5 Dariya News

ਅਨੁਸੂਚਿਤ ਜਾਤੀ ਭਾਈਚਾਰੇ ਦੀਆਂ ਸਮੱਸਿਆਵਾਂ ਦੇ ਹੱਲ ਲਈ ਕਮਿਸ਼ਨ ਨੇ ਭਾਈਚਾਰਕ ਸਾਂਝ ਕੈਂਪ ਲਗਾਉੋਣ ਦਾ ਕੀਤਾ ਫੈਸਲਾ : ਚੰਦਰੇਸ਼ਵਰ ਮੋਹੀ

ਲੋਕਾਂ ’ਚ ਬੈਠ ਕੇ ਹੀ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਕੀਤਾ ਜਾ ਸਕਦੈ ਹਲ, ਅਨੁਸੂਚਿਤ ਜਾਤੀ ਵਰਗ ਦੇ ਲੋਕਾਂ ਨਾਲ ਕਿਸੇ ਕਿਸਮ ਦਾ ਧੱਕਾ ਨਹੀਂ ਕੀਤਾ ਜਾਵੇਗਾ ਬਰਦਾਸ਼ਤ

5 Dariya News

ਅਮਲੋਹ 17-Jun-2022

ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਵੱਲੋਂ ਅਨੁਸੂਚਿਤ ਜਾਤੀ ਵਰਗ ਦੇ ਲੋਕਾਂ ਦੀਆਂ ਸਿ਼ਕਾਇਤਾਂ ਦੇ ਹਲ ਲਈ ਆਪਸੀ ਭਾਈਚਾਰਕ ਸਾਂਝ  ਕੈਂਪ ਲਗਾਉਣ ਦਾ ਫੈਸਲਾ ਕੀਤਾ ਹੈ ਤਾਂ ਜੋ ਭਾਈਚਾਰੇ ਦੇ ਲੋਕ ਬਿਨਾਂ ਕਿਸੇ ਡਰ ਜਾਂ ਭੈਅ ਤੋਂ ਆਪਣੀਆਂ ਸਮੱਸਿਆਵਾਂ ਬਾਰੇ  ਦਸ ਸਕਣ। ਇਹ ਜਾਣਕਾਰੀ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਮੈਂਬਰ ਚੰਦਰੇਸ਼ਵਰ ਮੋਹੀ ਨੇ ਬੀ.ਡੀ.ਪੀ.ਓ. ਦਫ਼ਤਰ ਅਮਲੋਹ ਵਿੱਚ ਲਗਾਏ ਗਏ ਪਹਿਲੇ ਆਪਸੀ ਭਾਈਚਾਰ ਸਾਂਝ ਕੈਂਪ ਨੂੰ ਸੰਬੋਧਨ ਕਰਦਿਆਂ ਦਿੱਤੀ। 

ਉਨ੍ਹਾਂ ਦੱਸਿਆ ਕਿ ਕਮਿਸ਼ਨ, ਭਾਈਚਾਰੇ ਦੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਇਸ ਵਿੱਚ ਕਿਸੇ ਕਿਸਮ ਦੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਕੈਂਪ ਦੌਰਾਨ ਅਨੁਸੂਚਿਤ ਜਾਤੀ ਨਾਲ ਸਬੰਧਤ ਸਿ਼ਕਾਇਤਾਂ ਦਾ ਮੌਕੇ ’ਤੇ ਹੀ ਨਿਪਟਾਰਾ ਕੀਤਾ ਗਿਆ ਜਦੋਂ ਕਿ ਇੱਕ ਕੇਸ ਵਿੱਚ ਐਸ.ਸੀ. ਐਕਟ ਵੀ ਲਗਾਇਆ ਗਿਆ।

ਸ਼੍ਰੀ ਮੋਹੀ ਨੇ ਅਨੁਸੂਚਿਤ ਜਾਤੀ ਭਾਈਚਾਰੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਆਪਸੀ ਝਗੜਿਆਂ ਦਾ ਆਪਸੀ ਸਹਿਮਤੀ ਨਾਲ ਹੱਲ ਕਰਨਾ ਚਾਹੀਦਾ ਹੈ ਤਾਂ ਜੋ ਝਗੜਿਆਂ ਦੇ ਨਿਪਟਾਰੇ ਲਈ ਪੁਲਿਸ ਸਟੇਸ਼ਨਾਂ ਜਾਂ ਕੋਰਟ ਦੇ ਚੱਕਰ ਨਾ ਮਾਰਨੇ ਪੈਣ। ਉਨ੍ਹਾਂ ਇਹ ਵੀ ਕਿਹਾ ਕਿ ਅਨੁਸੂਚਿਤ ਜਾਤੀ ਵਰਗ ਦੇ ਲੋਕਾਂ ਨਾਲ ਕਿਸੇ ਕਿਸਮ ਦੀ ਵਧੀਕੀ ਕਿਸੇ ਵੀ ਹਾਲ ਵਿੱਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ । 

ਉਨ੍ਹਾਂ ਹੋਰ ਕਿਹਾ ਕਿ ਕਮਿਸ਼ਨ ਦਾ ਮੈਂਬਰ ਹੋਣ ਨਾਤੇ ਉਨ੍ਹਾਂ ਵਲੋਂ ਹਮੇਸ਼ਾਂ ਦੋਵੇਂ ਧਿਰਾਂ ਦੀ ਗੱਲ ਸੁਣ ਕੇ ਹੀ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਂਦੀ ਹੈ, ਕਿਉਂਕਿ ਆਪਸੀ ਸਹਿਮਤੀ ਨਾਲ ਝਗੜਿਆਂ ਦੇ ਹੱਲ ਨਾਲ ਆਪਸੀ ਭਾਈਚਾਰਕ ਸਾਂਝ  ਨੂੰ ਵੀ ਕੋਈ ਠੇਸ ਨਹੀਂ ਪਹੁੰਚਦੀ। 

ਮੋਹੀ ਨੇ ਹੋਰ ਕਿਹਾ ਕਿ ਉਨ੍ਹਾਂ ਦਾ ਹਮੇਸ਼ਾਂ ਇਹੋ ਮੰਤਵ ਰਹਿੰਦਾ ਹੈ ਕਿ ਪਿੰਡਾਂ, ਮੁਹੱਲਿਆਂ ਤੇ ਵਾਰਡਾਂ ਵਿੱਚ ਹੋਣ ਵਾਲੇ ਝਗੜਿਆਂ ਨੂੰ ਸਹਿਮਤੀ ਨਾਲ ਨਬੇੜਿਆ ਜਾਵੇ ਇਸ ਨਾਲ ਜਿਥੇ ਆਪਸੀ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖਿਆ ਜਾਂਦਾ ਹੈ ਅਤੇ ਕਿਸੇ ਕਿਸਮ ਵੈਰ ਵਿਰੋਧ ਨਾ ਵਧੇ।

ਇਸ ਮੌਕੇ ਡੀ.ਐਸ.ਪੀ. ਅਮਲੋਹ ਸ਼੍ਰੀ ਸੁਖਵਿੰਦਰ ਸਿੰਘ,ਬੀ.ਡੀ.ਪੀ.ਓ. ਅਮਲੋਹ ਸ਼੍ਰੀ ਹਿਤੇਨ ਕਪਿਲਾ, ਐਸ.ਐਚ.ਓ. ਮੰਡੀ ਗੋਬਿੰਦਗੜ੍ਹ ਇਸਪੈਕਟਰ ਮੁਹੰਦਮ ਜਮੀਲ, ਐਸ.ਐਚ.ਓ. ਇੰਸਪੈਕਟਰ ਅਮਰਵੀਰ ਸਿੰਘ,  ਸਮਸ਼ੇਰ ਸਿੰਘ ਅੰਨੀਆਂ, ਹਰਪ੍ਰੀਤ ਸਿੰਘ ਗੁਰਧਨਪੁਰ ਤੋਂ ਇਲਾਵਾ ਪਿੰਡਾਂ ਦੇ ਪੰਚ-ਸਰਪੰਚ ਅਤੇ ਸ਼ਹਿਰੀ ਪਤਵੰਤੇ ਮੌਜੂਦ ਸਨ।