5 Dariya News

ਬੇਅਦਬੀ ਦੇ ਮਾਮਲੇ 'ਚੋਂ ਦੋਸ਼ ਮੁਕਤ ਹੋਣ ਬਾਅਦ ਸ਼੍ਰੋਮਣੀ ਅਕਾਲੀ ਦਲ ਮੁੜ ਮਜ਼ਬੂਤੀ ਵੱਲ ਵਧੇਗਾ- ਕਰਨੈਲ ਸਿੰਘ ਪੀਰ ਮੁਹੰਮਦ

5 Dariya News

ਫਿਰੋਜ਼ਪੁਰ 06-Jul-2022

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਹਾਜਰ ਨਾਜਰ ਪਾਤਿਸ਼ਾਹ ਹਨ ਗਹਿਰੀ ਸਾਜਿਸ਼ ਤਹਿਤ ਬੇਅਦਬੀ ਦੇ ਕਥਿਤ ਦੋਸ਼ਾਂ 'ਚੋਂ ਦੋਸ ਮੁਕਤ ਹੋਣ ਬਾਅਦ ਸ਼੍ਰੋਮਣੀ ਅਕਾਲੀ ਦਲ ਮੁੜ ਮਜ਼ਬੂਤੀ ਵੱਲ ਵੱਧੇਗਾ ਅਤੇ ਮੁੜ ਪੰਥ ਦਰਦੀ ਧਿਰਾਂ ਦੇ ਸਿਰ ਜੁੜਣਗੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱੱਤਰ ਅਤੇ ਬੁਲਾਰੇ ਸ੍ਰ ਕਰਨੈਲ ਸਿੰਘ ਪੀਰ ਮੁਹੰਮਦ ਨੇ ਬੇਅਦਬੀ ਦੇ ਦੋਸ਼ਾਂ 'ਚੋਂ ਸ਼੍ਰੋਮਣੀ ਅਕਾਲੀ ਦਲ ਨੂੰ ਮਿਲੀ ਰਾਹਤ ਤੇ ਆਪਣਾ ਪ੍ਰਤੀਕਰਮ ਪ੍ਰਗਟ ਕਰਦੇ ਕੀਤਾ। 

ਉਨ੍ਹਾਂ ਕਿਹਾ ਕਿ ਸਿੱਖ ਕੌਮ ਦੀ ਨੁਮਾਇੰਦਾ ਜਮਾਤ ਅਤੇ ਪੰਜਾਬ ਦੀ ਆਪਣੀ ਰਾਜਨੀਤਿਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬ ਸਮੇਤ ਸਿੱਖ ਕੌਮ ਦੇ ਦਿਲਾਂ ਤੋਂ ਦੂਰ ਕਰਨ ਲਈ ਵਿਰੋਧੀ ਸਿਆਸੀ ਧਿਰਾਂ ਵਲੋਂ ਬਹੁਤ ਹੀ ਘਟੀਆ ਕਿਸਮ ਦੀ ਸੋਚ ਤਹਿਤ ਸ਼੍ਰੋਮਣੀ ਅਕਾਲੀ ਦਲ ਉੱਪਰ ਪਾਵਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਰਗੇ ਬੇਬੁਨਿਆਦ ਦੋਸ਼ ਮੜ੍ਹੇ ਗਏ ਸਨ ਅਤੇ ਲਗਾਤਾਰ ਬਦਨਾਮ ਕੀਤਾ ਜਾਦਾ ਰਿਹਾ । 

 ਸ੍ ਕਰਨੈਲ ਸਿੰਘ ਪੀਰਮੁਹੰਮਦ  ਨੇ ਕਿਹਾ ਕਿ  ਉਕਤ ਘਟਨਾਵਾਂ ਵਿਚ ਜੇਕਰ ਸ਼੍ਰੋਮਣੀ ਅਕਾਲੀ ਦਲ  ਕੋਈ ਭੂਮਿਕਾ ਸੀ ਤਾਂ ਫਿਰ ਸੱਤਾ ਹੰਢਾਉਣ ਵਾਲੀ ਕਾਂਗਰਸ ਪਾਰਟੀ ਵਾਰ-ਵਾਰ ਜਾਂਚ ਕਰਵਾਉਣ ਬਾਅਦ ਕੋਈ ਕਾਰਵਾਈ ਕਿਉਂ ਨਹੀਂ ਕਰ ਸਕੀ ਤੇ ਹੁਣ ਭਗਵੰਤ ਮਾਨ ਸਰਕਾਰ ਵਲੋਂ ਕਰਵਾਈ ਗਈ ਜਾਂਚ 'ਚ ਵੀ ਇਹ ਸਪੱਸ਼ਟ ਹੋ ਚੁੱਕਿਆ ਹੈ ਕਿ ਬੇਅਦਬੀ ਦੀਆਂ ਘਟਨਾਵਾਂ 'ਚ ਸ਼੍ਰੋਮਣੀ ਅਕਾਲੀ ਦਲ ਦੀ ਕੋਈ ਭੂਮਿਕਾ ਨਹੀਂ, ਜਿਸ ਦਾ ਖੁਲਾਸਾ ਪੰਜਾਬ ਸਰਕਾਰ ਵਲੋਂ ਸਿੱਖ ਆਗੂਆਂ ਨੂੰ ਸੌਂਪੀ ਗਈ ਰਿਪੋਰਟ 'ਚ ਵੀ ਹੋ ਚੁੱਕਾ ਹੈ। 

ਉਨ੍ਹਾਂ ਕਿਹਾ ਕਿ ਹੁਣ ਬੇਅਦਬੀ ਦੇ ਦੋਸ਼ ਤੋਂ ਮੁਕਤ ਹੋਣ ਬਾਦ ਪੰਥ ਅਤੇ ਪੰਜਾਬੀਆਂ ਦਾ ਵਿਸ਼ਵਾਸ ਮੁੜ ਬਹਾਲ ਹੋਵੇਗਾ । ਉਨ੍ਹਾਂ ਸਮੁੱਚੇ ਪੰਥ ਦਰਦੀਆਂ ਨੂੰ ਅਪੀਲ ਕੀਤੀ ਕਿ ਅਜੋਕੇ ਰਾਜਨੀਤਿਕ ਅਤੇ ਸਮਾਜਿਕ ਹਾਲਤਾਂ ਵਿੱਚ ਪੰਥ ਦੀ ਚੜਦੀ ਕਲਾ ਲਈ ਸਾਰੀਆਂ ਧਿਰਾਂ ਨੂੰ ਜਥੇਦਾਰ ਅਕਾਲ ਤਖ਼ਤ ਸਾਹਿਬ ਦੀ ਹਦਾਇਤ ਅਨੁਸਾਰ  ਸਿਰ ਜੋੜਕੇ ਇਕਜੁੱਟ ਹੋਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਦਿੱਲੀ ਤੋ ਆ ਰਹੇ ਰਾਜਨੀਤਿਕ ਧਾੜਵੀਆ ਵਾਗ ਪੰਜਾਬ ਅੰਦਰ ਆਪਣੀ ਮਨਮਰਜੀ ਦੀ ਸਰਕਾਰ ਚਲਾ ਰਹੇ ਹਨ ਜਿੰਨਾ ਨੂੰ ਸਿਰਫ ਸ੍ਰੌਮਣੀ ਅਕਾਲੀ ਦਲ ਹੀ ਰੋਕ ਸਕਦਾ ਹੈ । 

ਇਸ ਮੌਕੇ ਅਕਾਲੀ ਆਗੂ ਸ੍ਰ ਗੁਰਮੁੱਖ ਸਿੰਘ ਸੰਧੂ , ਡਾਕਟਰ ਕਾਰਜ ਸਿੰਘ ਧਰਮ ਸਿੰਘ ਵਾਲਾ, ਬੂਟਾ ਸਿੰਘ ਭੁੱਲਰ,ਸੁਖਦੇਵ ਸਿੰਘ ਮੱਖੂ ਵੀ ਹਾਜਰ ਸਨ।