5 Dariya News

ਐਸ.ਸੀ. ਕਮਿਸ਼ਨ ਦੇ ਮੈਂਬਰ ਨੇ ਸ਼ੇਖਾਵਾਲਾ, ਸੁੰਦਰ ਨਗਰ ਤੇ ਖੈੜਾ ਦੋਨਾ ਵਿਖੇ ਕੀਤੀ ਸ਼ਿਕਾਇਤਾਂ ਦੀ ਸੁਣਵਾਈ

ਸ਼ੇਖਾਵਾਲਾ ਦੇ ਮਾਮਲੇ ਵਿਚ 2 ਮੈਂਬਰੀ ਸਿਟ ਦਾ ਗਠਨ- 10 ਜੂਨ ਤੱਕ ਵਿਸਥਾਰਤ ਰਿਪੋਰਟ ਦੇਣ ਦੇ ਹੁਕਮ

5 Dariya News

ਕਪੂਰਥਲਾ 01-Jun-2022

ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਸ਼੍ਰੀ ਰਾਜ ਕੁਮਾਰ ਹੰਸ ਵਲੋਂ ਅੱਜ ਕਪੂਰਥਲਾ ਜਿਲ੍ਹੇ ਦੇ ਪਿੰਡ ਸੇਖਾਂਵਾਲਾ, ਸੁੰਦਰ ਨਗਰ ਮੁਹੱਲਾ ਕਪੂਰਥਲਾ ਸ਼ਹਿਰ ਤੇ ਖੈੜਾ ਦੋਨਾ ਵਿਖੇ ਐਸ.ਸੀ. ਭਾਈਚਾਰੇ ਨਾਲ ਸਬੰਧਿਤ ਸ਼ਿਕਾਇਤਾਂ ਸੁਣੀਆਂ ਗਈਆਂ।  ਉਨਾਂ ਪਿੰਡ ਸੇਖਾਂਵਾਲਾ ਵਿਖੇ ਝੰਡੂ ਰਾਮ ਪੁੱਤਰ ਅੱਲਾ ਦਿੱਤਾ ਵਾਸੀ ਵਲੋਂ ਜ਼ਮੀਨ ਵਿਚੋਂ ਦਰੱਖਤ ਵੱਢਣ  ਤੇ ਜਾਤੀ ਸੂਚਕ ਸ਼ਬਦ ਬੋਲਣ ਸਬੰਧੀ ਕੀਤੀ ਸ਼ਿਕਾਇਤ ’ਤੇ ਸੁਣਵਾਈ ਦੌਰਾਨ 2 ਮੈਂਬਰੀ ਸਿਟ ਬਣਾਉਣ ਦੇ ਹੁਕਮ ਦਿੱਤੇ। ਉਨ੍ਹਾਂ ਦੱਸਿਆ ਕਿ ਸਿਟ ਵਿਚ ਤਹਿਸੀਲਦਾਰ ਤੇ ਡੀ.ਐਸ.ਪੀ. ਭੁਲੱਥ ਅਮਰੀਕ ਸਿੰਘ ਨੂੰ ਸ਼ਾਮਿਲ ਕੀਤਾ ਗਿਆ ਹੈ। 

ਉਨ੍ਹਾਂ ਕਮਿਸ਼ਨ ਦੀ ਤਰਫੋਂ ਸਿਟ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਕਿ ਉਹ ਜ਼ਮੀਨ ਦੀ  ਨਿਸ਼ਾਨਦੇਹੀ ਤੁਰੰਤ ਕਰਵਾਉਣ ਅਤੇ 10 ਜੂਨ ਤੱਕ ਮੁਕੰਮਲ ਰਿਪੋਰਟ ਕਮਿਸ਼ਨ ਨੂੰ ਸੌਂਪਣ ਤਾਂ ਜੋ ਅਗਲੇਰੀ ਕਾਰਵਾਈ ਕੀਤੀ ਜਾ ਸਕੇ। ਇਸ ਤੋਂ ਇਲਾਵਾ ਪੁਲਿਸ ਨੂੰ ਵੀ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਗਏ ਹਨ।  ਦੂਜੀ ਸ਼ਿਕਾਇਤ ਦੀ ਸੁਣਵਾਈ ਕਮਿਸ਼ਨ ਦੇ ਮੈਂਬਰ ਵਲੋਂ ਸੁੰਦਰ ਨਗਰ ਕਪੂਰਥਲਾ ਵਿਖੇ ਕੀਤੀ ਗਈ, ਜਿਸ ਦੌਰਾਨ ਉਨ੍ਹਾਂ ਦਲਬੀਰ ਸਿੰਘ ਪੁੱਤਰ ਤੇਜਾ ਸਿੰਘ ਵਾਸੀ ਸੁੰਦਰ ਨਗਰ ਵਲੋਂ ਜ਼ਮੀਨ ’ਤੇ ਕਬਜ਼ਾ ਕੀਤਾ ਹੋਣ ਸਬੰਧੀ ਦਿੱਤੀ ਸ਼ਿਕਾਇਤ ਬਾਰੇ ਉਨ੍ਹਾਂ ਦਾ ਪੱਖ ਸੁਣਿਆ।  

ਉਨ੍ਹਾਂ ਪੁਲਿਸ ਤੇ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਮਾਮਲੇ ਵਿਚ ਵੀ 10 ਜੂਨ ਤੱਕ ਰਿਪੋਰਟ ਸੌਂਪਣ ਦੇ ਨਿਰਦੇਸ਼ ਦਿੱਤੇ। ਤੀਜ਼ੀ ਸ਼ਿਕਾਇਤ ਬਾਰੇ ਖੈੜਾ ਦੋਨਾ ਵਿਖੇ  ਗੁਰਮੀਤ ਕੌਰ ਪਤਨੀ ਸੁਖਵਿੰਦਰ ਸਿੰਘ ਵਾਸੀ ਖੈੜਾ ਦੋਨਾ ਵਲੋਂ ਆਪਣੇ ਪੁੱਤਰ ਖਿਲਾਫ਼ ਝੂਠਾ ਪਰਚਾ ਦਰਜ ਹੋਣ ਦੀ ਉਨ੍ਹਾਂ ਵਲੋਂ ਸ਼ਿਕਾਇਤ ਸਬੰਧੀ ਵੀ ਸੁਣਵਾਈ ਕੀਤੀ ਗਈ।  ਇਸ ਮੌਕੇ ਜਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਹਰਜਿੰਦਰ ਸਿੰਘ, ਡੀ.ਐਸ.ਪੀ. ਸੁਰਿੰਦਰ ਸਿੰਘ ਤੇ ਹੋਰਨਾਂ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।