5 Dariya News

ਉਤਸ਼ਾਹ ਨਾਲ ਮਨਾਇਆ ਗਿਆ ਅੰਤਰਰਾਸ਼ਟਰੀ ਯੋਗ ਦਿਵਸ

ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪੁਲਿਸ ਲਾਈਨ ਗਰਾਊਂਡ, ਬੀ.ਐਸ.ਐਫ. ਕੈਂਪ ਖੜ੍ਹਕਾਂ ਤੇ ਕੇਂਦਰੀ ਵਿਦਿਆਲਿਆ ਗਜ਼ ’ਚ ਯੋਗ ਦਿਵਸ ਦਾ ਆਯੋਜਨ

5 Dariya News

ਹੁਸ਼ਿਆਰਪੁਰ 21-Jun-2022

ਅੰਤਰਰਾਸ਼ਟਰੀ ਯੋਗ ਦਿਵਸ ’ਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪੁਲਿਸ ਲਾਈਨ ਗਰਾਊਂਡ, ਬੀ.ਐਸ.ਐਫ. ਕੈਂਪ ਖੜ੍ਹਕਾਂ ਅਤੇ ਕੇਂਦਰੀ ਵਿਦਿਆਲਿਆ ਗਜ਼ ਵਿਖੇ ਯੋਗ ਦਿਵਸ ਦਾ ਆਯੋਜਨ ਕੀਤਾ ਗਿਆ, ਜਿਥੇ ਹੁਨਰਮੰਦ ਯੋਗ ਅਧਿਆਪਕਾਂ ਨੇ ਲੋਕਾਂ ਨੂੰ ਯੋਗ ਦੇ ਮਹੱਤਵ, ਲਾਭ ਤੇ ਯੋਗ ਕਿਰਿਆਵਾਂ ਤੋਂ ਜਾਣੂ ਕਰਵਾਇਆ। ਪੁਲਿਸ ਲਾਈਨ ਹੁਸ਼ਿਆਰਪੁਰ ਵਿਚ ਆਯੋਜਿਤ ਜ਼ਿਲ੍ਹਾ ਪੱਧਰੀ ਸਮਾਰੋਹ ਵਿਚ ਡਿਪਟੀ ਕਮਿਸ਼ਨਰ ਸੰਦੀਪ ਹੰਸ ਤੇ ਐਸ.ਐਸ.ਪੀ. ਸਰਤਾਜ ਸਿੰਘ ਚਾਹਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਿਥੇ ਆਯੁਰਵੈਦਿਕ ਮੈਡੀਕਲ ਅਫ਼ਸਰ ਅਮ੍ਰਿਤ ਪਾਲ ਸਿੰਘ, ਉਪ ਵੈਦ ਯੋਗ ਗੁਰੂ ਸੁਰਿੰਦਰ ਕੁਮਾਰ, ਯੋਗ ਗੁਰੂ ਰਾਮ ਚੰਦਰ, ਆਰਟ ਆਫ਼ ਲਿਵਿੰਗ ਤੋਂ ਡਾ.ਮਨਜਿੰਦਰ ਸੇਠੀ ਵਲੋਂ ਯੋਗ ਦੀਆਂ ਵੱਖ-ਵੱਖ ਮੁੰਦਰਾਵਾਂ ਕਰਵਾਈਆਂ ਗਈਆਂ। 

ਜ਼ਿਲ੍ਹਾ ਪੱਧਰ ’ਤੇ ਮਨਾਏ ਗਏ ਯੋਗ ਦਿਵਸ ਵਿਚ ਪੀ.ਆਰ.ਟੀ.ਸੀ. ਜਹਾਨਖੇਲਾਂ ਦੇ ਟਰੇਨੀਆਂ, ਜ਼ਿਲ੍ਹਾ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ-ਕਰਮਚਾਰੀ, ਸਕੂਲਾਂ ਦੇ ਐਨ.ਐਸ.ਐਸ. ਵਿਦਿਆਰਥੀ, ਯੂਥ ਕਲੱਬਾਂ ਤੋਂ ਇਲਾਵਾ ਸੈਂਕੜੇ ਦੀ ਗਿਣਤੀ ਵਿਚ ਆਮ ਜਨਤਾ ਨੇ ਵੀ ਬੜੇ ਉਤਸ਼ਾਹ ਨਾਲ ਹਿੱਸਾ ਲਿਆ।

ਡਿਪਟੀ ਕਮਿਸ਼ਨਰ ਨੇ ਇਸ ਦੌਰਾਨ ਸੰਬੋਧਨ ਕਰਦੇ ਹੋਏ ਕਿਹਾ ਕਿ ਵਰਤਮਾਨ ਦੇ ਤੇਜ਼ ਲਾਈਫ ਸਟਾਈਲ ਕਾਰਨ ਹੋ ਰਹੇ ਤਣਾਅ ਤੋਂ ਮੁਕਤੀ ਪਾਉਣ ਲਈ ਯੋਗ ਇਕ ਕਾਰਗਰ ਹਥਿਆਰ ਹੈ, ਜੋ ਕਿ ਸਰੀਰਕ ਤੇ ਮਾਨਸਿਕ ਤੌਰ ’ਤੇ ਸਿਹਤਮੰਦ ਰੱਖਦਾ ਹੈ। ਉਨ੍ਹਾਂ ਕਿਹਾ ਕਿ ਰੋਜ਼ਾਨਾ ਸਵੇਰੇ ਜੇਕਰ ਸਹੀ ਤਰੀਕੇ ਨਾਲ ਯੋਗ ਕਿਰਿਆਵਾਂ ਅਪਨਾਈਆਂ ਜਾਣ ਤਾਂ ਪੂਰਨ ਰੂਪ ਨਾਲ ਆਪਣੇ ਆਪ ਨੂੰ ਫਿਟ ਰੱਖ ਸਕਦੇ ਹਾਂ। 

ਉਨ੍ਹਾਂ ਨੌਜਵਾਨਾਂ ਨੂੰ ਯੋਗ ਅਪਨਾ ਕੇ ਨਸ਼ਿਆਂ ਤੋਂ ਦੂਰ ਰਹਿਣ ਲਈ ਵੀ ਪ੍ਰੇਰਿਤ ਕੀਤਾ। ਉਨ੍ਹਾਂ ਕੋਰੋਨਾ ਦੌਰਾਨ ਤਨਾਅ ਮੁਕਤ ਹੋਣ ਲਈ ਯੋਗ ਸਬੰਧੀ ਕੀਤੇ ਗਏ ਆਪਣੇ ਤਜ਼ਰਬਿਆਂ ਨੂੰ ਵੀ ਸਾਰਿਆਂ ਨਾਲ ਸਾਂਝਾ ਕੀਤਾ। ਐਸ.ਐਸ.ਪੀ. ਸ੍ਰੀ ਸਰਤਾਜ ਸਿੰਘ ਚਾਹਲ ਨੇ ਕਿਹਾ ਕਿ ਯੋਗ ਇਕ ਇਸ ਤਰ੍ਹਾਂ ਦਾ ਖ਼ਜਾਨਾ ਹੈ, ਜਿਸ ਦਾ ਜਿਨ੍ਹਾਂ ਪ੍ਰਯੋਗ ਕੀਤਾ ਜਾਵੇ, ਉਹ ਘੱਟ ਹੈ। 

ਉਨ੍ਹਾਂ ਕਿਹਾ ਕਿ ਅਸੀਂ ਗੰਭੀਰਤਾ ਨਾਲ ਕਿਸੇ ਯੋਗ ਅਧਿਆਪਕ ਦੀ ਦੇਖਰੇਖ ਵਿਚ ਥੋੜੀ ਜਿਹੀ ਪ੍ਰੈਕਟਿਸ ਕਰਕੇ ਆਪਣੀ ਇਸ ਪੁਰਾਤਨ ਵਿਧੀ ਦਾ ਲਾਭ ਲੈ ਸਕਦੇ ਹਾਂ। ਉਨ੍ਹਾਂ ਕਿਹਾ ਕਿ ਬੱਚੇ, ਮਹਿਲਾਵਾਂ, ਬਜ਼ੁਰਗ ਸਾਰਿਆਂ ਲਈ ਯੋਗ ਲਾਭਕਾਰੀ ਹੈ ਅਤੇ ਇਸ ਨੂੰ ਰੋਜ਼ਾਨਾ ਦੀ ਜ਼ਿੰਦਗੀ ਦਾ ਹਿੱਸਾ ਬਣਾਉਣਾ ਚਾਹੀਦਾ ਹੈ।

ਇਸ ਦੌਰਾਨ ਡਿਪਟੀ ਕਮਿਸ਼ਨਰ ਤੇ ਐਸ.ਐਸ.ਪੀ. ਨੇ ਲਗਾਏ ਗਏ ਸਟਾਲਾਂ ਦੇ ਨਾਲ-ਨਾਲ ਵਣ ਵਿਭਾਗ ਵਲੋਂ ਲਗਾਏ ਗਏ ਮੈਡੀਸਨਲ ਪੌਦਿਆਂ ਦੇ ਸਟਾਲ ਦਾ ਵੀ ਦੌਰਾ ਕੀਤਾ। ਉਨ੍ਹਾਂ ਲੋਕਾਂ ਨੂੰ ਮੁਫ਼ਤ ਪੌਦੇ ਦਿੰਦੇ ਹੋਏ ਅਪੀਲ ਕੀਤੀ ਕਿ ਵਾਤਾਵਰਣ ਨੂੰ ਸਾਫ਼ ਰੱਖਣ ਲਈ ਵੱਧ ਤੋਂ ਵੱਧ ਪੌਦੇ ਲਗਾਏ ਜਾਣ। 

ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਤੇ ਐਸ.ਐਸ.ਪੀ. ਨੇ ਅੰਤਰਰਾਸ਼ਟਰੀ ਯੋਗ ਦਿਵਸ ’ਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਵੀ ਸਨਮਾਨਿਤ ਕੀਤਾ। ਯੋਗ ਦਿਵਸ ’ਤੇ ਪ੍ਰਸ਼ਾਸਨ ਵਲੋਂ ਰਿਫਰੈਸ਼ਮੈਂਟ ਤੇ ਪਾਣੀ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ ਅਤੇ ਪਾਣੀ ਤੇ ਜੂਸ ਲਈ ਪਲਾਸਟਿਕ ਦੀਆਂ ਬੋਤਲਾਂ ਦਾ ਪ੍ਰਯੋਗ ਨਹੀਂ ਕੀਤਾ ਗਿਆ।

ਇਸ ਤੋਂ ਇਲਾਵਾ ਕੇਂਦਰੀ ਵਿਦਿਆਲਿਆ ਗਜ਼ ਵਿਚ ਆਯੁਰਵੈਦਿਕ ਮੈਡੀਕਲ ਅਫ਼ਸਰ ਡਾ. ਅਰੁਣ, ਯੋਗ ਗੁਰੂ ਡਾ. ਬਰਜਿੰਦਰ ਸਿੰਘ ਤੇ ਰਾਜਨ ਵਰਮਾ ਅਤੇ ਬੀ.ਐਸ.ਐਫ. ਖੜ੍ਹਕਾਂ ਵਿਚ ਆਯੁਰਵੈਦਿਕ ਮੈਡੀਕਲ ਅਫ਼ਸਰ ਡਾ. ਰੁਪਿੰਦਰ ਪ੍ਰੀਤ ਸਿੰਘ, ਡਾ. ਰਿਤੂ ਚੌਧਰੀ, ਡਾ. ਸੁਭਾਸ਼ ਸ਼ਰਮਾ ਤੇ ਡਾ. ਸੋਰਭ ਸ਼ਰਮਾ ਵਲੋਂ ਯੋਗ ਮੁੰਦਰਾਵਾਂ ਕਰਵਾਈਆਂ ਗਈਆਂ। 

ਇਸ ਮੌਕੇ ਐਸ.ਪੀ. (ਡੀ) ਸ੍ਰੀ ਮੁਖਤਿਆਰ ਸਿੰਘ, ਐਸ.ਡੀ.ਐਮ. ਸ੍ਰੀ ਸ਼ਿਵ ਰਾਜ ਸਿੰਘ ਬੱਲ, ਜ਼ਿਲ੍ਹਾ ਆਯੁਰਵੈਦਿਕ ਤੇ ਯੂਨਾਨੀ ਅਫ਼ਸਰ ਡਾ. ਭੁਪਿੰਦਰ ਕੌਰ, ਕਾਰਜਕਾਰੀ ਸਿਵਲ ਸਰਜਨ ਡਾ. ਪਵਨ ਕੁਮਾਰ, ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਸ੍ਰੀ ਪ੍ਰੀਤ ਕੋਹਲੀ, ਡਾ. ਹਰੀਸ਼ ਭਾਟੀਆ, ਨੈਸ਼ਨਲ ਯੂਥ ਐਵਾਰਡੀ ਸ੍ਰੀ ਪ੍ਰਮੋਦ ਸ਼ਰਮਾ ਤੋਂ ਇਲਾਵਾ ਹੋਰ ਵਿਭਾਗਾਂ ਤੇ ਸੰਸਥਾਵਾਂ ਦੇ ਪ੍ਰਤੀਨਿੱਧ ਵੀ ਮੌਜੂਦ ਸਨ।