ਅਜ਼ਾਦੀ ਦਾ ਅੰਮ੍ਰਿਤ ਮਹੋਤਸਵ ਤਹਿਤ ਸਫਾਈ ਕਰਮਚਾਰੀਆਂ ਨੂੰ ਕਰਜੇ ਮੁਹੱਈਆਂ ਕਰਵਾਉਣ ਲਈ ਲਾਇਆ ਜਾਗਰੁਕਤਾ ਕੈਂਪ
ਨੈਸ਼ਨਲ ਸਫ਼ਾਈ ਕਰਮਚਾਰੀ ਫੈਡਰੇਸਨ ਅਤੇ ਵਿਕਾਸ ਕਾਰਪੋਰੇਸ਼ਨ ਵੱਲੋਂ ਮੈਡੀਕਲ ਕੈਪ ਦਾ ਆਯੋਜਨ
5 Dariya News
ਫਤਹਿਗੜ੍ਹ ਸਾਹਿਬ 20-Jun-2022
ਦੇਸ਼ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਦੇ ਸਬੰਧ ਵਿੱਚ ਅਜ਼ਾਦੀ ਦੇ ਅੰਮ੍ਰਿਤ ਮਹਾਂਉਤਸਵ ਤਹਿਤ ਨੈਸ਼ਨਲ ਸਫ਼ਾਈ ਕਰਮਚਾਰੀ ਵਿੱਤ ਅਤੇ ਵਿਕਾਸ ਕਾਰਪੋਰੇਸ਼ਨ ਵੱਲੋਂ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ ਦੀਆਂ ਸਕੀਮਾਂ ਸਬੰਧੀ ਜਾਣੂ ਕਰਵਾਉਣ ਲਈ ਜਿਲ੍ਹਾ ਸਿੱਖਿਆ ਸਿਖਲਾਈ ਸੰਸਥਾ ਵਿਖੇ ਜਾਗਰੁਕਤਾ ਕੈਂਪ ਲਗਾਇਆ ਗਿਆ।
ਇਸ ਕੈਂਪ ਵਿੱਚ ਨੈਸ਼ਨਲ ਸਫ਼ਾਈ ਕਰਮਚਾਰੀ ਵਿੱਤ ਅਤੇ ਵਿਕਾਸ ਨਿਗਮ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਪ੍ਰਭਾਤ ਕੁਮਾਰ ਸਿੰਘ ਵਿਸ਼ੇਸ਼ ਤੌਰ ਤੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।ਇਸ ਕੈਂਪ ਨੂੰ ਸੰਬੋਧਨ ਕਰਦਿਆਂ ਸ਼੍ਰੀ ਪ੍ਰਭਾਤ ਕੁਮਾਰ ਸਿੰਘ ਨੇ ਕਿਹਾ ਕਿ ਇਸ ਮੰਤਵ ਸਫ਼ਾਈ ਕਰਮਚਾਰੀਆਂ ਨੂੰ ਸਰਕਾਰ ਦੀਆਂ ਲੋਕ ਭਲਾਈ ਦੀਆਂ ਸਕੀਮਾਂ ਅਤੇ ਸਿਹਤ ਸਬੰਧੀ ਸਮੱਸਿਆਂਵਾਂ ਬਾਰੇ ਜਾਗਰੁਕ ਕਰਨਾ ਹੈ ਤਾਂ ਜੋ ਇਹ ਸਫਾਈ ਕਰਮਚਾਰੀ ਸਰਕਾਰੀ ਸਕੀਮਾਂ ਦਾ ਲਾਭ ਲੈ ਕੇ ਆਪਣਾ ਭਵਿੱਖ ਸੁਰੱਖਿਅਤ ਕਰ ਸਕਣ।
ਉਨ੍ਹਾਂ ਕਿਹਾ ਕਿ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਵਿਭਾਗ ਪੱਛੜੇ ਅਤੇ ਅਣਗੌਲੇ ਵਿਅਕਤੀਆਂ ਨੂੰ ਮਜ਼ਬੂਤ ਅਤੇ ਆਤਮ-ਨਿਰਭਰ ਬਣਾਉਣ ਲਈ ਵੱਖ-ਵੱਖ ਯੋਜਨਾਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰ ਰਿਹਾ ਹੈ। ਇਸਦਾ ਮੁੱਖ ਮੰਤਵ ਪਛੜੀਆਂ ਸ਼੍ਰੇਣੀਆਂ, ਅਨੁਸੂਚਿਤ ਜਾਤੀਆਂ, ਸਫਾਈ ਕਰਮਚਾਰੀ, ਕੂੜਾ ਕਰਕਟ ਆਦਿ ਚੁੱਕਣ ਵਾਲੇ ਅਤੇ ਵੱਖ-ਵੱਖ ਤੌਰ 'ਤੇ ਅਪਾਹਜ ਲੋਕਾਂ ਦੀ ਮੱਦਦ ਕਰਨਾ ਹੈ।
ਇਸ ਮੌਕੇ ਕਾਰਪੋਰੇਸ਼ਨਾਂ ਦੀਆਂ ਸਕੀਮਾਂ ਤਹਿਤ ਸਫ਼ਾਈ ਕਰਮਚਾਰੀਆਂ, ਹੱਥੀਂ ਸਫ਼ਾਈ ਕਰਨ ਵਾਲੇ, ਅਨੁਸੂਚਿਤ ਜਾਤੀਆਂ ਅਤੇ ਹੋਰ ਪਛੜੀਆਂ ਸ਼੍ਰੇਣੀਆਂ ਦੇ ਲਾਭਪਾਤਰੀਆਂ ਨੂੰ ਕਰਜ਼ਾ ਮਨਜ਼ੂਰੀ ਪੱਤਰ ਵੰਡੇ ਗਏ।ਇਸ ਪ੍ਰੋਗਰਾਮ ਦੌਰਾਨ ਸਿਹਤ ਕੈਂਪ ਵੀ ਲਗਾਇਆ ਗਿਆ, ਜਿਸ ਦੌਰਾਨ ਲਾਭਪਾਤਰੀਆਂ ਨੂੰ ਮੁਫਤ ਦਵਾਈਆਂ, ਐਨਕਾਂ ਵੀ ਵੰਡੀਆਂ ਗਈਆਂ। ਇਸ ਕੈਂਪ ਦੌਰਾਨ ਕਾਰਪੋਰੇਸ਼ਨ ਦੀਆਂ ਸਕੀਮਾਂ ਅਤੇ ਪੰਜਾਬ ਗ੍ਰਾਮੀਣ ਬੈਂਕ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਸਬੰਧੀ ਜਾਗਰੂਕ ਕੀਤਾ ਗਿਆ।
ਇਸ ਮੌਕੇ ਨੈਸ਼ਨਲ ਸਫ਼ਾਈ ਕਰਮਚਾਰੀ ਫੈਡਰੇਸਨ ਅਤੇ ਵਿਕਾਸ ਕਾਰਪੋਰੇਸ਼ਨ ਤੋਂ ਮਹਾਂਪ੍ਰਬੰਧਕ ਬੀ ਐਲ ਯਾਦਵ, ਮੁੱਖ ਪ੍ਰਬੰਧਕ ਸ੍ਰੀ ਸੁਰੇਸ਼ ਕੁਮਾਰ, ਪ੍ਰਬੰਧਕ ਸ਼੍ਰੀ ਆਰ ਕੇ ਗੁਪਤਾ , ਡੀ ਐਮ ਫਤਹਿਗੜ੍ਹ ਸਾਹਿਬ ਸ੍ਰੀ ਅਵਤਾਰ ਸਿੰਘ , ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਅਧਿਕਾਰੀ ਸ੍ਰੀ ਜਸਵੀਰ ਸਿੰਘ ਢਿੱਲੋਂ ਤੋਂ ਇਲਾਵਾ ਪੰਜਾਬ ਗ੍ਰਾਮੀਣ ਬੈਂਕ ਦੇ ਸੀਨੀਅਰ ਅਧਿਕਾਰੀ ਅਤੇ ਵੱਡੀ ਗਿਣਤੀ ਵਿੱਚ ਲਾਭਪਾਤਰੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਸ਼ਮੂਲੀਅਤ ਕੀਤੀ।