5 Dariya News

ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਪਹਿਲੀ ਜੁਲਾਈ ਤੋਂ ਸ਼ੁਰੂ ਹੋ ਰਹੇ “ਫਲੱਡ ਸੀਜ਼ਨ” ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ

ਡਿਪਟੀ ਕਮਿਸ਼ਨਰ ਵਲੋਂ ਕਪੂਰਥਲਾ, ਢਿਲਵਾਂ ਅਤੇ ਸੁਲਤਾਨਪੁਰ ਲੋਧੀ ਖੇਤਰ ਅੰਦਰ ਹੜ੍ਹ ਰੋਕੂ ਪ੍ਰਬੰਧਾਂ ਦਾ ਜਾਇਜ਼ਾ

5 Dariya News

ਕਪੂਰਥਲਾ/ਸੁਲਤਾਨਪੁਰ/ਢਿਲਵਾਂ 30-Jun-2022

ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਵਲੋਂ ਅੱਜ ਬਿਆਸ ਦਰਿਆ ਕਿਨਾਰੇ ਧੁੱਸੀ ਬੰਨ੍ਹ,ਢਿਲਵਾਂ ਕੰਪਲੈਕਸ,ਕਾਂਮੇਵਾਲ ਕੰਪਲੈਕਸ,ਬਾਗੁਆਨਾ ਕੰਪਲੈਕਸ,ਡੇਰਾ ਹਰੀ ਸਿੰਘ ਕੰਪਲੈਕਸ,ਬਾਉਪੁਰ ਆਈਲੈਂਡ ਕੰਪਲੈਕਸ ਦੇ ਧੁੱਸੀ ਬੰਨ੍ਹਾਂ ਦਾ ਪਹਿਲੀ ਜੁਲਾਈ ਤੋਂ ਸ਼ੁਰੂ ਹੋ ਰਹੇ “ਫਲੱਡ ਸੀਜ਼ਨ” ਤਹਿਤ ਹੜ੍ਹ ਰੋਕੂ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ । ਇਸ ਮੌਕੇ ਉਨ੍ਹਾਂ ਸੁਲਤਾਨਪੁਰ ਲੋਧੀ ਵਿਖੇ  ਰਾਜ ਸਭਾ ਮੈਂਬਰ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਨਾਲ ਮੁਲਾਕਾਤ ਕੀਤੀ ਤੇ ਉੱਨਾਂ ਦੀ ਅਗਵਾਈ ਹੇਠ ਪਵਿੱਤਰ ਵੇਂਈ ਦੀ  ਸਾਫ-ਸਫਾਈ ਲਈ ਬੂਟੀ ਕੱਢਣ ਦੇ ਕੰਮ ਦੀ ਵੀ ਪ੍ਰਸੰਸਾ ਕੀਤੀ ।

ਡਿਪਟੀ ਕਮਿਸ਼ਨਰ ਵਲੋਂ ਅਧਿਕਾਰੀਆਂ ਨੂੰ ਹੜ੍ਹ ਰੋਕੂ ਪ੍ਰਬੰਧਾਂ ਤਹਿਤ ਦਰਿਆ ਕਿਨਾਰੇ ਧੁੱਸੀ ਬੰਨ੍ਹ ਉੱਪਰ ਪਹਿਚਾਣ ਕੀਤੇ ਕਮਜ਼ੋਰ ਥਾਵਾਂ ਨੂੰ ਮਜ਼ਬੂਤ ਕਰਨ ਦੇ ਕੰਮ ਨੂੰ ਤੇਜੀ ਨਾਲ ਮੁਕੰਮਲ ਕਰਨ ਦੀ ਹਦਾਇਤ ਕੀਤੀ ਗਈ। ਇਸ ਤੋਂ ਇਲਾਵਾ ਸਿੰਚਾਈ ਵਿਭਾਗ ਨੂੰ ਨਿਰਦੇਸ਼ ਦਿੱਤੇ ਗਏ ਕਿ ਪੌਂਗ ਡੈਮ ਤੋਂ ਪਾਣੀ ਛੱਡਣ  ਤੇ ਦਰਿਆ ਵਿਚ ਵਗ ਰਹੇ ਪਾਣੀ ਸਬੰਧੀ ਰੋਜ਼ਾਨਾ ਦੇ ਆਧਾਰ ’ਤੇ ਰਿਪੋਰਟ ਦਿੱਤੀ ਜਾਵੇ ਅਤੇ ਨਾਲ ਹੀ ਜਿਲ੍ਹਾ ਪੱਧਰੀ ਕੰਟਰੋਲ ਰੂਮ ਸਥਾਪਿਤ ਕੀਤਾ ਜਾਵੇ।

ਉਨ੍ਹਾਂ ਇਹ ਵੀ ਕਿਹਾ ਕਿ ਜਿਲ੍ਹੇ ਵਿਚ ਸਥਿਤੀ ਬਿਲਕੁਲ ਨਾਰਮਲ ਹੈ ਪਰ ਇਹਤਿਆਤ ਵਜੋਂ ਜਿਲ੍ਹਾ ਪ੍ਰਸ਼ਾਸ਼ਨ ਵਲੋਂ ਸਮੂਹ ਵਿਭਾਗੀ ਅਧਿਕਾਰੀਆਂ ਨੂੰ ਸੁਚੇਤ ਰਹਿਣ ਤੇ ਅਗਾਊਂ ਪ੍ਰਬੰਧ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਉਨ੍ਹਾਂ  ਅਧਿਕਾਰੀਆਂ ਨੂੰ ਇਹ ਵੀ ਨਿਰਦੇਸ਼ ਦਿੱਤਾ ਕਿ ਉਹ ਕਿਸੇ ਵੀ ਅਣਸੁਖਾਵੇਂ ਹਾਲਾਤ ਨਾਲ ਨਜਿੱਠਣ ਲਈ ਬੋਰਿਆਂ, ਮਿੱਟੀ ਦੇ ਪ੍ਰਬੰਧ ਮੁਕੰਮਲ ਕਰਨ ਦੇ ਨਾਲ-ਨਾਲ ਲੋੜ ਪੈਣ ’ਤੇ ਪ੍ਰਭਾਵਿਤ ਲੋਕਾਂ ਦੇ ਰਹਿਣ ਲਈ ਸਰਕਾਰੀ ਇਮਾਰਤਾਂ, ਧਰਮ ਸ਼ਾਲਾਵਾਂ, ਧਾਰਮਿਕ ਸਥਾਨਾਂ ਆਦਿ ਦੀ ਪਹਿਲਾਂ ਹੀ ਤਸਦੀਕ ਕਰਕੇ ਰੱਖਣ ਤਾਂ ਜੋ ਲੋਕਾਂ ਨੂੰ ਤੁਰੰਤ ਸੁਰੱਖਿਅਤ ਥਾਂਵਾਂ ’ਤੇ ਤਬਦੀਲ ਕੀਤਾ ਦਾ ਸਕੇ।

ਡਿਪਟੀ ਕਮਿਸ਼ਨਰ ਨੇ  ਕਿਹਾ ਕਿ ਜਿਲ੍ਹਾ ਪ੍ਰਸ਼ਾਸ਼ਨ ਵਲੋਂ ਕੁਦਰਤੀ ਆਫਤ ਪ੍ਰਬੰਧਨ ਸਬੰਧੀ ਐਕਸ਼ਨ ਪਲਾਨ ਤਿਆਰ ਕਰ ਲਿਆ ਗਿਆ ਹੈ, ਜਿਸ ਤਹਿਤ ਕਿਸੇ ਵੀ ਆਫਤ ਵੇਲੇ ਰਾਹਤ ਕਾਰਜਾਂ ਦੀ ਰੂਪ ਰੇਖਾ ਉਲੀਕੀ ਗਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਬੰਧਿਤ ਐਸ.ਡੀ.ਐਮਜ਼, ਮਾਲ ਵਿਭਾਗ, ਸਿੰਚਾਈ ਤੇ ਡਰੇਨਜ਼ ਵਿਭਾਗ ਸਾਂਝੇ ਤੌਰ ’ਤੇ ਬਿਹਤਰੀਨ ਤਾਲਮੇਲ ਸ਼ਥਾਪਿਤ ਕਰਨ ਤਾਂ ਜੋ ਲੋੜ ਅਨੁਸਾਰ ਤੁਰੰਤ ਕਾਰਵਾਈ ਅਮਲ ਵਿਚ ਲਿਆਂਦੀ ਜਾ ਸਕੇ।

ਇਸ ਮੌਕੇ ਉਨ੍ਹਾਂ ਨਾਲ ਸਮੂਹ ਐਸ.ਡੀ.ਐਮ ਡਾ.ਜੈ ਇੰਦਰ ਸਿੰਘ,ਐਸ.ਡੀ.ਐਮ ਭੁਲੱਥ ਰਣਜੀਤ ਸਿੰਘ,ਐਸ.ਡੀ.ਐਮ ਸੁਲਤਾਨਪੁਰ ਲੋਧੀ ਰਣਦੀਪ ਸਿੰਘ ,ਜ਼ਿਲ੍ਹਾ ਮਾਲ ਅਫ਼ਸਰ ਮੇਜਰ ਬੈਨੀਪਾਲ,ਐਕਸੀਐਨ ਡ੍ਰੇਨੇਜ਼ ਹਰਜੋਤ ਸਿੰਘ ਵਾਲੀਆ,ਐਸ.ਡੀ.ਓ ਡ੍ਰੇਨੇਜ਼ ਗੁਰਚਰਨ ਸਿੰਘ ਪੰਨੂ, ,ਤਹਿਸੀਲਦਾਰ ਗੁਰਲੀਨ ਕੌਰ ,ਡ੍ਰੇਨੇਜ਼ ਅਤੇ ਮਾਲ ਵਿਭਾਗ ਦੇ ਅਧਿਕਾਰੀ/ਕਰਮਚਾਰੀ ਹਾਜ਼ਰ ਸਨ।