5 Dariya News

ਕੌਮਾਂਤਰੀ ਯੋਗ ਦਿਵਸ - 2022 : ਯੋਗ ਰਾਹੀਂ ਰੋਗ ਭਜਾਉਣ ਦਾ ਸੱਦਾ

ਬਟਾਲਾ ਦੀ ਹਜ਼ੀਰਾ ਪਾਰਕ ਵਿੱਚ ਉਤਸ਼ਾਹ ਨਾਲ ਮਨਾਇਆ ਗਿਆ ਕੌਮਾਂਤਰੀ ਯੋਗ ਦਿਵਸ

5 Dariya News

ਬਟਾਲਾ 21-Jun-2022

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਟਾਲਾ ਦੀ ਪ੍ਰਸਿੱਧ ਹਜ਼ੀਰਾ ਪਾਰਕ ਵਿੱਚ ਅੱਜ 8ਵਾਂ ਕੌਮਾਂਤਰੀ ਯੋਗ ਦਿਵਸ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ। ਕੌਮਾਂਤਰੀ ਯੋਗ ਦਿਵਸ ਸਬੰਧੀ ਅੱਜ ਸਵੇਰੇ 6 ਵਜੇ ਲਗਾਏ ਵਿਸ਼ੇਸ਼ ਯੋਗਾ ਕੈਂਪ ਵਿੱਚ ਵੱਡੀ ਗਿਣਤੀ ’ਚ ਬਟਾਲਾ ਸ਼ਹਿਰ ਦੇ ਨਿਵਾਸੀ ਸ਼ਾਮਲ ਹੋਏ ਜਦਕਿ ਐੱਸ.ਡੀ.ਐੱਮ. ਬਟਾਲਾ ਸ਼ਾਇਰੀ ਭੰਡਾਰੀ ਅਤੇ ਤਹਿਸੀਲਦਾਰ ਲਖਵਿੰਦਰ ਸਿੰਘ ਨੇ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰੀ ਭਰੀ।  

ਸਰਕਾਰੀ ਆਯੂਰਵੈਦਿਕ ਡਾਕਟਰ ਅਮਿਤ ਵਰਮਾ ਅਤੇ ਡਾ. ਅੰਕੁਰ ਲੇਖੀ ਵੱਲੋਂ ਕੈਂਪ ਵਿੱਚ ਹਾਜ਼ਰ ਵਿਅਕਤੀਆਂ ਨੂੰ ਯੋਗ ਦੀ ਮਹੱਤਤਾ ਬਾਰੇ ਵਿਸਥਾਰ ਵਿੱਚ ਦੱਸਿਆ ਗਿਆ। ਯੋਗਾ ਮਾਹਿਰ ਡਾ. ਮੰਜੂ ਵੱਲੋਂ ਯੋਗਾ ਦੇ ਵੱਖ-ਵੱਖ ਆਸਣਾਂ ਬਾਰੇ ਜਾਣਕਾਰੀ ਦੇਣ ਦੇ ਨਾਲ ਹਾਜ਼ਰੀਨ ਨੂੰ ਯੋਗ ਦੇ ਆਸਣ ਕਰਵਾਏ ਗਏ।

ਕੌਮਾਂਤਰੀ ਯੋਗ ਦਿਵਸ ਦੀ ਮਹੱਤਤਾ ਦੱਸਦਿਆਂ ਐੱਸ.ਡੀ.ਐੱਮ. ਬਟਾਲਾ ਸ੍ਰੀਮਤੀ ਸ਼ਾਇਰੀ ਭੰਡਾਰੀ ਨੇ ਕਿਹਾ ਕਿ ਯੋਗਾ ਸਾਡੀ ਪ੍ਰਾਚੀਨ ਪਰੰਪਰਾ ਤੋਂ ਪ੍ਰਾਪਤ ਅਨਮੋਲ ਤੋਹਫ਼ਾ ਹੈ। ਉਨ੍ਹਾਂ ਕਿਹਾ ਕਿ ਯੋਗ ਮਨ ਅਤੇ ਸਰੀਰ, ਸੰਜਮ ਤੇ ਪੂਰਤੀ, ਵਿਅਕਤੀ ਅਤੇ ਕੁਦਰਤ ਵਿਚਲੇ ਸੁਮੇਲ, ਵਿਚਾਰ ਅਤੇ ਕਾਰਜ ਦੀ ਏਕਤਾ ਦਾ ਪ੍ਰਗਟਾਵਾ ਕਰਦਾ ਹੈ, ਜੋ ਕਿ ਸੰਪੂਰਨ ਪਹੁੰਚ ਅਨੁਸਾਰ ਸਾਡੀ ਸਿਹਤ ਅਤੇ ਭਲਾਈ ਲਈ ਕੀਮਤੀ ਹੈ। 

ਉਨ੍ਹਾਂ ਕਿਹਾ ਕਿ ਯੋਗਾ ਕੇਵਲ ਅਭਿਆਸ ਨਹੀਂ, ਸਗੋਂ ਇਹ ਆਪਣੇ-ਆਪ ਵਿਚ ਸੰਸਾਰ, ਆਤਮ ਭਾਲ ਦੀ ਭਾਵਨਾ ਨੂੰ ਖੋਜਣ ਦਾ ਇੱਕ ਬੇਹਤਰੀਨ ਤਰੀਕਾ ਹੈ। ਉਨ੍ਹਾਂ ਕਿਹਾ ਕਿ ਅਸੀਂ ਆਪਣੇ ਰੋਜ਼ਾਨਾਂ ਜੀਵਨ ਵਿੱਚ ਯੋਗਾ ਨੂੰ ਸ਼ਾਮਲ ਕਰਕੇ ਤੰਦਰੁਸਤ ਜੀਵਨ ਬਸਰ ਕਰ ਸਕਦੇ ਹਾਂ। ਇਸ ਮੌਕੇ ਉਨ੍ਹਾਂ ਬਟਾਲਾ ਸ਼ਹਿਰ ਨਿਵਾਸੀਆਂ ਨੂੰ ਸ਼ਹਿਰ ਦੀ ਸਫ਼ਾਈ ਵਿਵਸਥਾ ਦੇ ਸੁਧਾਰ ਵਿੱਚ ਸਹਿਯੋਗ ਕਰਨ ਦੀ ਅਪੀਲ ਵੀ ਕੀਤੀ। 

ਉਨ੍ਹਾਂ ਦੱਸਿਆ ਕਿ ਨਗਰ ਨਿਗਮ ਬਟਾਲਾ ਵੱਲੋਂ ‘ਮੇਰਾ ਕੂੜਾ, ਮੇਰੀ ਜ਼ਿੰਮੇਵਾਰੀ’ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਇਸ ਮੁਹਿੰਮ ਵਿੱਚ ਹਰ ਸ਼ਹਿਰੀ ਨੂੰ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।ਇਸ ਯੋਗ ਕੈਂਪ ਵਿੱਚ ਦ੍ਰਿਸ਼ਟੀ ਵੈਲਫੇਅਰ ਐਸੋਸੀਏਸ਼ਨ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ। ਇਸ ਮੌਕੇ ਦ੍ਰਿਸ਼ਟੀ ਵੈਲਫੇਅਰ ਐਸੋਸੀਏਸ਼ਨ ਦੇ ਚੇਅਰਮੈਨ ਸਤੀਸ਼ ਅਗਰਵਾਲ ਅਤੇ ਪ੍ਰਧਾਨ ਰਮਨ ਗੁਪਤਾ ਨੇ ਵੀ ਕੌਮਾਂਤਰੀ ਯੋਗ ਦਿਵਸ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ। 

ਇਸ ਮੌਕੇ ਹੋਰਨਾਂ ਤੋਂ ਇਲਾਵਾ ਦ੍ਰਿਸ਼ਟੀ ਵੈਲਫੇਅਰ ਐਸੋਸੀਏਸ਼ਨ ਦੇ ਸੀਨੀਅਰ ਵਾਈਸ ਪ੍ਰਧਾਨ ਟਿੰਕੂ, ਜਨਰਲ ਸਕੱਤਰ ਰਮਨ ਸੈਣੀ, ਵਾਈਸ ਪ੍ਰਧਾਨ ਵਿਕਰਮ ਚੌਹਾਨ, ਮਾਸਟਰ ਜੋਗਿੰਦਰ ਸਿੰਘ ਅੱਚਲੀ ਗੇਟ, ਯਸਪਾਲ ਚੌਹਾ, ਸਾਬਕਾ ਚੇਅਰਮੈਨ ਕਸਤੂਰੀ ਲਾਲ ਸੇਠ, ਰਮੇਸ਼ ਵਰਮਾਂ, ਮਿਸਜ ਚੱਢਾ ਸਮੇਤ ਹੋਰ ਮੋਹਤਬਰ ਵੀ ਹਾਜ਼ਰ ਸਨ।