5 Dariya News

ਕੇਂਦਰੀ ਰਾਜ ਮੰਤਰੀ ਨੇ ਪੀ.ਐਮ. ਕੇਅਰਜ਼ ਫੰਡ ਯੋਜਨਾ ਦੇ ਲਾਭਪਾਤਰੀ ਬੱਚੇ ਨੂੰ ਯੋਜਨਾ ਦੇ ਲਾਭ, ਸਰਟੀਫਿਕੇਟ ਤੇ ਪ੍ਰਧਾਨ ਮੰਤਰੀ ਵਲੋਂ ਭੇਜਿਆ ਪੱਤਰ ਕੀਤਾ ਭੇਟ

5 Dariya News

ਹੁਸ਼ਿਆਰਪੁਰ 30-May-2022

ਕੇਂਦਰੀ ਰਾਜ ਮੰਤਰੀ ਸ੍ਰੀ ਸੋਮ ਪ੍ਰਕਾਸ਼ ਨੇ ਕਿਹਾ ਕਿ ਕੋਵਿਡ-19 ਦੇ ਚੱਲਦਿਆਂ ਆਪਣੇ ਮਾਤਾ ਤੇ ਪਿਤਾ ਦੋਨਾਂ ਨੂੰ ਗੁਵਾਉਣ ਵਾਲੇ ਬੱਚਿਆਂ ਦੀ ਪੂਰੀ ਦੇਖਭਾਲ ਲਈ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵਲੋਂ ਸ਼ੁਰੂ ਕੀਤੇ ਗਏ ਪੀ.ਐਮ. ਕੇਅਰਜ਼ ਫੰਡ ਰਾਹੀਂ ਇਨ੍ਹਾਂ ਬੱਚਿਆਂ ਦੀਆਂ ਮੁਸ਼ਕਿਲਾਂ ਨੂੰ ਘੱਟ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਇਹ ਵਿਚਾਰ ਉਨ੍ਹਾਂ ਅੱਜ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਦੀ ਮੌਜੂਦਗੀ ਵਿਚ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਪੀ.ਐਮ. ਕੇਅਰਜ਼ ਫਾਰ ਚਿਲਡਰਨ ਯੋਜਨਾ ਤਹਿਤ ਲਾਭ ਜਾਰੀ ਕਰਨ ਲਈ ਪ੍ਰਧਾਨ ਮੰਤਰੀ ਦੇ ਵਰਚੂਅਲ ਪ੍ਰੋਗਰਾਮ ਦੌਰਾਨ ਪ੍ਰਗਟ ਕੀਤੇ। ਇਸ ਦੌਰਾਨ ਉਨ੍ਹਾਂ ਪੀ.ਐਮ. ਕੇਅਰਜ਼ ਫੰਡ ਯੋਜਨਾ ਤਹਿਤ ਜ਼ਿਲ੍ਹੇ ਦੇ ਇਕ ਬੱਚੇ ਨੂੰ ਇਸ ਯੋਜਨਾ ਸਬੰਧੀ ਦਿੱਤੇ ਜਾਣ ਵਾਲੇ ਲਾਭ, ਸਨੇਹ ਪੱਤਰ (ਸਰਟੀਫਿਕੇਟ ਆਫ਼ ਪੀ.ਐਮ. ਕੇਅਰਜ਼), ਪ੍ਰਧਾਨ ਮੰਤਰੀ ਵਲੋਂ ਪੱਤਰ ਵੀ ਭੇਟ ਕੀਤਾ।

 ਇਸ ਦੌਰਾਨ ਉਨ੍ਹਾਂ ਨਾਲ ਵਿਧਾਇਕ ਮੁਕੇਰੀਆਂ ਸ੍ਰੀ ਜੰਗੀ ਲਾਲ ਮਹਾਜਨ ਤੇ ਸਾਬਕਾ ਕੈਬਨਿਟ ਮੰਤਰੀ ਸ੍ਰੀ ਤੀਕਸ਼ਨ ਸੂਦ ਵੀ ਮੌਜੂਦ ਸਨ। ਸ੍ਰੀ ਸੋਮ ਪ੍ਰਕਾਸ਼ ਨੇ ਕਿਹਾ ਕਿ 11 ਮਾਰਚ 2020 ਤੋਂ 28 ਫਰਵਰੀ 2022 ਤੱਕ ਜਿਹੜੇ ਬੱਚਿਆਂ ਨੇ ਕੋਵਿਡ-19 ਕਾਰਨ ਆਪਣੇ ਮਾਤਾ ਤੇ ਪਿਤਾ ਦੋਨਾਂ ਨੂੰ ਗੁਆਇਆ ਹੈ, ਉਨ੍ਹਾਂ ਨੂੰ ਇਸ ਯੋਜਨਾ ਤਹਿਤ ਲਾਭ ਦਿੱਤਾ ਜਾ ਰਿਹਾ ਹੈ। ਕੇਂਦਰੀ ਰਾਜ ਮੰਤਰੀ ਨੇ ਦੱਸਿਆ ਕਿ ਇਸ ਯੋਜਨਾ ਤਹਿਤ ਇਨ੍ਹਾਂ ਬੱਚਿਆਂ ਨੂੰ ਨਜ਼ਦੀਕੀ ਸਰਕਾਰੀ ਸਕੂਲ ਵਿਚ ਮੁਫਤ ਸਿੱਖਿਆ ਤੋਂ ਇਲਾਵਾ ਕਾਪੀਆਂ, ਕਿਤਾਬਾਂ ਤੇ ਯੂਨੀਫਾਰਮ ਉਪਲਬੱਧ ਕਰਵਾਈ ਗਈ ਹੈ, ਜਿਸ ਦਾ ਖਰਚਾ ਸਰਕਾਰ ਵਲੋਂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਲਾਭਪਾਤਰੀ ਬੱਚਿਆਂ ਨੂੰ ਪਾਸਬੁੱਕ ਦਿੱਤੀ ਗਈ, ਜਿਸ ਵਿਚ ਉਨ੍ਹਾਂ ਦੇ ਖਾਤਿਆਂ ਵਿਚ 10 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਗਈ ਹੈ, ਜੋ ਕਿ ਉਸ ਨੂੰ 23 ਸਾਲ ਹੋਣ ਤੋਂ ਬਾਅਦ ਮਿਲੇਗੀ। 

ਇਸ ਦੇ ਨਾਲ ਹੀ ਲਾਭਪਾਤਰੀ ਨੂੰ ਸਪਾਂਸਰਸ਼ਿਪ ਫੰਡ ਦਾ ਲਾਭ ਵੀ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਯੋਜਨਾ ਤਹਿਤ ਲਾਭਪਾਤਰੀ ਬੱਚਿਆਂ ਨੂੰ ਆਯੂਸ਼ਮਾਨ ਹੈਲਥ ਕਾਰਡ ਵੀ ਦਿੱਤਾ ਗਿਆ ਹੈ ਅਤੇ ਇਸ ਕਾਰਡ ਤੋਂ 5 ਲੱਖ ਤੱਕ ਦਾ ਇਲਾਜ ਦੀ ਮੁਫ਼ਤ ਸੁਵਿਧਾ ਵੀ ਬੱਚੇ ਨੂੰ ਮਿਲੇਗੀ। ਲਾਭਪਾਤਰੀ ਨੂੰ ਐਕਸਗਰੇਸ਼ੀਆ ਦਾ 50 ਹਜ਼ਾਰ ਰੁਪਏ ਤੇ ਸਮਾਰਟ ਰਾਸ਼ਨ ਕਾਰਡ ਪਹਿਲਾਂ ਸੌਂਪੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਬੱਚੇ ਨੂੰ ਪ੍ਰੋਫੈਸ਼ਨਲ ਕੋਰਸ ਲਈ ਉਚ ਸਿੱਖਿਆ ਸਬੰਧੀ ਸਿੱਖਿਆ ਕਰਜ਼ਾ ਚਾਹੀਦਾ ਹੋਵੇਗਾ ਤਾਂ ਉਸ ਵਿਚ ਵੀ ਪੀ.ਐਮ. ਕੇਅਰਜ਼ ਉਨ੍ਹਾਂ ਦੀ ਮਦਦ ਕਰੇਗਾ। ਇਸ ਦੌਰਾਨ ਜ਼ਿਲ੍ਹਾ ਬਾਲ ਭਲਾਈ ਕਮੇਟੀ ਦੇ ਚੇਅਰਪਰਸਨ ਐਡਵੋਕੇਟ ਹਰਜੀਤ ਕੌਰ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸ੍ਰੀ ਅਮਰਜੀਤ ਸਿੰਘ ਭੁੱਲਰ, ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਸ੍ਰੀਮਤੀ ਹਰਪ੍ਰੀਤ ਕੌਰ ਤੋਂ ਇਲਾਵਾ ਹੋਰ ਅਧਿਕਾਰੀ ਵੀ ਮੌਜੂਦ ਸਨ।