5 Dariya News

ਗੁਰਭਜਨ ਗਿੱਲ ਦਾ ਗੀਤ ਸੰਗ੍ਰਹਿ ‘ਪਿੱਪਲ ਪੱਤੀਆਂ’ ਸਰੀ(ਕੈਨੇਡਾ) ਵਿੱਚ ਸੁੱਖ ਧਾਲੀਵਾਲ ਐੱਮ ਪੀ ਤੇ ਉੱਘੇ ਲੇਖਕਾਂ ਵੱਲੋਂ ਲੋਕ ਅਰਪਨ

ਗੁਰਭਜਨ ਦੇ ਗੀਤਾਂ ਵਿਚ ਪੰਜਾਬ ਦਾ ਵਿਰਸਾ, ਸੱਭਿਆਚਾਰ, ਲੋਕ-ਦਰਦ ਸਮੋਇਆ ਹੋਇਆ ਹੈ-ਰਵਿੰਦਰ ਰਵੀ

5 Dariya News

ਲੁਧਿਆਣਾ 07-Jun-2022

ਕੈਨੇਡੀਅਨ ਪੰਜਾਬੀ ਕਲਚਰਲ ਐਸੋਸੀਏਸ਼ਨ ਬ੍ਰਿਟਿਸ਼ ਕੋਲੰਬੀਆ ਵੱਲੋਂ ਉਘੇ ਪੰਜਾਬੀ ਸ਼ਾਇਰ ਗੁਰਭਜਨ ਗਿੱਲ ਦੇ ਗੀਤਾਂ ਦੀ ਪੁਸਤਕ ‘ਪਿੱਪਲ ਪੱਤੀਆਂ’ ਲੋਕ ਹਵਾਲੇ ਕਰਨ ਲਈ ਵਿਸ਼ੇਸ਼ ਪ੍ਰੋਗਰਾਮ ਆਯੋਜਿਤ ਕੀਤਾ ਗਿਆ।  ਪ੍ਰਸਿੱਧ ਪੰਜਾਬੀ ਗਾਇਕ ਤੇ ਗੀਤਕਾਰ ਸੁਰਜੀਤ ਸਿੰਘ ਮਾਧੋਪੁਰੀ ਦੀ ਅਗਵਾਈ ਹੇਠ ਯੌਰਕ ਸੈਂਟਰ, ਸਰੀ ਵਿਖੇ ਕਰਵਾਏ ਇਸ ਪ੍ਰੋਗਰਾਮ ਦੌਰਾਨ ਗੁਰਭਜਨ ਗਿੱਲ ਅਤੇ ਮੁੱਖ ਮਹਿਮਾਨ ਰਵਿੰਦਰ ਰਵੀ ਜ਼ੂਮ ਰਾਹੀਂ ਵੱਡੀ ਸਕਰੀਨ ਉਪਰ ਹਾਜ਼ਰ ਰਹੇ।  

ਪੁਸਤਕ ਨੂੰ ਲੋਕ ਹਵਾਲੇ ਕਰਨ ਲਈ ਸਰੀ ਨਿਊਟਨ ਤੋਂ ਮੈਂਬਰ ਪਾਰਲੀਮੈਂਟ ਸੁੱਖ ਧਾਲੀਵਾਲ ਵਿਸ਼ੇਸ਼ ਤੌਰ ‘ਤੇ ਪਹੁੰਚੇ। ਪ੍ਰੋਗਰਾਮ ਦਾ ਆਗਾਜ਼ ਸੁਰਜੀਤ ਸਿੰਘ ਮਾਧੋਪੁਰੀ ਦੇ ਪਿਆਰ ਭਰੇ ਸਵਾਗਤੀ ਸ਼ਬਦਾਂ ਨਾਲ ਹੋਇਆ।ਇਸ ਪੁਸਤਕ ਉਪਰ ਬੋਲਦਿਆਂ ਮੁੱਖ ਮਹਿਮਾਨ ਰਵਿੰਦਰ ਰਵੀ ਪੁਸਤਕ ਵਿਚਲੇ ਗੀਤਾਂ ਦੀ ਗਹਿਰਾਈ ਬਾਰੇ ਵਿਸ਼ੇਸ਼ ਚਾਨਣਾ ਪਾਇਆ।

 ਉਨ੍ਹਾਂ ਕਿਹਾ ਕਿ ਇਨ੍ਹਾਂ ਗੀਤਾਂ ਵਿਚ ਪੰਜਾਬ ਦਾ ਸੱਭਿਆਚਾਰ ਹੈ, ਪੰਜਾਬ ਦਾ ਲੋਕ ਵਿਰਸਾ ਸਮੋਇਆ ਹੋਇਆ ਹੈ, ਪੰਜਾਬ ਤੇ ਪੰਜਾਬੀਆਂ ਦਾ ਦਰਦ ਹੈ। ਉਨ੍ਹਾਂ ਕਿਹਾ ਕਿ ਸਾਡੀ ਪੀੜ੍ਹੀ ਚੋਂ ਡਾਃ ਹਰਿਭਜਨ ਸਿੰਘ ਨੇ ਅਧਰੈਣੀ ਤੇ ਸ਼ਿਵ ਕੁਮਾਰ ਨੇ ਆਪਣੀਂ ਸਮੂਹ ਲਿਖਤਾਂ ਵਿੱਚ ਗੀਤ ਦੀ ਆਤਮਾ ਜਗਾਈ ਰੱਖੀ। ਪਿੱਪਲ ਪੱਤੀਆਂ ਦੇ ਗੀਤ ਪੜ੍ਹ ਕੇ ਮੈਨੂੰ ਗੁਰਭਜਨ ਗਿੱਲ ਦੀ ਸ਼ਬਦ ਸੂਝ ਤੇ ਹੋਰ ਵੀ ਮਾਣ ਹੋਇਆ ਹੈ।

ਪ੍ਰੋ. ਪ੍ਰਿਥੀਪਾਲ ਸਿੰਘ ਸੋਹੀ ਨੇ ਗੁਰਭਜਨ ਗਿੱਲ ਵੱਲੋਂ ਕੀਤੇ ਜਾ ਰਹੇ ਸਾਹਿਤਕ ਕਾਰਜਾਂ ਅਤੇ ਕਵਿਤਾ, ਗ਼ਜ਼ਲ, ਗੀਤ ਰਾਹੀਂ ਪੰਜਾਬੀ ਕਾਵਿ ਮੁਹਾਂਦਰਾ ਸੰਵਾਰਨ ਲਈ ਪਾਏ ਜਾ ਰਹੇ ਯੋਗਦਾਨ ਦੀ ਪ੍ਰਸੰਸਾ ਕੀਤੀ। ਸ਼ਾਇਰ ਮੋਹਨ ਗਿੱਲ ਨੇ ਆਪਣੇ ਸਹਿਪਾਠੀ ਗੁਰਭਜਨ  ਗਿੱਲ ਦਾ ਕਾਵਿ ਚਿਤਰ ਪੇਸ਼ ਕੀਤਾ ਅਤੇ ਵਿਸ਼ੇਸ਼ ਕਰਕੇ ਗੌਰਮਿੰਟ ਕਾਲਜ ਲੁਧਿਆਣਾ ਵਿਚ ਉਨ੍ਹਾਂ ਨਾਲ ਬਿਤਾਏ ਦਿਨਾਂ ਨੂੰ ਯਾਦ ਕੀਤਾ।

 ਹਾਜ਼ਰੀਨ ਲੇਖਕਾਂ, ਪ੍ਰਸੰਸਕਾਂ ਨੇ ਆਪਣੀ ਜਾਣ ਪਹਿਚਾਣ ਕਰਵਾਉਣ ਦੇ ਨਾਲ ਨਾਲ ‘ਪਿੱਪਲ ਪੱਤੀਆਂ’ ਪੁਸਤਕ ਲਈ ਗੁਰਭਜਨ ਗਿੱਲ ਨੂੰ ਵਧਾਈਆਂ ਦਿੱਤੀਆਂ। ਮੰਚ ਸੰਚਾਲਕ ਕੁਲਦੀਪ ਗਿੱਲ ਮਕਸੂਦੜਾ ਨੇ  ਗੁਰਭਜਨ ਗਿੱਲ ਵੱਲੋਂ ਪੰਜਾਬੀ ਸਾਹਿਤ ਤੇ ਸਭਿਆਚਾਰ ਨੂੰ ਵਿਸ਼ਵ ਭਰ ਵਿਚ ਪ੍ਰਚਾਰਨ ਅਤੇ ਕੌਮਾਂਤਰੀ ਸਫੀਰ ਵਜੋਂ ਨਿਭਾਈ ਜਾ ਰਹੀ ਭੂਮਿਕਾ ਦੀ ਵਿਸ਼ੇਸ਼ ਸ਼ਲਾਘਾ ਕੀਤੀ।

ਉਘੇ ਕਵੀ ਕਵਿੰਦਰ ਚਾਂਦ ਨੇ ਆਪਣੀ ਨਜ਼ਮ “ਮੁਆਫੀਨਾਮਾ’ ਰਾਹੀਂ ਸਮਾਗਮ ਵਿਚ ਸਾਹਿਤਕ ਰੰਗ ਭਰਿਆ। ਰੁਪਿੰਦਰ ਰੂਪੀ ਖੈਰ੍ਹਾ ਨੇ ਗੁਰਭਜਨ ਗਿੱਲ ਦੀ ਪੁਸਤਕ ‘ਚੋਂ ਇਕ ਗੀਤ ਗਾ ਕੇ ਸੁਣਾਇਆ। ਗੁਰਭਜਨ ਗਿੱਲ ਨੇ ਸਾਰੇ ਦੋਸਤਾਂ, ਪ੍ਰਸੰਸਕਾਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਵਿਦੇਸ਼ ਵਿਚ ਬੈਠ ਕੇ ਏਨਾ ਮਾਣ ਸਨਮਾਨ ਦੇਣ ਲਈ ਉਹ ਹਮੇਸ਼ਾ ਰਿਣੀ ਰਹਿਣਗੇ।  ਉਨ੍ਹਾਂ ਕਿਹਾ ਕਿ ਰਵਿੰਦਰ ਰਵੀ ਵੱਲੋਂ ਦਿੱਤਾ ਥਾਪੜਾ ਮੇਰੇ ਲਈ ਬਹੁਤ ਵੱਡਾ ਮਾਣ ਹੈ। 

ਗੁਰਭਜਨ ਗਿੱਲ ਨੇ ਪੰਜਾਬੀ ਕਵੀਆਂ ਨੂੰ ਕਵਿਤਾ ਦੀਆਂ ਵੱਖ ਵੱਖ ਵੰਨਗੀਆਂ ਵਿਚ ਰਚਨਾ ਕਰਨ ਲਈ ਪ੍ਰੇਰਿਆ। ਅੰਤ ਵਿਚ ਪੰਜਾਬੀ ਕਵੀ ਤੇ ਗੁਰਭਜਨ ਗਿੱਲ ਦੇ ਮਿੱਤਰ ਪ੍ਰਿਤਪਾਲ ਸਿੰਘ ਗਿੱਲ ਨੇ ਆਏ ਸੱਜਣਾਂ ਦਾ ਧੰਨਵਾਦ ਕੀਤਾ।

ਇਸ ਪ੍ਰੋਗਰਾਮ ਵਿਚ ਹੋਰਨਾਂ ਤੋਂ ਇਲਾਵਾ ਮਨਿੰਦਰ ਗਿੱਲ ਮਾਲਕ ਰੇਡੀਓ ਇੰਡੀਆ,ਡਾ. ਰਣਜੀਤ ਸਿੰਘ ਪੰਨੂ ਸਾਬਕਾ ਪ੍ਰਿੰਸੀਪਲ ਗੁਰੂ ਨਾਨਕ ਕਾਲਿਜ ਮੋਗਾ,ਜਰਨੈਲ ਸਿੰਘ ਆਰਟਿਸਟ, ਡਾ. ਰਿਸ਼ੀ ਸਿੰਘ, ਹਰਸ਼ਰਨ ਕੌਰ, ਸੁਖਵਿੰਦਰ ਚੋਹਲਾ ਸੰਪਾਦਕ ਦੇਸ ਪਰਦੇਸ ਟਾਈਮਜ਼,ਰਹਸ਼ਰਨ ਕੌਰ, ਮੇਜਰ ਸਿੰਘ ਰੰਧਾਵਾ, ਹਰਜਿੰਦਰ ਸਿੰਘ ਚੀਮਾ ਭਰੋਵਾਲ ਕਲਾਂ (ਠਾਣਾ) ਭੁਪਿੰਦਰ ਮੱਲੀ ਵਿਰਾਸਤ ਫਾਉਂਡੇਸ਼ਨ,ਅੰਗਰੇਜ਼ ਬਰਾੜ, ਪਲਵਿੰਦਰ ਸਿੰਘ  ਰੰਧਾਵਾ, ਦਰਸ਼ਨ ਸੰਘਾ, ਹਰਿੰਦਰਜੀਤ ਸਿੰਘ ਸੰਧੂ, ਇਦਰਜੀਤ ਸਿੰਘ ਧਾਮੀ, ਹਰਦਮ ਮਾਨ, ਮਨਿੰਦਰ ਗਿੱਲ, ਸਾਂਝਾ ਟੀ ਵੀ ਚੈਨਲ ਦੇ ਸੰਚਾਲਕ ਸੁਖਵਿੰਦਰ ਸਿੰਘ ਬਿੱਲਾ ਸੰਧੂ, ਇੰਦਰਪਾਲ ਸਿੰਘ ਸੰਧੂ, ਖੁਸ਼ਹਾਲ ਗਲੋਟੀ, ਕੁਲਵਿੰਦਰ ਔਜਲਾ ਤੇ ਹਰਜੀਤ ਬੈਂਸ ਇੰਡੋ ਕੈਨੇਡੀਅਨ ਟਾਈਮਜ਼,ਲਵੀ ਪੰਨੂ, ਬਖਸ਼ਪ੍ਰੀਤ ਗਿੱਲ, ਇਕਬਾਲ ਸਿੰਘ ਝੂਟੀ, ਗੁਰਨਾਮ ਸਿੰਘ ਕਲੇਰ ਤੇ ਕਰਤਾਰ ਸਿੰਘ ਸੰਧੂ ਸ਼ਾਮਲ ਸਨ। ਉੱਘੇ ਨਾਵਲਕਾਰ ਜਰਨੈਲ ਸਿੰਘ ਸੇਖਾ ਨੇ ਵੀ ਪ੍ਰੋਗ੍ਰਾਮ ਵਿੱਚ ਆਸ਼ੀਰਵਾਦ ਦਿੱਤੀ।