5 Dariya News

ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਨੂੰ ਵੱਡੇ ਸੁਪਨੇ ਵੇਖਣਾ ਅਤੇ ਉਨ੍ਹਾਂ ਨੂੰ ਸਾਕਾਰ ਕਰਨਾ ਸਿਖਾਇਆ : ਤਰਨਜੀਤ ਸਿੰਘ ਸੰਧੂ ਅਮਰੀਕਾ ਵਿੱਚ ਭਾਰਤੀ ਰਾਜਦੂਤ

ਸ਼ਿਕਾਗੋ 'ਚ ਐਨ.ਆਈ.ਡੀ ਫਾਊਂਡੇਸ਼ਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਿੱਖਾਂ ਨਾਲ ਸੁਹਿਰਦ ਸਬੰਧਾਂ ਨੂੰ ਉਜਾਗਰ ਕਰਨ ਵਾਲੀਆਂ ਕਿਤਾਬਾਂ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਕੀਤਾ ਜਾਰੀ

5 Dariya News

ਘੜੂੰਆਂ 27-Jun-2022

ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸਮੁੱਚੇ ਦੇਸ਼ ਨੂੰ ਵੱਡੇ ਸੁਪਨੇ ਵੇਖਣ ਲਈ ਪ੍ਰੇਰਿਤ ਕਰਦਿਆਂ ਵਿਸ਼ਵਵਿਆਪੀ ਪੱਧਰ 'ਤੇ ਵਿਖਾਇਆ ਹੈ ਕਿ ਦ੍ਰਿੜ ਇਰਾਦਿਆਂ ਅਤੇ ਲਗਨ ਨਾਲ ਸੁਪਨੇ ਸਾਕਾਰ ਕੀਤੇ ਜਾ ਸਕਦੇ ਹਨ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅਮਰੀਕਾ ਵਿੱਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਕੀਤਾ। ਇਸ ਮੌਕੇ ਉਹ ਅਮਰੀਕਾ ਦੇ ਸ਼ਹਿਰ ਸ਼ਿਕਾਗੋ ਵਿਖੇ ਐਨ.ਆਈ.ਡੀ ਫਾਊਂਡੇਸ਼ਨ ਵੱਲੋਂ ਆਯੋਜਿਤ 'ਵਿਸ਼ਵ ਸਦਭਾਵਨਾ' ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਇਸ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਆਧਾਰਿਤ ਦੋ ਪੁਸਤਕਾਂ ਦੀ ਅੰਤਰਰਾਸ਼ਟਰੀ ਪੱਧਰ 'ਤੇ ਘੁੰਢ ਚੁਕਾਈ ਕੀਤੀ ਗਈ।

ਸਮਾਗਮ ਦੌਰਾਨ ਅਮਰੀਕਾ ਦੀਆਂ ਉਘੀਆਂ ਸਖ਼ਸ਼ੀਅਤਾਂ ਤੋਂ ਇਲਾਵਾ ਉੱਘੇ ਪ੍ਰਵਾਸੀ ਭਾਰਤੀ ਉਚੇਚੇ ਤੌਰ 'ਤੇ ਹਾਜ਼ਰ ਸਨ, ਜਿਨ੍ਹਾਂ ਬੁੱਧੀਜੀਵੀ, ਉਦਮੀ, ਅਮਰੀਕੀ ਸੈਨੇਟ ਦੇ ਮੈਂਬਰ, ਕਾਰਪੋਰੇਟ ਆਗੂ, ਸਿੱਖਿਆ ਸ਼ਾਸ਼ਤਰੀ, ਅਧਿਆਤਮਕ ਆਗੂਆਂ ਦੇ ਨਾਮ ਸ਼ਾਮਲ ਹਨ।ਇਸ ਮੌਕੇ ਆਰਟ ਆਫ਼ ਲਿਵਿੰਗ ਸੰਸਥਾ ਦੇ ਸੰਸਥਾਪਕ ਅਤੇ ਅਧਿਆਤਮਿਕ ਆਗੂ ਗੁਰੂਦੇਵ ਸ਼੍ਰੀ ਸ਼੍ਰੀ ਰਵੀ ਸ਼ੰਕਰ, ਸੀਨੀਅਰ ਅਮਰੀਕੀ ਸੈਨੇਟਰ ਰੌਨ ਜੌਨਸਨ, ਵਿਸਕਾਨਸਿਨ ਪਾਰਕਸਾਈਡ ਯੂਨੀਵਰਸਿਟੀ ਦੇ ਚਾਂਸਲਰ ਡਾ. ਡੇਬੀ ਫੋਰਡ, ਵਿਸਕਾਨਸਿਨ ਸਟੇਟ ਅਸੈਂਬਲੀ ਦੇ ਸਪੀਕਰ ਰੌਬਿਨ ਵੋਸ,  ਲੋਕ ਸਭਾ ਮੈਂਬਰ ਹੰਸ ਰਾਜ ਹੰਸ, ਅਮਰੀਕਾ ਦੇ ਪ੍ਰਸਿੱਧ ਵਪਾਰੀ ਦਰਸ਼ਨ ਸਿੰਘ ਧਾਲੀਵਾਲ ਅਤੇ ਐਨ.ਆਈ.ਡੀ ਫਾਊਂਡੇਸ਼ਨ ਦੇ ਮੁੱਖ ਸਰਪ੍ਰਸਤ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਅਤੇ ਐਨ.ਆਈ.ਡੀ ਫਾਊਂਡੇਸ਼ਨ ਦੀ ਸੰਸਥਾਪਕ ਪ੍ਰੋ. ਹਿਮਾਨੀ ਸੂਦ ਉਚੇਚੇ ਤੌਰ 'ਤੇ ਹਾਜ਼ਰ ਸਨ।

ਵਿਸ਼ਵ ਸਦਭਾਵਨਾ ਸਮਾਗਮ ਦੌਰਾਨ ਰਾਜਦੂਤ ਤਰਨਜੀਤ ਸਿੰਘ ਸੰਧੂ ਅਤੇ ਅਧਿਆਤਮਕ ਆਗੂ ਸ਼੍ਰੀ ਸ਼੍ਰੀ ਰਵੀ ਸ਼ੰਕਰ ਵੱਲੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ 'ਤੇ ਆਧਾਰਿਤ ਦੋ ਪੁਸਤਕਾਂ ਅੰਤਰਰਾਸ਼ਟਰੀ ਪੱਧਰ 'ਤੇ ਜਾਰੀ ਕੀਤੀਆਂ ਗਈਆਂ, ਜੋ ਉਨ੍ਹਾਂ ਦੇ ਵਿਲੱਖਣ ਅਤੇ ਚੰਗੇ ਸ਼ਾਸਨ ਮਾਡਲ ਅਤੇ ਮਨੁੱਖਤਾ ਸਮੇਤ ਸਮੁੱਚੇ ਭਾਰਤੀਆਂ ਲਈ ਉਨ੍ਹਾਂ ਦੇ ਪਿਆਰ ਅਤੇ ਸੁਨੇਹ ਨੂੰ ਦਰਸਾਉਂਦੀਆਂ ਹਨ।ਐਨ.ਆਈ.ਡੀ ਫਾਊਂਡੇਸ਼ਨ ਵੱਲੋਂ ਪ੍ਰਕਾਸ਼ਿਤ ਪੁਸਤਕ 'ਹਾਰਟਫੈਲਟ-ਦਿ ਲੈਗੇਸੀ ਆਫ਼ ਫੇਥ' ਵੀ ਪ੍ਰਧਾਨ ਮੰਤਰੀ ਦੇ ਪੰਜਾਬੀਅਤ ਅਤੇ ਸਿੱਖ ਕੌਮ ਪ੍ਰਤੀ ਸਤਿਕਾਰ ਅਤੇ ਸ਼ਰਧਾ ਨੂੰ ਦਰਸਾਉਂਦੀ ਹੈ। 

ਅਮਰੀਕਾ ਦੇ ਪ੍ਰਸਿੱਧ ਓਨਕੋਲੋਜਿਸਟ ਡਾ. ਭਰਤ ਬਰਾਈ ਦੀ ਕਿਤਾਬ 'ਮੋਦੀ@20: ਡ੍ਰੀਮਜ਼ ਮੀਟ ਡਿਲੀਵਰੀ' ਬੁੱਧੀਜੀਵੀਆਂ ਅਤੇ ਖੇਤਰ ਦੇ ਮਾਹਿਰਾਂ ਦੇ ਕੁੱਝ ਅਧਿਆਵਾਂ ਦਾ ਸੰਗ੍ਰਹਿ ਹੈ, ਜੋ ਪਿਛਲੇ 20 ਸਾਲਾਂ 'ਚ ਗੁਜਰਾਤ 'ਚ ਇੱਕ ਵਿਲੱਖਣ ਸ਼ਾਸ਼ਨ ਮਾਡਲ ਅਤੇ ਸਮੁੱਚੇ ਰਾਸ਼ਟਰ 'ਚ ਬੇਮਿਸਾਲ ਤਬਦੀਲੀ ਦੀ ਵਿਸਤ੍ਰਿਤ ਖੋਜ ਪ੍ਰਦਾਨ ਕਰਦਾ ਹੈ।ਇਹ ਪੁਸਤਕ ਪ੍ਰਧਾਨ ਮੰਤਰੀ ਦੇ ਮਨੁੱਖਤਾ ਅਤੇ ਖਾਸ ਤੌਰ 'ਤੇ ਭਾਰਤੀਆਂ ਲਈ ਉਨ੍ਹਾਂ ਦੇ ਪਿਆਰ ਅਤੇ ਸੁਨੇਹ ਨੂੰ ਦਰਸਾਉਂਦੀਆਂ ਹਨ, ਚਾਹੇ ਉਹ ਕਿਸੇ ਖੇਤਰ ਜਾਂ ਧਰਮ ਨਾਲ ਸਬੰਧਿਤ ਹੋਵੇ।

ਜ਼ਿਕਰਯੋਗ ਹੈ ਕਿ ਐਨ.ਆਈ.ਡੀ ਫਾਊਂਡੇਸ਼ਨ ਵੱਲੋਂ ਕਰਵਾਏ ਜਾ ਰਿਹੇ ਸਮਾਗਮਾਂ ਦੀ ਲੜੀ ਤਹਿਤ ਅਪ੍ਰੈਲ ਮਹੀਨੇ ਨਵੀਂ ਦਿੱਲੀ ਵਿੱਚ ਅਜਿਹਾ ਸਮਾਗਮ ਆਯੋਜਿਤ ਕੀਤਾ ਗਿਆ ਸੀ, ਜਿਸ ਵਿੱਚ ਭਾਰਤ ਸਮੇਤ ਦੁਨੀਆਂ ਭਰ 'ਚ ਵਸਦੀਆਂ 138 ਤੋਂ ਵੱਧ ਪ੍ਰਮੁੱਖ ਸਿੱਖ ਸਖ਼ਸ਼ੀਅਤਾਂ ਨੇ ਸਮਾਗਮ 'ਚ ਸ਼ਿਰਕਤ ਕਰਦਿਆਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕਰਦਿਆਂ ਸੰਜ਼ੀਦਾ ਕਿਸਮ ਦੀਆਂ ਵਿਚਾਰ ਚਰਚਾਵਾਂ ਕੀਤੀਆਂ। ਇਹ ਸਮਾਗਮ ਉਸ ਭਰੋਸੇ ਅਤੇ ਪਿਆਰ ਦੀ ਕੜੀ ਦਾ ਸੂਤਰਧਾਰ ਬਣ ਗਿਆ, ਜਿਸ ਦੀ ਸਿੱਖ ਕੌਮ ਨੂੰ ਚਿਰਾਂ ਤੋਂ ਉਡੀਕ ਸੀ।

ਅਮਰੀਕਾ ਵਿੱਚ ਭਾਰਤੀ ਰਾਜਦੂਤ ਸ. ਤਰਨਜੀਤ ਸਿੰਘ ਸੰਧੂ ਨੇ ਆਪਣੀ ਤਕਰੀਰ ਦੌਰਾਨ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੂਰਅੰਦੇਸ਼ ਦ੍ਰਿਸ਼ਟੀ, ਲੀਡਰਸ਼ਿਪ ਗੁਣਾਂ, ਨਿਮਰਤਾ ਅਤੇ ਮਨੁੱਖਤਾ ਪ੍ਰਤੀ ਪਿਆਰ ਨੇ ਉਨ੍ਹਾਂ ਨੂੰ ਸਹੀ ਅਰਥਾਂ ਵਿੱਚ ਵਿਸ਼ਵ ਨੇਤਾ ਵਜੋਂ ਸਥਾਪਿਤ ਕੀਤਾ ਹੈ।ਉਨ੍ਹਾਂ ਕਿਹਾ ਕਿ ਸਾਡੇ ਪ੍ਰਧਾਨ ਮੰਤਰੀ ਨੇ ਹਮੇਸ਼ਾ ਸਾਨੂੰ ਵੱਡੇ ਸੁਪਨੇ ਦੇਖਣ ਲਈ ਉਤਸ਼ਾਹਿਤ ਕੀਤਾ ਹੈ। ਉਨ੍ਹਾਂ ਸਾਨੂੰ ਦਿਖਾਇਆ ਹੈ ਕਿ ਜੇਕਰ ਤੁਸੀਂ ਪੱਕਾ ਇਰਾਦਾ ਰੱਖਦੇ ਹੋ, ਤਾਂ ਇਹ ਸੁਪਨੇ ਸਾਕਾਰ ਕੀਤੇ ਜਾ ਸਕਦੇ ਹਨ। 

ਸਭਨਾਂ ਨੂੰ ਵੱਡੇ ਸੁਪਨੇ ਵੇਖਣ ਲਈ ਪ੍ਰੇਰਿਤ ਕਰਦਿਆਂ ਉਨ੍ਹਾਂ ਕਿਹਾ ਸੁਪਨਿਆਂ ਨੂੰ ਪੂਰਾ ਕਰਨ ਲਈ ਜੋਸ਼ ਨਾਲ ਕੰਮ ਕਰਨਾ ਜ਼ਰੂਰੀ ਹੈ। ਸ. ਸੰਧੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਭਾਰਤ-ਅਮਰੀਕਾ ਸਬੰਧਾਂ ਦੀਆਂ ਸੰਭਾਵਨਾਵਾਂ ਨੂੰ ਸਮਝਦੇ ਹਨ ਅਤੇ ਦੋਵਾਂ ਦੇਸ਼ਾਂ ਦਰਮਿਆਨ ਵਿਸ਼ਵਾਸ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਪ੍ਰਧਾਨ ਮੰਤਰੀ ਦੁਆਰਾ ਅਮਰੀਕਾ ਨੂੰ ਇੱਕ ਬਹੁਤ ਹੀ ਕਰੀਬੀ ਦੋਸਤ ਅਤੇ ਇੱਕ ਮਜ਼ਬੂਤ ਸਾਥੀ ਵਜੋਂ ਦੇਖਿਆ ਗਿਆ, ਜੋ ਲਗਭਗ 1.4 ਬਿਲੀਅਨ ਭਾਰਤੀਆਂ ਦੇ ਸੁਪਨਿਆਂ ਅਤੇ ਵਿਕਾਸ ਦੀਆਂ ਇੱਛਾਵਾਂ ਨੂੰ ਹਕੀਕਤ ਵਿੱਚ ਬਦਲਣ ਲਈ ਮਹੱਤਵਪੂਰਨ ਸੀ। 

ਭਾਰਤ ਅਤੇ ਅਮਰੀਕਾ ਅੱਜ ਇੱਕ ਦੂਜੇ ਨਾਲ ਕਿਸੇ ਵੀ ਹੋਰ ਦੇਸ਼ ਦੇ ਮੁਕਾਬਲੇ ਜ਼ਿਆਦਾ ਦੁਵੱਲੇ ਫ਼ੌਜੀ ਅਭਿਆਸ ਕਰਦੇ ਹਨ। ਉਨ੍ਹਾਂ ਕਿਹਾ ਕਿ ਅਮਰੀਕਾ ਨਾਲ ਭਾਰਤ ਦਾ ਸੁਰੱਖਿਆ ਵਪਾਰ, ਜੋ ਕਿ 1990 ਦੇ ਦਹਾਕੇ ਦੇ ਅਖੀਰ ਵਿੱਚ 0 ਡਾਲਰ ਸੀ ਜੋ ਸਾਲ 2022 ਤੱਕ 20 ਬਿਲੀਅਨ ਡਾਲਰ ਤੋਂ ਵੱਧ ਗਿਆ ਹੈ। ਇਸੇ ਤਰ੍ਹਾਂ ਸਾਡਾ ਊਰਜਾ ਵਪਾਰ 5 ਸਾਲ ਪਹਿਲਾਂ 0 ਡਾਲਰ ਸੀ ਜੋ ਅੱਜ 20 ਬਿਲੀਅਨ ਡਾਲਰ ਹੈ। ਪਿਛਲੇ ਸਾਲ ਇਸ ਦਿਸ਼ਾ ਵਿੱਚ ਇਤਿਹਾਸਕ ਸੀ, ਜਦੋਂ ਅਸੀਂ ਭਾਰਤ-ਅਮਰੀਕਾ ਦੁਵੱਲੇ ਵਪਾਰ ਵਿੱਚ 160 ਬਿਲੀਅਨ ਅਮਰੀਕੀ ਡਾਲਰ ਹਾਸਲ ਕੀਤੇ ਸਨ। 

ਉਨ੍ਹਾਂ ਕਿਹਾ ਕਿ ਅਜੋਕਾ ਭਾਰਤ ਨੌਜਵਾਨਾਂ ਦਾ ਦੇਸ਼ ਹੈ।1.4 ਬਿਲੀਅਨ ਭਾਰਤੀ ਲੋਕਾਂ ਵਿੱਚੋਂ ਲਗਭਗ 50 ਫ਼ੀਸਦੀ ਦੀ ਉਮਰ 26 ਸਾਲ ਜਾਂ ਇਸ ਤੋਂ ਘੱਟ ਹੈ ਅਤੇ ਉਹ ਭਾਰਤ ਵਿੱਚ ਅਮਰੀਕਾ ਦੇ ਸਭ ਤੋਂ ਚੰਗੇ ਦੋਸਤ ਹਨ, ਕਿਉਂਕਿ ਇਨ੍ਹਾਂ ਨੌਜਵਾਨਾਂ ਵਿੱਚ ਊਰਜਾ ਅਤੇ ਸਕਾਰਾਤਮਕਤਾ ਹੈ।ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਜਿੱਥੇ ਵਿਕਸਤ ਦੇਸ਼ਾਂ ਵਿੱਚ ਵਿਸ਼ਵਵਿਆਪੀ ਫ਼ੈਸਲਿਆਂ ਡੂੰਘਾ ਪ੍ਰਭਾਵ ਛੱਡ ਰਹੇ ਹਨ ਉਥੇ ਹੀ ਵਿਕਾਸਸ਼ੀਲ ਦੇਸ਼ਾਂ ਦੀ ਇੱਕ ਮਜ਼ਬੂਤ ਆਵਾਜ਼ ਬਣ ਕੇ ਉਭਰੇ ਹਨ।

ਸਿੱਖਿਆ ਅਤੇ ਪੁਲਾੜ ਖੋਜ ਤੋਂ ਲੈ ਕੇ ਪੂਰੀ ਦੁਨੀਆ ਨੂੰ ਕੋਵਿਡ-19 ਦੇ ਟੀਕੇ ਮੁਹੱਈਆ ਕਰਵਾਉਣ ਤੱਕ; ਗਲਾਸਗੋ ਵਿੱਚ ਸੀ.ਓ.ਪੀ 26 ਗਲੋਬਲ ਲੀਡਰਜ਼ ਸਮਿਟ ਤੋਂ ਲੈ ਕੇ ਵਿਸ਼ਵ ਆਰਥਿਕ ਫੋਰਮ ਦੇ ਦਾਵੋਸ ਸੰਮੇਲਨ ਤੱਕ, ਸ਼੍ਰੀ ਨਰੇਂਦਰ ਮੋਦੀ ਨੇ ਸੱਚਮੁੱਚ ਵਿਸ਼ਵ ਦਾ ਮਾਰਗਦਰਸ਼ਨ ਕੀਤਾ ਹੈ। ਸੰਬੋਧਨ ਦੌਰਾਨ ਸ਼੍ਰੀ ਸ਼੍ਰੀ ਰਵਿਸ਼ੰਕਰ ਨੇ ਕਿਹਾ ਕਿ ਸਦਭਾਵਨਾ ਦਾ ਅਰਥ ਹੈ ਤੰਦਰੁਸਤੀ ਅਤੇ ਲੋਕਾਂ ਨੂੰ ਇੱਕਜੁਟ ਕਰਨਾ ਹੈ ਅਤੇ ਸਦਭਾਵਨਾ ਦੀ ਅੱਜ ਇਸ ਸੰਸਾਰ ਨੂੰ ਸਭ ਤੋਂ ਵੱਧ ਲੋੜ ਹੈ। 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪਿਛਲੇ ਅੱਠ ਸਾਲਾਂ ਵਿੱਚ ਕੀਤੀਆਂ ਗਈਆਂ ਵੱਖ-ਵੱਖ ਪਹਿਲਕਦਮੀਆਂ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਭਾਰਤ ਬਦਲਾਅ ਦੇ ਸਮੁੰਦਰ ਵਿੱਚ ਚਲਾ ਗਿਆ ਹੈ। ਬੁਨਿਆਦੀ ਢਾਂਚੇ ਦੇ ਵਿਕਾਸ ਤੋਂ ਲੈ ਕੇ, ਸਮਾਜ ਦੇ ਗ਼ਰੀਬ ਤਬਕਿਆਂ ਤੱਕ ਪਹੁੰਚ ਬਣਾਉਣ, ਕਾਰੋਬਾਰ ਕਰਨ ਦੀ ਸੌਖ ਤੋਂ ਲੈ ਕੇ ਅਤੇ ਹੋਰ ਬਹੁਤ ਸਾਰੀਆਂ ਪਹਿਲਕਦਮੀਆਂ, ਪ੍ਰਧਾਨ ਮੰਤਰੀ ਦੁਆਰਾ ਕੀਤੀ ਗਈ ਤਰੱਕੀ ਅਤੇ ਵਿਕਾਸ ਬੇਮਿਸਾਲ ਹਨ।

ਪ੍ਰਵਾਸੀ ਭਾਰਤੀਆਂ ਨੂੰ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਜੋ ਪ੍ਰਵਾਸੀ ਪਿਛਲੇ ਕੁਝ ਸਾਲਾਂ ਵਿੱਚ ਭਾਰਤ ਨਹੀਂ ਆਏ ਹਨ, ਕਿਰਪਾ ਕਰਕੇ ਵਾਪਸ ਆ ਕੇ ਨਵੇਂ, ਆਧੁਨਿਕ ਭਾਰਤ ਨੂੰ ਦੇਖਣ। ਉਨ੍ਹਾਂ ਕਿਹਾ ਕਿ ਵਿਸ਼ਵ ਸਦਭਾਵਨਾ ਸਮਾਗਮ ਅਜਿਹੇ ਸਮੇਂ 'ਤੇ ਆਇਆ ਹੈ ਜਦੋਂ ਪੂਰੀ ਦੁਨੀਆ ਵਿਸ਼ਵ ਸ਼ਾਂਤੀ ਲਿਆਉਣ ਲਈ ਆਧੁਨਿਕ ਭਾਰਤ ਵੱਲ ਦੇਖ ਰਹੀ ਹੈ।ਸ਼੍ਰੀ ਸ਼੍ਰੀ ਰਵੀਸ਼ੰਕਰ ਨੇ ਕਿਹਾ ਕਿ ਸਿੱਖ ਭਾਈਚਾਰੇ ਨੂੰ ਭਾਰਤੀ ਸੰਸਕ੍ਰਿਤੀ ਦੀ ਰੀੜ੍ਹ ਦੀ ਹੱਡੀ ਕਰਾਰ ਦਿੰਦਿਆਂ ਕਿਹਾ ਕਿ ਹਰ ਕਿਸੇ ਨੂੰ ਸਿੱਖ ਕੌਮ ਦੀ ਵਿਲੱਖਣ ਬਹਾਦਰੀ ਅਤੇ ਦਇਆ ਤੋਂ ਸੇਧ ਲੈਣੀ ਚਾਹੀਦੀ ਹੈ। 

ਸ਼੍ਰੀ ਸ਼੍ਰੀ ਨੇ 'ਹਾਰਟਫੈਲਟ: ਦਿ ਲੈਗੇਸੀ ਆਫ਼ ਫੇਥ' ਕਿਤਾਬ ਦੇ ਨਾਲ ਆਉਣ ਲਈ ਐਨ.ਆਈ.ਡੀ ਫਾਊਂਡੇਸ਼ਨ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਪੁਸਤਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਮੌਜੂਦਾ ਸਰਕਾਰ ਦੀਆਂ ਮਹਾਨ ਪ੍ਰਾਪਤੀਆਂ ਨੂੰ ਸਾਡੇ ਸਮਾਜ ਦੇ ਸਾਹਮਣੇ ਲਿਆਵੇਗੀ।ਇਹ ਕਿਤਾਬ ਸਿੱਖ ਭਾਈਚਾਰੇ ਦੀ ਚੜ੍ਹਦੀ ਕਲਾ ਲਈ ਪ੍ਰਧਾਨ ਮੰਤਰੀ ਵੱਲੋਂ ਕੀਤੀਆਂ ਬੇਮਿਸਾਲ ਪਹਿਲਕਦਮੀਆ ਨੂੰ ਦਰਸਾਉਂਦੀ ਹੈ, ਉਹ ਭਾਵੇਂ '84 ਦੇ ਸਿੱਖ ਵਿਰੋਧੀ ਦੰਗਿਆਂ ਦੇ ਪੀੜਤਾਂ ਨੂੰ ਮੁਆਵਜ਼ਾ ਦੇਣ ਦੀ ਗੱਲ ਹੋਵੇ ਜਾਂ ਚਿਰਾਂ ਤੋਂ ਸਿੱਖਾਂ ਦੀ ਲੰਬਿਤ ਮੰਗ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣਾ ਹੋਵੇ, ਚਾਹੇ ਗੁਰੂ ਨਾਨਕ ਬਾਣੀ ਦਾ 15 ਹੋਰ ਭਾਸ਼ਾਵਾਂ ਵਿੱਚ ਅਨੁਵਾਦ ਹੋਵੇ ਜਾਂ ਪਾਕਿਸਤਾਨ ਵਿੱਚ ਸਿੱਖ ਵਿਰਾਸਤ ਦੀ ਸੁਰੱਖਿਆ।

ਇਸ ਮੌਕੇ 'ਤੇ ਬੋਲਦਿਆਂ ਰੌਨ ਜੌਨਸਨ ਨੇ ਕਿਹਾ ਕਿ ਭਾਰਤ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਅਮਰੀਕਾ-ਭਾਰਤ ਦੁਵੱਲੇ ਸਬੰਧਾਂ ਵਿੱਚ ਵੱਡੇ ਪੱਧਰ 'ਤੇ ਸੁਧਾਰ ਹੋਇਆ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਨੇ ਹਮੇਸ਼ਾ ਭਾਰਤ ਨੂੰ ਆਪਣਾ ਸੱਚਾ ਸਹਿਯੋਗੀ ਮੰਨਿਆ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਭਾਰਤ ਦੇ ਨਾਲ ਭਾਈਵਾਲੀ ਨੂੰ ਹੋਰ ਬਿਹਤਰ ਬਣਾਉਣ ਲਈ ਵਚਨਬੱਧ ਹਨ। ਉਨ੍ਹਾਂ ਕੋਵਿਡ ਟੀਕਾਕਰਨ ਲਈ ਭਾਰਤ ਦੇ ਵਿਸ਼ਵਵਿਆਪੀ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਵਿਸ਼ਵਾਸ ਜਤਾਇਆ ਕਿ ਦੋਵੇਂ ਦੇਸ਼ ਕਈ ਖੇਤਰਾਂ ਵਿੱਚ ਮਿਲ ਕੇ ਕੰਮ ਕਰ ਰਹੇ ਹਨ ਅਤੇ ਅਜਿਹਾ ਕਰਦੇ ਰਹਿਣਗੇ।

ਉਨ੍ਹਾਂ ਕਿਹਾ ਕਿ ਕਿਸੇ ਵੀ ਦੇਸ਼ ਦੇ ਮਹਾਨ ਬਣਨ ਪਿੱਛੇ ਰਾਸ਼ਟਰ ਦੁਆਰਾ ਆਪਣੇ ਲੋਕਾਂ ਦੀ ਆਜ਼ਾਦੀ ਦੀ ਸੁਰੱਖਿਆ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਅਤੇ ਭਾਰਤ 'ਚ ਲੱਖਾਂ ਲੋਕਾਂ ਨੇ ਉਸ ਆਜ਼ਾਦੀ ਦੀ ਸੁਰੱਖਿਆ ਲਈ ਲੜਾਈ ਲੜਦਿਆਂ ਜਾਨਾਂ ਗਵਾਈਆਂ। ਉਨ੍ਹਾਂ ਕਿਹਾ ਕਿ ਭਾਰਤੀ ਮੂਲ ਦੇ ਲੋਕ ਸਾਡੇ ਦੇਸ਼ ਨੂੰ ਹੋਰ ਸ਼ਾਂਤੀਪੂਰਨ ਅਤੇ ਖੁਸ਼ਹਾਲ ਬਣਾਉਣ ਵਿੱਚ ਸਾਡੀ ਮਦਦ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਪਾ ਰਹੇ ਹਨ।ਉਨ੍ਹਾਂ ਕਿਹਾ ਕਿ ਸ਼ਾਂਤੀਪੂਰਨ ਵਿਸ਼ਵ ਲਈ ਭਾਰਤ ਦੇ ਨਾਲ ਸਾਡੇ ਸੰਬੰਧ ਵਿਸ਼ੇਸ਼ ਅਤੇ ਮਜ਼ਬੂਤ ਹੋਣੇ ਚਾਹੀਦੇ ਹਨ।

ਇਸ ਮੌਕੇ ਐਨ.ਆਈ.ਡੀ ਫਾਊਂਡੇਸ਼ਨ ਦੇ ਮੁੱਖ ਸਰਪ੍ਰਸਤ ਸ. ਸਤਨਾਮ ਸਿੰਘ ਸੰਧੂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਇੱਕ ਦੂਰਅੰਦੇਸ਼ ਨੇਤਾ, ਉੱਚ ਤਜ਼ਰਬੇਕਾਰ ਰਣਨੀਤੀਕਾਰ ਅਤੇ ਇੱਕ ਮਹਾਨ ਮਾਨਵਤਾਵਾਦੀ ਕਰਾਰ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਅਗਵਾਈ ਹੇਠ ਮੌਜੂਦਾ ਸਰਕਾਰ ਨੇ ਸਿੱਖ ਕੌਮ ਦੇ ਸੰਜ਼ੀਦਾ ਮਸਲਿਆਂ ਨੂੰ ਹੱਲ ਕਰਨ ਲਈ ਗੰਭੀਰਤਾ ਵਿਖਾਈ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੀ ਰਾਜਨੀਤਿਕ ਅਤੇ ਮਾਨਵਤਾਵਾਦੀ ਸੂਝ ਨੇ ਇਹ ਯਕੀਨੀ ਬਣਾਇਆ ਹੈ ਕਿ ਭਾਰਤ ਦੇ 'ਵਿਸ਼ਵ ਗੁਰੂ' (ਵਿਸ਼ਵ ਨੇਤਾ) ਬਣਨ ਦੇ ਰਾਹ ਵਿੱਚ ਪ੍ਰਵਾਸੀ ਭਾਰਤੀਆਂ ਦੀ ਭੂਮਿਕਾ ਸੱਭ ਤੋਂ ਮਹੱਤਵਪੂਰਨ ਬਣ ਜਾਂਦੀ ਹੈ। 

ਕਿਸੇ ਵੀ ਦੇਸ਼ ਦੀ ਫੇਰੀ 'ਤੇ, ਪ੍ਰਧਾਨ ਮੰਤਰੀ ਹਮੇਸ਼ਾ ਆਪਣੇ ਭਾਰਤੀ ਭਾਈਚਾਰੇ ਦੀਆਂ ਸਮੱਸਿਆਵਾਂ ਜਾਂ ਮੁੱਦਿਆਂ ਨੂੰ ਹੱਲ ਕਰਨ ਲਈ ਗੰਭੀਰਤਾ ਵਿਖਾਉਂਦੇ ਹਨ।ਉਨ੍ਹਾਂ ਕਿਹਾ ਕਿ ਵਿਸ਼ਵ ਸਦਭਾਵਨਾ ਦੀ ਭਾਵਨਾ ਵਿਸ਼ਵ ਪੱਧਰ 'ਤੇ ਮਾਨਯੋਗ ਪ੍ਰਧਾਨ ਮੰਤਰੀ ਦੇ ਲੋਕਾਂ ਅਤੇ ਮਨੁੱਖਤਾ ਲਈ ਪਿਆਰ ਅਤੇ ਸਤਿਕਾਰ ਤੋਂ ਪੈਦਾ ਹੋਈ ਹੈ। ਉਨ੍ਹਾਂ ਦੱਸਿਆ ਕਿ ਜਿੱਥੇ ਪਹਿਲੀ ਕਿਤਾਬ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਚੰਗੇ ਸ਼ਾਸ਼ਨ ਮਾਡਲ ਨੂੰ ਦਰਸਾਉਂਦੀ ਹੈ ਉਥੇ ਹੀ ਦੂਜੀ ਕਿਤਾਬ ਪ੍ਰਧਾਨ ਮੰਤਰੀ ਵੱਲੋਂ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਕੀਤੀਆਂ ਪਹਿਲਕਦਮੀਆਂ ਨੂੰ ਬਿਆਨ ਕਰਦੀ ਹੈ।

ਪ੍ਰਧਾਨ ਮੰਤਰੀ ਦੇ ਚੰਗੇ ਸ਼ਾਸ਼ਨ ਮਾਡਲ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਨਰੇਂਦਰ ਮੋਦੀ ਜੀ ਦੀ ਦੂਰਅੰਦੇਸ਼ ਦ੍ਰਿਸ਼ਟੀ ਸਦਕਾ ਭ੍ਰਿਸ਼ਟਾਚਾਰ ਅਤੇ ਪਰਵਾਰਵਾਦ ਦਾ ਕਲੰਕ ਦੇਸ਼ ਦੇ ਮੱਥੇ ਤੋਂ ਹਟਿਆ ਹੈ। ਸ. ਸੰਧੂ ਨੇ ਕਿਹਾ ਕਿ ਐਨ.ਆਈ.ਡੀ. ਫਾਊਂਡੇਸ਼ਨ ਦੀ ਪੁਸਤਕ 'ਹਾਰਟਫਲਟ  ਦਿ ਲੀਗੇਸੀ ਆਫ ਫੇਥ' ਪ੍ਰਧਾਨ ਮੰਤਰੀ ਦੇ ਪੰਜਾਬੀਅਤ ਅਤੇ ਸਿੱਖ ਭਾਈਚਾਰੇ ਪ੍ਰਤੀ ਸਤਿਕਾਰ ਅਤੇ ਸਨੇਹ ਨੂੰ ਦਰਸਾਉਣ ਲਈ ਇੱਕ ਸੁਹਿਰਦ ਅਤੇ ਨਿਮਾਣਾ ਯਤਨ ਹੈ। 

ਉਨ੍ਹਾਂ ਕਿਹਾ ਕਿ ਇਹ ਪੁਸਤਕ ਸਿੱਖ ਜੀਵਨ ਦੇ ਪੰਜ ਸੱਭ ਤੋਂ ਮਹੱਤਵਪੂਰਨ ਸਿਧਾਂਤਾਂ ਸੱਚ, ਸੰਤੋਖ, ਦਇਆ, ਨਿਮਰਤਾ ਅਤੇ ਪਿਆਰ 'ਤੇ ਆਧਾਰਿਤ ਹੈ, ਜਿਨ੍ਹਾਂ ਨੂੰ ਪ੍ਰਧਾਨ ਮੰਤਰੀ ਦੇ ਪ੍ਰਸ਼ਾਸ਼ਕੀ ਮਾਡਲ ਵਿਚ ਵਿਆਪਕ ਤੌਰ 'ਤੇ ਮਹਿਸੂਸ ਕੀਤਾ ਜਾ ਸਕਦਾ ਹੈ। ਸਿੱਖ ਜੀਵਨ ਦੇ ਪੰਜ ਜ਼ਰੂਰੀ ਗੁਣਾਂ ਨੂੰ ਆਪਣਾ ਕੇਂਦਰ ਬਿੰਦੂ ਮੰਨਦੇ ਹੋਏ, ਇਹ ਪੁਸਤਕ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਵੱਲੋਂ ਸਿੱਖਾਂ ਅਤੇ ਪੰਜਾਬ ਦੇ ਹਿੱਤਾਂ ਲਈ ਕੀਤੀਆਂ ਗਈਆਂ ਵੱਖ-ਵੱਖ ਪਹਿਲਕਦਮੀਆਂ ਨੂੰ ਦਰਸਾਉਂਦੀ ਹੈ।

 ਕਿਤਾਬ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਇੱਕ ਸਿਆਸਤਦਾਨ ਵਜੋਂ ਆਪਣੇ ਸ਼ੁਰੂਆਤੀ ਦਿਨਾਂ ਵਿੱਚ ਸਿੱਖਾਂ ਅਤੇ ਪੰਜਾਬ ਨਾਲ ਨੇੜਲੇ ਸਬੰਧਾਂ ਦਾ ਵੇਰਵਾ ਦਿੱਤਾ ਗਿਆ ਹੈ, ਕਿਉਂਕਿ ਉਹ ਰਾਜਨੀਤੀ ਤੋਂ ਉੱਪਰ ਉੱਠ ਕੇ ਸਿੱਖ ਗੁਰੂਆਂ ਦੀਆਂ ਸਿੱਖਿਆਵਾਂ ਦਾ ਸਤਿਕਾਰ ਕਰਦੇ ਸਨ।ਉਨ੍ਹਾਂ ਕਿਹਾ ਕਿ ਸਿੱਖ ਗੁਰੂਆਂ ਅਤੇ ਸਿੱਖ ਕੌਮ ਪ੍ਰਤੀ ਉਨ੍ਹਾਂ ਦੇ ਸਨੇਹ ਸਦਕਾ ਸਰਕਾਰ ਨੇ ਕੌਮ ਦੀ ਭਲਾਈ ਅਤੇ ਹਿੱਤਾਂ ਲਈ ਕਈ ਇਤਿਹਾਸਕ ਫ਼ੈਸਲੇ ਲਏ ਹਨ।

ਇਸ ਦੌਰਾਨ ਯੂਨੀਵਰਸਿਟੀ ਆਫ਼ ਵਿਸਕੌਨਸਿਨ-ਪਾਰਕਸਾਈਡ ਦੇ ਚਾਂਸਲਰ ਡਾ. ਡੇਬੀ ਫੋਰਡ ਨੇ ਸਿੱਖਿਆ ਦੇ ਪ੍ਰਸਾਰ ਲਈ ਐਨ.ਆਈ.ਡੀ. ਫਾਊਂਡੇਸ਼ਨ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਫਾਊਂਡੇਸ਼ਨ ਦੁਆਰਾ ਦੁਨੀਆ ਭਰ ਦੀਆਂ ਯੂਨੀਵਰਸਿਟੀਆਂ ਵਿਚਕਾਰ ਨਵੀਂ ਭਾਈਵਾਲੀ ਬਣਾਉਣ ਲਈ ਪ੍ਰਦਾਨ ਕੀਤੇ ਗਏ ਮੌਕੇ ਕੀਮਤੀ ਹਨ ਕਿਉਂਕਿ ਉਹ ਭਵਿੱਖ ਦੇ ਗ੍ਰੈਜੂਏਟਾਂ ਅਤੇ ਪੇਸ਼ੇਵਰਾਂ ਨੂੰ ਵੱਖ-ਵੱਖ ਸਭਿਆਚਾਰਾਂ ਅਤੇ ਪਿਛੋਕੜਾਂ ਤੋਂ ਸਿੱਖਣ ਦਾ ਮੌਕਾ ਪ੍ਰਦਾਨ ਕਰਦੇ ਹਨ। ਡਾ. ਫੋਰਡ ਨੇ ਕਿਹਾ ਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਸਿੱਖਿਆ ਲਈ ਅੰਤਰਰਾਸ਼ਟਰੀ ਪੱਧਰ 'ਤੇ ਭਾਈਵਾਲੀ ਬਣਾਉਣ ਦਾ ਯਤਨ ਸ਼ਲਾਘਾਯੋਗ ਹੈ।

ਵਿਸ਼ਵ ਸਦਭਾਵਨਾ ਸਮਾਗਮ ਵਿਸ਼ਵ ਭਰ 'ਚ ਵਸਦੇ ਪ੍ਰਵਾਸੀ ਭਾਰਤੀਆਂ ਦੇ ਹਿੱਤਾਂ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਕੀਤੀ ਬੇਮਿਸਾਲ ਯਤਨਾਂ ਅਤੇ ਉਨ੍ਹਾਂ ਦੇ ਚੰਗੇ ਸ਼ਾਸ਼ਨ ਮਾਡਲ ਦੇ ਨਾਲ-ਨਾਲ ਵਿਸ਼ਵਵਿਆਪੀ ਸਦਭਾਵਨਾ ਨੂੰ ਸਮਰਪਿਤ ਰਿਹਾ। ਵਰਨਣਯੋਗ ਹੈ ਕਿ ਐਨ.ਆਈ.ਡੀ ਫਾਊਂਡੇਸ਼ਨ ਰਾਸ਼ਟਰ ਨਿਰਮਾਣ ਲਈ ਅਣਥੱਕ ਕੰਮ ਕਰ ਰਹੀ ਹੈ। ਨਵੀਂ ਸਿੱਖਿਆ ਨੀਤੀ ਨੂੰ ਲਾਗੂ ਕਰਨ ਤੋਂ ਲੈ ਕੇ ਭਾਰਤੀ ਯੂਨੀਵਰਸਿਟੀਆਂ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਚੋਟੀ ਦੇ ਸਥਾਨਾਂ 'ਤੇ ਲਿਆਉਣ ਤੱਕ, ਫਾਊਂਡੇਸ਼ਨ ਨੇ ਆਪਣੀ ਸਥਾਪਨਾ ਤੋਂ ਲੈ ਕੇ ਹੁਣ ਤੱਕ ਕਈ ਫੈਸਲਾਕੁੰਨ ਯਤਨ ਕੀਤੇ ਹਨ।