5 Dariya News

ਕਚਿਹਰੀ ਕੰਪਲੈਕਸ ਬਟਾਲਾ ਵਿੱਚ ਪੂਰੇ ਉਤਸ਼ਾਹ ਨਾਲ ਮਨਾਇਆ ਕੌਮਾਂਤਰੀ ਯੋਗ ਦਿਵਸ

ਯੋਗ ਨਾਲ ਮਿਲਦੀ ਹੈ ਸਰੀਰਕ, ਮਾਨਸਿਕ ਅਤੇ ਅਧਿਆਤਮਕ ਤੰਦਰੁਸਤੀ ਜੱਜ ਸਾਹਿਬਾਨ

5 Dariya News

ਬਟਾਲਾ 21-Jun-2022

ਅੱਜ 8ਵੇਂ ਕੌਮਾਂਤਰੀ ਯੋਗਾ ਦਿਵਸ ਮੌਕੇ ਆਯੁਰਵੈਦਿਕ ਅਤੇ ਯੂਨਾਨੀ ਵਿਭਾਗ ਦੇ ਸਹਿਯੋਗ ਨਾਲ ਤਹਿਸੀਲ ਕੰਪਲੈਕਸ ਬਟਾਲਾ ਵਿਖੇ ਵਿਸ਼ੇਸ਼ ਯੋਗਾ ਕੈਂਪ ਲਗਾਇਆ ਗਿਆ। ਇਸ ਯੋਗਾ ਕੈਂਪ ਵਿੱਚ ਸ੍ਰੀ ਮਨਦੀਪ ਸਿੰਘ, ਜੇ.ਐੱਮ.ਆਈ.ਸੀ. ਬਟਾਲਾ, ਸ੍ਰੀ ਮਨਪ੍ਰੀਤ ਸਿੰਘ ਸੋਹੀ, ਜੇ.ਐੱਮ.ਆਈ.ਸੀ. ਬਟਾਲਾ ਤੋਂ ਇਲਾਵਾ ਆਯੂਰਵੈਦਿਕ ਵਿਭਾਗ ਦੇ ਡਾਕਟਰਾਂ, ਵਕੀਲ ਸਾਹਿਬਾਨ ਅਤੇ ਕਚਿਹਰੀ ਕੰਪਲੈਕਸ ਦੇ ਕਰਮਚਾਰੀਆਂ ਨੇ ਭਾਗ ਲਿਆ। 

ਯੋਗ ਕੈਂਪ ਦੌਰਾਨ ਆਯੂਰਵੈਦਿਕ ਵਿਭਾਗ ਦੀ ਡਾਕਟਰ ਅਤੇ ਯੋਗਾ ਮਾਹਿਰ ਡਾ. ਨੀਲਮ ਨੇ ਯੋਗ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਅਤੇ ਨਾਲ ਹੀ ਯੋਗਾ ਦੇ ਵੱਖ-ਵੱਖ ਆਸਣ ਕਰਵਾਏ। ਡਾ. ਨੀਲਮ ਨੇ ਕਿਹਾ ਕਿ ਸਾਨੂੰ ਤੰਦਰੁਸਤ ਰਹਿਣ ਲਈ ਵੱਧ ਤੋਂ ਵੱਧ ਯੋਗ ਨਾਲ ਜੁੜਨਾ ਚਾਹੀਦਾ ਹੈ। 

ਇਸ ਮੌਕੇ ਮਨਦੀਪ ਸਿੰਘ, ਜੇ.ਐੱਮ.ਆਈ.ਸੀ. ਬਟਾਲਾ ਅਤੇ ਮਨਪ੍ਰੀਤ ਸਿੰਘ ਸੋਹੀ, ਜੇ.ਐੱਮ.ਆਈ.ਸੀ. ਬਟਾਲਾ ਨੇ ਕਿਹਾ ਕਿ ਸਾਨੂੰ ਯੋਗ ਨੂੰ ਆਪਣੇ ਜੀਵਨ ਦਾ ਅਹਿਮ ਹਿੱਸਾ ਬਣਾਉਣਾ ਚਾਹੀਦਾ ਹੈ, ਕਿਉਂਕਿ ਯੋਗ ਨਾਲ ਜਿੱਥੇ ਸਾਨੂੰ ਸਰੀਰਕ, ਮਾਨਸਿਕ ਅਤੇ ਅਧਿਆਤਮਕ ਤੰਦਰੁਸਤੀ ਮਿਲਦੀ ਹੈ, ਉੱਥੇ ਯੋਗ ਨਾਲ ਅਜੋਕੀ ਰੁਝੇਵੇਂ ਭਰੀ ਜ਼ਿੰਦਗੀ ਤੋਂ ਤਣਾਅ ਨੂੰ ਵੀ ਦੂਰ ਕੀਤਾ ਜਾ ਸਕਦਾ ਹੈ। 

ਉਨਾਂ ਕਿਹਾ ਕਿ ਅੱਜ ਦੇ ਸਮੇਂ ਵਿਚ ਹਵਾ ਪ੍ਰਦੂਸ਼ਣ, ਪਾਣੀ ਪ੍ਰਦੂਸ਼ਣ ਤੋਂ ਇਲਾਵਾ ਵੱਖ ਵੱਖ ਤਰਾਂ ਦੇ ਪ੍ਰਦੂਸ਼ਣ ਨਾਲ ਕਈ ਭਿਆਨਕ ਬਿਮਾਰੀਆਂ ਸਾਹਮਣੇ ਆ ਰਹੀਆਂ ਹਨ ਅਤੇ ਲਗਾਤਾਰ ਗੰਭੀਰ ਹੋ ਰਹੇ ਇਸ ਵਾਤਾਵਰਨ ਪ੍ਰਦੂਸ਼ਣ ਨੂੰ ਰੋਕਣ ਲਈ ਸਾਨੂੰ ਸਾਰਿਆਂ ਨੂੰ ਜ਼ਿੰਦਗੀ ਵਿੱਚ ਵੱਧ ਤੋਂ ਵੱਧ ਪੌਦੇ ਜਰੂਰ ਲਗਾਉਣੇ ਚਾਹੀਦੇ ਹਨ।