ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਫਗਵਾੜਾ ਵਿਖੇ ਕਾਉਂਸਲਿੰਗ ਅਤੇ ਰਜਿਸਟ੍ਰੇਸ਼ਨ ਦਾ ਆਯੋਜਨ
5 Dariya News
ਕਪੂਰਥਲਾ 10-Jun-2022
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਕਪੂਰਥਲਾ ਵੱਲੋਂ ਇੰਪਰੂਵਮੈਂਟ ਟਰੱਸਟ, ਫਗਵਾੜਾ ਵਿਖੇ ਕਾਉਂਸਲਿੰਗ ਅਤੇ ਰਜਿਸਟ੍ਰੇਸ਼ਨ ਕੈਂਪ ਲਗਾਇਆ ਗਿਆ,ਜਿਸ ਵਿਚ ਵਧੀਕ ਡਿਪਟੀ ਕਮਿਸ਼ਨਰ ਫਗਵਾੜਾ ਡਾ. ਨਯਨ ਜੱਸਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਨਾਲ ਪੀ.ਸੀ.ਐਸ ਅੰਡਰ ਸਿਖਲਾਈ ਸ੍ਰੀ ਜੀਵਨਦੀਪ ਸਿੰਘ ਵੀ ਹਾਜ਼ਰ ਸਨ।
ਡਾ: ਨਯਨ ਜੱਸਲ ਨੇ ਹਾਜ਼ਰ ਉਮੀਦਵਾਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਸਾਨੂੰ ਸਾਰੀਆਂ ਔਰਤਾਂ ਆਪਣੇ ਸ਼ਮਤਾ ਅਨੁਸਾਰ ਕਿਸੇ ਵੀ ਕਿੱਤੇ ਨੂੰ ਅਪਣਾ ਕੇ ਆਪਣਾ ਖਰਚਾ ਖੁੱਦ ਚੁੱਕਣ ਦੇ ਲਈ ਯਤਨਸ਼ੀਲ ਹੋਣ ਕਿਉਂਕਿ ਵਿੱਤੀ ਸੁਤੰਤਰਤਾ ਹੀ ਅਸਲੀ ਮਹਿਲਾ ਸਸ਼ਕਤੀਕਰਨ ਵੱਲ ਪਹਿਲਾ ਕਦਮ ਹੈ।
ਪੀ.ਸੀ.ਐਸ ਅੰਡਰ ਸਿਖਲਾਈ ਸ੍ਰੀ ਜੀਵਨਦੀਪ ਸਿੰਘ ਨੇ ਸੈਮੀਨਾਰ ਦੌਰਾਨ ਉਮੀਦਵਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਿਸ਼ਨ ਖਾਕੀ ਬਾਰੇ ਰਜਿਸਟਰਡ ਉਮੀਦਵਾਰਾਂ ਨੂੰ ਜਾਣੂ ਕਰਵਾਇਆ ਅਤੇ ਆਉਣ ਵਾਲੀਆਂ ਸਰਕਾਰੀ ਨੌਕਰੀ ਦੀਆਂ ਪ੍ਰੀਖਿਆਵਾਂ ਨਾਲ ਨਜਿੱਠਣ ਦੇ ਤਰੀਕੇ ਬਾਰੇ ਮਾਰਗਦਰਸ਼ਨ ਕੀਤਾ।ਉਨ੍ਹਾਂ ਕਿਹਾ ਕਿ ਮਿਸ਼ਨ ਖਾਕੀ-ਕਰ ਹਰ ਮੈਦਾਨ ਫਤਿਹ, ਜ਼ਿਲ੍ਹਾ ਪ੍ਰਸ਼ਾਸਨ, ਕਪੂਰਥਲਾ ਦੀ ਇੱਕ ਨਵੀਂ ਪਹਿਲ ਕਦਮੀ ਹੈ, ਜਿਸਦਾ ਮੁੱਖ ਮੰਤਵ ਪੰਜਾਬ ਪੁਲਿਸ ਵਿੱਚ ਕਾਂਸਟੇਬਲ ਅਤੇ ਹੈੱਡ ਕਾਂਸਟੇਬਲ ਦੀਆਂ ਅਸਾਮੀਆਂ ਲਈ ਵੱਧ ਤੋਂ ਵੱਧ ਉਮੀਦਵਾਰਾਂ ਦੀ ਚੋਣ ਨੂੰ ਯਕੀਨੀ ਬਣਾਉਣਾ ਹੈ।
ਉਨ੍ਹਾਂ ਕਿਹਾ ਕਿ ਫਗਵਾੜਾ ਤੋਂ ਉਮੀਦਵਾਰਾਂ ਦੀ ਆਸਾਨ ਪਹੁੰਚ ਅਤੇ ਬਿਹਤਰ ਸਹੂਲਤ ਲਈ ਰੋਜ਼ਗਾਰ ਦਫਤਰ ਹਰ ਸ਼ੁੱਕਰਵਾਰ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ, ਇੰਪਰੂਵਮੈਂਟ ਟਰੱਸਟ ਬਿਲਡਿੰਗ, ਹਰਗੋਬਿੰਦ ਨਗਰ, ਫਗਵਾੜਾ ਵਿਖੇ ਵੀ ਚਾਲੂ ਕੀਤਾ ਜਾ ਰਿਹਾ ਹੈ।ਇਸ ਮੌਕੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਲੋਂ ਮਿਸ਼ਨ ਖਾਕੀ ਤਹਿਤ ਸ਼ਨਾਖਤੀ-ਕਮ-ਰਜਿਸਟ੍ਰੇਸ਼ਨ ਕਾਰਡ ਵੀ ਉਮੀਦਵਾਰਾਂ ਨੂੰ ਸੌਂਪੇ।