ਐਮ.ਐਸ.ਵਾਈ. ਸਕੀਮ ਅਧੀਨ ਆਉਂਦੇ ਸਾਰੇ ਪ੍ਰੋਜੈਕਟਾਂ ਜਿਵੇਂ ਕਿ ਬਾਇਓਫਲਾਕ ਯੂਨਿਟ, ਨਵੇਂ ਤਲਾਬਾਂ ਦੀ ਪੁਟਾਈ, ਮੋਟਰ ਸਾਈਕਲ ਸਮੇਤ ਆਈਸ ਬਾਕਸ ਅਤੇ ਰੀ-ਸਰਕੁਲੇਟਰੀ ਐਕਆਕਲਚਰ ਸਿਸਟਮ ਬਾਰੇ ਦੱਸਿਆ ਗਿਆ ਤੇ ਇਸ 'ਤੇ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਵਿੱਤੀ ਸਹਾਇਤਾ 40 ਫ਼ੀਸਦੀ ਜਨਰਲ ਕੈਟਾਗਰੀ ਲਈ ਅਤੇ 60 ਫ਼ੀਸਦੀ ਐਸ.ਸੀ./ਔਰਤਾਂ ਲਈ ਬਾਰੇ ਜਾਣੂ ਕਰਵਾਇਆ ਤਾਂ ਜੋ ਮੱਛੀ ਪਾਲਕ ਇਸ ਦਾ ਵੱਧ ਤੋਂ ਵੱਧ ਲਾਭ ਪ੍ਰਾਪਤ ਕਰ ਸਕਣ।

ਸੀਨੀਅਰ ਮੱਛੀ ਪਾਲਣ ਅਫ਼ਸਰ ਅਤੇ ਇੰਚਾਰਜ ਸਰਕਾਰੀ ਮੱਛੀ ਪੂੰਗ ਬੀੜ ਦੁਸਾਂਝ ਨਾਭਾ ਗੁਰਜੀਤ ਸਿੰਘ ਨੇ ਮੌਜੂਦ ਕਿਸਾਨਾਂ ਨੂੰ ਮੱਛੀ ਪੂੰਗ ਦੀ ਬਰੀਡਿੰਗ ਅਤੇ ਵੱਖ ਵੱਖ ਕਿਸਮ ਦੀਆਂ ਮੱਛੀਆਂ ਦੇ ਪੂੰਗ ਦੀ ਉਪਲਬਧਤਾ ਅਤੇ ਸਪਲਾਈ ਦੀ ਜਾਣਕਾਰੀ ਦਿੱਤੀ। ਇਸ ਸਮਾਗਮ ਵਿੱਚ ਜ਼ਿਲ੍ਹੇ ਦੇ ਅਗਾਂਹਵਧੂ ਮੱਛੀ ਕਿਸਾਨ ਰਣਜੋਧ ਸਿੰਘ ਗਰੇਵਾਲ ਪਿੰਡ ਨਾਨੋਕੀ ਜ਼ਿਲ੍ਹਾ ਪਟਿਆਲਾ ਪ੍ਰਧਾਨ ਮੱਛੀ ਪਾਲਕ ਐਸੋਸੀਏਸ਼ਨ ਪੰਜਾਬ ਨੇ ਆਪਣੇ ਲਗਭਗ 35 ਸਾਲ ਦੇ ਮੱਛੀ ਪਾਲਣ ਦੇ ਧੰਦੇ ਦੇ ਤਜਰਬੇ ਦੀ ਜਾਣਕਾਰੀ ਸਾਂਝੀ ਕੀਤੀ। 

ਸਮਾਗਮ ਦੇ ਅੰਤ ਵਿੱਚ ਮੱਛੀ ਪਾਲਣ ਦੀ ਮੁੱਢਲੀ ਪੰਜ ਦਿਨਾਂ ਟਰੇਨਿੰਗ ਪ੍ਰੋਗਰਾਮ ਵਿੱਚ ਸ਼ਾਮਲ ਸਿੱਖਿਆਰਥੀਆਂ ਨੂੰ ਸਰਟੀਫਿਕੇਟ ਵੀ ਵੰਡੇ ਗਏ। ਇਸ ਸਮੇਂ ਸ੍ਰੀਮਤੀ ਵੀਰਪਾਲ ਕੌਰ, ਮੱਛੀ ਪਾਲਣ ਅਫ਼ਸਰ, ਪਟਿਆਲਾ ਅਤੇ ਤਰਸੇਮ ਲਾਲ, ਕਲਰਕ ਹਾਜ਼ਰ ਰਹੇ।