ਫਗਵਾੜਾ ਨੇੜੇ ਕੂੜਾ ਡੰਪ ਵਿਖੇ ਜਲਦ ਸਥਾਪਿਤ ਹੋਵੇਗਾ ‘ਮਕੈਨੀਕਲ ਸਪਰੇਟਰ’
ਕੂੜੇ ਨੂੰ ਅਲੱਗ-ਅਲੱਗ ਕਰਕੇ ਹੋਵੇਗਾ ਨਿਪਟਾਰਾ, ਡੰਪ ਵਿਖੇ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਬੋਰ ਕਰਵਾਕੇ ਰੋਜ਼ਾਨਾ ਪਾਣੀ ਦਾ ਹੋਵੇਗਾ ਛਿੜਕਾਅ
5 Dariya News
ਫਗਵਾੜਾ 13-Jun-2022
ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਵਲੋਂ ਕਿਹਾ ਗਿਆ ਹੈ ਕਿ ਫਗਵਾੜਾ ਵਿਖੇ ਪਲਾਹੀ ਨੇੜੇ ਕੂੜਾ ਡੰਪ ਵਿਖੇ ‘ਮਕੈਨੀਕਲ ਸਪਰੇਟਰ’ ਜਲਦ ਸਥਾਪਿਤ ਕੀਤਾ ਜਾ ਰਿਹਾ ਹੈ, ਜਿਸ ਲਈ ਬੁਨਿਆਦੀ ਢਾਂਚੇ ਨੂੰ ਤਿਆਰ ਕਰ ਲਿਆ ਗਿਆ ਹੈ। ਇਸ ਨਾਲ ਕੂੜੇ ਨੂੰ ਮਸ਼ੀਨੀ ਤਰੀਕੇ ਨਾਲ ਅਲੱਗ-ਅਲੱਗ ਕਰਕੇ ਉਸਦਾ ਨਿਪਟਾਰਾ ਆਸਾਨੀ ਨਾਲ ਕੀਤਾ ਜਾ ਜਾਵੇਗਾ।
ਅੱਜ ਇੱਥੇ ਉਨ੍ਹਾਂ ਕੂੜਾ ਡੰਪ ਵਿਖੇ ਨਗਰ ਨਿਗਮ ਕਮਿਸ਼ਨਰ ਡਾ. ਨਯਨ ਜੱਸਲ ਤੇ ਹੋਰਨਾਂ ਅਧਿਕਾਰੀਆਂ ਸਮੇਤ ਕੂੜਾ ਡੰਪ ਵਿਖੇ ਕੂੜੇ ਨੂੰ ਵੱਖ-ਵੱਖ ਕਰਕੇ ਨਿਪਟਾਰਾ ਕਰਨ ਲਈ ਕੀਤੇ ਜਾ ਰਹੇ ਯਤਨਾਂ ਦੀ ਸਮੀਖਿਆ ਕੀਤੀ।ਉਨ੍ਹਾਂ ਕਿਹਾ ਕਿ ਕੂੜਾ ਡੰਪ ਨੇੜਲੇ ਇਲਾਕਿਆਂ ਵਿਚ ਬਦਬੂ ਨੂੰ ਰੋਕਣ ਲਈ ਲਗਾਤਾਰ ਛਿੜਕਾਅ ਦੀ ਵੀ ਵਿਵਸਥਾ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਕੂੜਾ ਡੰਪ ਵਿਖੇ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਕੰਟਰੋਲ ਕਰਨ ਲਈ ਕੂੜਾ ਡੰਪ ਵਿਖੇ ਇਕ ਕਰਮਚਾਰੀ ਦੀ ਤਾਇਨਾਤੀ ਕੀਤੀ ਜਾ ਰਹੀ ਹੈ, ਜਿਸਦੇ ਬੈਠਣ ਲਈ ਪੱਕਾ ਪ੍ਰਬੰਧ ਕੀਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਅੱਗ ਲੱਗਣ ਸਬੰਧੀ ਤੁਰੰਤ ਫਾਇਰ ਬਿ੍ਰਗੇਡ ਨੂੰ ਸੂਚਿਤ ਕਰਨ ਤੋਂ ਇਲਾਵਾ ਕੂੜਾ ਡੰਪ ਵਿਖੇ ਬੋਰ ਕਰਵਾਕੇ ਮੋਟਰ ਵੀ ਲਗਵਾਈ ਜਾ ਰਹੀ ਹੈ, ਤਾਂ ਜੋ ਰੋਜ਼ਾਨਾ ਪਾਣੀ ਦਾ ਛਿੜਕਾਅ ਯਕੀਨੀ ਬਣਾਇਆ ਜਾ ਸਕੇ ਤੇ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਵੀ ਰੋਕਿਆ ਜਾ ਸਕੇ।
ਉਨ੍ਹਾਂ ਨਗਰ ਨਿਗਮ ਕਮਿਸ਼ਨਰ ਨੂੰ ਕਿਹਾ ਕਿ ਉਹ ਹਫਤਾਵਾਰੀ ਪੱਧਰ ’ਤੇ ਕੂੜਾ ਡੰਪ ਵਿਖੇ ਕੂੜੇ ਦੇ ਸਹੀ ਤਰੀਕੇ ਨਾਲ ਨਿਪਟਾਰੇ ਦੇ ਕੰਮ ਦੀ ਨਿਗਰਾਨੀ ਕਰਨ ਅਤੇ ਇਸ ਸਬੰਧੀ ਰਿਪੋਰਟ ਡਿਪਟੀ ਕਮਿਸ਼ਨਰ ਦਫਤਰ ਨੂੰ ਭੇਜੀ ਜਾਵੇ।ਇਸ ਤੋਂ ਇਲਾਵਾ ਕੂੜਾ ਡੰਪ ਵਿਖੇ ਸੈਨੇਟਾਈਜ਼ਰ ਦੇ ਲਗਾਤਾਰ ਛਿੜਕਾਅ ਦੇ ਵੀ ਹੁਕਮ ਦਿੱਤੇ ਗਏ ਹਨ।