5 Dariya News

ਡਿਪਟੀ ਕਮਿਸ਼ਨਰ ਵਲੋਂ ਧੁੱਸੀ ਬੰਨ੍ਹ ਅਤੇ ਸੰਭਾਵੀ ਹੜ੍ਹਾਂ ਤੋਂ ਬਚਾਅ ਪ੍ਰਬੰਧਾਂ ਦਾ ਨਿਰੀਖਣ

ਦਰਿਆ ਬਿਆਸ ਕਿਨਾਰੇ ਲਗ ਰਹੇ ਸਟੱਡਾਂ ਦਾ ਕੰਮ ਤੇਜ਼ੀ ਨਾਲ ਮੁਕੰਮਲ ਕਰਨ ਦੇ ਹੁਕਮ

5 Dariya News

ਸੁਲਤਾਨਪੁਰ ਲੋਧੀ 08-Jun-2022

ਡਿਪਟੀ ਕਮਿਸ਼ਨਰ ਸ੍ਰੀ ਵਿਸ਼ੇਸ਼ ਸਾਰੰਗਲ ਵਲੋਂ ਅੱਜ ਅਧਿਕਾਰੀਆਂ ਸਮੇਤ ਜ਼ਿਲ੍ਹੇ ਅੰਦਰ ਦਰਿਆ ਬਿਆਸ ਨਾਲ ਲਗਦੇ ਧੁੱਸੀ ਬੰਨ੍ਹ ਅਤੇ ਸੰਭਾਵੀ ਹੜ੍ਹਾਂ ਤੋਂ ਪ੍ਰਭਾਵਿਤ ਹੋਣ ਵਾਲੇ ਇਲਾਕਿਆਂ ਦਾ ਦੌਰਾ ਕੀਤਾ ਗਿਆ।ਉਨ੍ਹਾਂ ਸੁਲਤਾਨਪੁਰ ਲੋਧੀ ਸਬ ਡਿਵੀਜ਼ਨਾਂ ਅੰਦਰ ਲੱਖ ਵਰ੍ਹਿਆਂ , ਬਾਊਪੁਰ, ਮੁਹੰਮਦਾਬਾਦ, ਤਲਵੰਡੀ ਚੌਧਰੀਆਂ ਦੇ ਪਿਛਲੇ ਪਾਸੇ ਮੰਡ ਖੇਤਰ ਵਿਚ ਡੇਰਾ ਹਰੀ ਸਿੰਘ ਦਾ ਦੌਰਾ ਕਰਕੇ ਹੜ੍ਹਾਂ ਦੀ ਮਾਰ ਤੋਂ ਬਚਾਅ ਲਈ ਕੀਤੇ ਜਾ ਰਹੇ ਅਗੇਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ। 

ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਬਰਸਾਤਾਂ ਤੋਂ ਪਹਿਲਾਂ ਹੜ੍ਹਾਂ ਤੋਂ ਬਚਾਅ ਲਈ ਕੰਮ ਮੁਕੰਮਲ ਕਰ ਲਏ ਜਾਣ, ਤਾਂ ਜੋ ਲੋਕਾਂ ਨੂੰ ਕਿਸੇ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਇਸ ਦੌਰਾਨ ਉਨ੍ਹਾਂ ਦਰਿਆ ਨਾਲ ਲੱਗਦੇ ਇਲਾਕਾ ਵਾਸੀਆਂ ਦੀਆਂ ਮੁਸ਼ਕਿਲਾਂ ਵੀ ਸੁਣੀਆਂ ਅਤੇ ਉਨ੍ਹਾਂ ਦੇ ਹੱਲ ਲਈ ਮੌਕੇ ’ਤੇ ਹੀ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ।ਡਿਪਟੀ ਕਮਿਸ਼ਨਰ ਨੇ ਇਸ ਦੌਰਾਨ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੜਾਂ ਦੀ ਰੋਕਥਾਮ ਲਈ ਅਗੇਤੇ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਲੋਕਾਂ ਦਾ ਕੋਈ ਨੁਕਸਾਨ ਨਾ ਹੋਵੇ।

ਉਨ੍ਹਾਂ ਕਿਹਾ ਬਿਆਸ ਦਰਿਆ ਦੇ ਕੰਡੇ ਤੇ ਪੱਥਰ ਦੇ ਸਟੱਡ ਲਗਾਏ ਜਾਣ ਦਾ ਕੰਮ ਤੇਜੀ ਨਾਲ ਮੁਕੰਮਲ ਕੀਤਾ ਜਾਵੇ ਇਸ ਤੋਂ ਇਲਾਵਾ ਉਨ੍ਹਾਂ ਅਡਵਾਂਸ ਬੰਨ੍ਹਾਂ ਨੂੰ ਢਾਹ ਲੱਗਣ ਤੋਂ ਬਚਾਉਣ ਲਈ ਮੌਨਸੂਨ ਸੀਜਨ ਦੌਰਾਨ ਬੰਨ੍ਹ ਕਿਨਾਰੇ ਪੌਦੇ ਲਗਾਉਣ ਦੀ ਮੁਹਿੰਮ ਵਿੱਢਣ ਦੇ ਵੀ ਨਿਰਦੇਸ਼ ਦਿੱਤੇ।ਉਨ੍ਹਾਂ ਕਿਹਾ ਕਿ ਸੰਭਾਵੀ ਹੜ੍ਹਾਂ ਤੋਂ ਬਚਾਅ ਲਈ ਸਮੂਹ ਵਿਭਾਗਾਂ ਨੂੰ ਫਲੱਡ ਪ੍ਰੌਟੈਕਸ਼ਨ ਐਕਸ਼ਨ ਪਲਾਨ’ 2022 ਤੇ ਜਿਲ੍ਹਾ ਡਿਜਾਸਟਰ ਮੈਨੇਜਮੈਂਟ ਪਲਾਨ 2022 ਨੂੰ ਵਿਸਥਾਰਤ ਰੂਪ ਵਿਚ ਤਿਆਰ ਕਰਨ ਲਈ ਹੁਕਮ ਦਿੱਤੇ ਗਏ ਹਨ। 

ਇਸ ਕੰਮ ਲਈ ਜਿਲ੍ਹਾ ਮਾਲ ਅਫਸਰ ਨੂੰ ਨੋਡਲ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ ਅਤੇ ਨਾਲ ਹੀ ਸਾਰੇ ਵਿਭਾਗਾਂ ਵਲੋਂ ਕਿਸੇ ਵੀ ਅਣਸੁਖਾਵੇਂ ਹਾਲਾਤ ਨਾਲ ਨਜਿੱਠਣ ਲਈ ਸੁਚਾਰੂ ਸੰਚਾਰ ਤੇ ਬਿਹਤਰੀਨ ਤਾਲਮੇਲ ਲਈ ਹਰੇਕ ਵਿਭਾਗ ਦਾ ਨੋਡਲ ਅਧਿਕਾਰੀ ਤਾਇਨਾਤ ਕੀਤਾ ਗਿਆ ਹੈ।ਇਸ ਤੋਂ ਇਲਾਵਾ ਐਸ.ਡੀ.ਆਰ. ਐਫ. (ਪੀ.ਏ.ਪੀ. ) ਜਲੰਧਰ ਤੇ ਬਠਿੰਡਾ ਵਿਖੇ ਕੌਮੀ ਆਫਤ ਪ੍ਰਬੰਧਨ ਵਿਭਾਗ ਨਾਲ ਰਾਬਤਾ ਕਾਇਮ ਕੀਤਾ ਗਿਆ ਹੈ ਤਾਂ ਜੋ ਲੋੜ ਪੈਣ ’ਤੇ ਰਾਹਤ ਕੰਮਾਂ ਨੂੰ ਤੁਰੰਤ ਤੇ ਤੇਜੀ ਨਾਲ ਕੀਤਾ ਜਾ ਸਕੇ। 

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਐਸ ਪੀ ਆਂਗਰਾ , ਐਸ.ਡੀ.ਓ. ਡਰੇਨਜ਼ ਗੁਰਚਰਨ ਸਿੰਘ ਪੰਨੂ, ਮਾਲ ਵਿਭਾਗ ਤੇ ਪੰਚਾਇਤ ਵਿਭਾਗ ਦੇ ਅਧਿਕਾਰੀ ਵੀ ਉਨ੍ਹਾਂ ਦੇ ਨਾਲ ਸਨ।