5 Dariya News

ਸਿੰਗਲ ਯੂਜ਼ ਪਲਾਸਟਿਕ ਦੀ ਰੋਕਥਾਮ ਲਈ ਏ.ਡੀ.ਸੀ. ਨੇ ਥੋਕ ਤੇ ਪ੍ਰਚੂਨ ਦੁਕਾਨਾਂ ਦੀ ਕੀਤੀ ਚੈਕਿੰਗ

ਦੁਕਾਨਦਾਰਾਂ ਨੂੰ ਸਿੰਗਲ ਯੂਜ਼ ਪਲਾਸਟਿਕ ਤੁਰੰਤ ਬੰਦ ਕਰਨ ਲਈ ਕੀਤਾ ਜਾਗਰੂਕ

5 Dariya News

ਹੁਸ਼ਿਆਰਪੁਰ 01-Jul-2022

ਡਿਪਟੀ ਕਮਿਸ਼ਨਰ ਸੰਦੀਪ ਹੰਸ ਦੇ ਨਿਰਦੇਸ਼ਾਂ ’ਤੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਸੰਦੀਪ ਕੁਮਾਰ ਦੀ ਅਗਵਾਈ ਵਾਲੀ ਟੀਮ ਨੇ ਅੱਜ ਥੋਕ ਤੇ ਪ੍ਰਚੂਨ ਦੀਆਂ ਦੁਕਾਨਾਂ ਦੀ ਚੈਕਿੰਗ ਕੀਤੀ। ਇਸ ਦੌਰਾਨ ਜਿਥੇ ਸਿੰਗਲ ਯੂਜ਼ ਪਲਾਸਟਿਕ ਪਾਇਆ ਗਿਆ, ਉਨ੍ਹਾਂ ਦੁਕਾਨਦਾਰਾਂ ਨੂੰ ਜਾਗਰੂਕ ਕਰਕੇ ਇਸ ਦੀ ਵਰਤੋਂ ਤੁਰੰਤ ਬੰਦ ਕਰਨ ਲਈ ਕਿਹਾ ਗਿਆ। ਉਨ੍ਹਾਂ ਕਿਹਾ ਕਿ 1 ਜੁਲਾਈ ਤੋਂ ਸਿੰਗਲ ਯੂਜ਼ ਪਲਾਸਟਿਕ ’ਤੇ ਪੂਰੀ ਤਰ੍ਹਾਂ ਨਾਲ ਪਾਬੰਦੀ ਲਗਾ ਦਿੱਤੀ ਗਈ ਹੈ, ਇਸ ਲਈ ਕੋਈ ਵੀ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨਾ ਕਰੇ।

ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ 2 ਜੁਲਾਈ ਤੋਂ ਇਸ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਪਲਾਸਟਿਕ ਵੇਸਟ ਮੈਨੇਜਮੈਂਟ ਰੂਲਜ਼-2016, ਵਾਟਰ ਐਕਟ-1974 ਤੇ ਏਅਰ ਐਕਟ-1981 ਤਹਿਤ ਕਾਨੂੰਨੀ ਕਾਰਵਾਈ ਦੇ ਨਾਲ-ਨਾਲ ਭਾਰੀ ਜ਼ੁਰਮਾਨੇ ਵੀ ਕੀਤੇ ਜਾਣਗੇ। ਇਸ ਦੌਰਾਨ ਉਨ੍ਹਾਂ ਨਾਲ ਟੀਮ ਮੈਂਬਰਾਂ ਵਿਚ ਐਕਸੀਅਨ ਪ੍ਰਦੂਸ਼ਣ ਕੰਟਰੋਲ ਬੋਰਡ ਸ੍ਰੀ ਸ਼ਿਵ ਕੁਮਾਰ, ਐਸ.ਡੀ.ਓ. ਸ੍ਰੀ ਦੀਪਕ ਚੱਢਾ, ਜੇ.ਈ. ਸ੍ਰੀ ਮਨਿੰਦਰਜੀਤ ਸਿੰਘ, ਸੈਨੇਟਰੀ ਇੰਸਪੈਕਟਰ ਸ੍ਰੀ ਸੰਜੀਵ ਕੁਮਾਰ, ਸ੍ਰੀ ਗੌਰਵ ਕੁਮਾਰ ਵੀ ਮੌਜੂਦ ਸਨ।

ਉਪਰੰਤ ਸ੍ਰੀ ਸੰਦੀਪ ਕੁਮਾਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰਗੜ੍ਹ ਵਿਚ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨਾ ਕਰਨ ਸਬੰਧੀ ਕਰਵਾਏ ਗਏ ਸੈਮੀਨਾਰ ਨੂੰ ਸੰਬੋਧਨ ਕਰਦੇ ਹੋਏ ਵਿਦਿਆਰਥੀਆਂ ਨੂੰ ਦੱਸਿਆ ਕਿ ਸਿੰਗਲ ਯੂਜ਼ ਪਲਾਸਟਿਕ ਉਹ ਪਲਾਸਟਿਕ ਹੈ, ਜਿਸ ਦੀ ਅਸੀਂ ਸਿਰਫ ਇਕ ਵਾਰ ਵਰਤੋਂ ਕਰਦੇ ਹਾਂ। ਉਨ੍ਹਾਂ ਕਿਹਾ ਕਿ ਸਿੰਗਲ ਯੂਜ਼ ਪਲਾਸਟਿਕ ਵਿਚ ਪਲਾਸਟਿਕ ਦੀ ਸਟਿਕ ਵਾਲੇ ਈਅਰ ਬਡਸ, ਪਲਾਸਟਿਕ ਦੀ ਸਟਿਕ ਵਾਲੇ ਗੁਬਾਰੇ, ਪਲਾਸਟਿਕ ਦੇ ਝੰਡੇ, ਕੈਂਡੀ ਤੇ ਆਈਸ ਕਰੀਮ ਸਟਿਕਸ, ਪਲਾਸਟਿਕ ਪਲੇਟਾਂ, ਬੋਤਲਾਂ,  ਕੱਪ, ਗਲਾਸ, ਕਟਲਰੀ, ਮਠਿਆਈ ਦੇ ਡੱਬਿਆਂ ਦੀ ਪੈਕਿੰਗ ਵਿਚ ਪ੍ਰਯੋਗ ਹੋਣ ਵਾਲੀ ਪਲਾਸਟਿਕ, ਸੱਦਾ ਪੱਤਰ, ਸਿਗਰੇਟ ਦੇ ਪੈਕੇਟ, 100 ਮਾਈਕ੍ਰੋਨ ਤੋਂ ਘੱਟ ਵਾਲੇ ਪਲਾਸਟਿਕ ਆਦਿ ਸ਼ਾਮਲ ਹਨ। 

ਉਨ੍ਹਾਂ ਕਿਹਾ ਕਿ ਉਕਤ ਸਾਰੀਆਂ ਵਸਤਾਂ ਦੀ ਵਰਤੋਂ ਬੰਦ ਕਰਕੇ ਕੱਪੜੇ, ਜੂਟ ਦੇ ਬੈਗ, ਸਟੀਲ ਦੇ ਬਰਤਨਾਂ, ਬਾਇਓਡਿਗ੍ਰੇਡੇਬਲ ਸਮੱਗਰੀ, ਪੱਤਿਆਂ ਤੇ ਬਾਂਸ ਨਾਲ ਬਣੀ ਕਟਲਰੀ ਆਦਿ ਦੀ ਵਰਤੋਂ ਕੀਤੀ ਜਾਵੇ।  ਇਸ ਮੌਕੇ ਸਹਾਇਕ ਕਮਿਸ਼ਨਰ ਟਰੇਨਿੰਗ ਸ੍ਰੀ ਵਿਓਮ ਭਾਰਦਵਾਜ, ਪ੍ਰਿੰਸੀਪਲ ਸ੍ਰੀ ਰਾਜਨ ਅਰੋੜਾ, ਸ੍ਰੀ ਮਨੋਜ ਦੱਤਾ, ਸ੍ਰੀ ਕ੍ਰਿਸ਼ਨ ਗੋਪਾਲ ਸ਼ਰਮਾ ਤੋਂ ਇਲਾਵਾ ਹੋਰ ਅਧਿਆਪਕ ਵੀ ਮੌਜੂਦ ਸਨ।