5 Dariya News

ਸ਼੍ਰੀ ਕੇਦਾਰਨਾਥ ਮੰਦਰ ਦੇ ਨਾਲ ਲੱਗਦੀ ਜ਼ਮੀਨ ਵੇਚਣ ਦਾ ਫੈਸਲਾ ਲੋਕ ਵਿਰੋਧੀ : ਪ੍ਰਨੀਤ ਕੌਰ

ਸਰਕਾਰ ਜਨਤਕ ਥਾਵਾਂ ਨੂੰ ਵੇਚਣ ਦੀ ਬਜਾਏ ਨੌਜਵਾਨਾਂ ਨੂੰ ਖੇਡ ਮੈਦਾਨ, ਪਾਰਕ ਅਤੇ ਪਾਰਕਿੰਗ ਦੀ ਸਹੂਲਤ ਦੇਵੇ: ਮੇਅਰ

5 Dariya News

ਪਟਿਆਲਾ 27-May-2022

ਹਿੰਦੂਆਂ ਦੀ ਧਾਰਮਿਕ ਆਸਥਾ ਨੂੰ ਠੇਸ ਪਹੁੰਚਾਉਂਦੇ ਹੋਏ ਪੰਜਾਬ ਸਰਕਾਰ ਰਾਜਪੁਰਾ ਰੋਡ 'ਤੇ ਸਥਿਤ ਪ੍ਰਾਚੀਨ ਸ਼੍ਰੀ ਕੇਦਾਰਨਾਥ ਮੰਦਰ ਦੀ ਜ਼ਮੀਨ ਵੇਚਣ ਦੀ ਤਿਆਰੀ ਕਰ ਰਹੀ ਹੈ। ਪੰਜਾਬ ਸਰਕਾਰ ਵੱਲੋਂ ਮੰਦਰ ਦੀ ਮਰਿਆਦਾ ਨੂੰ ਠੇਸ ਪਹੁੰਚਾਉਣ ਦੀ ਇਸ ਕੋਸ਼ਿਸ਼ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪੰਜਾਬ ਸਰਕਾਰ ਦੇ ਇਸ਼ਾਰੇ 'ਤੇ ਇੰਪਰੂਵਮੈਂਟ ਟਰੱਸਟ ਦੇ ਇਸ ਫੈਸਲੇ ਦਾ ਵਿਰੋਧ ਦਰਜ ਕਰਵਾਉਣ ਲਈ ਲੋਕਸਭਾ ਮੈਂਬਰ ਮਹਾਰਾਣੀ ਪ੍ਰਨੀਤ ਕੌਰ ਨੇ ਸ਼ੁੱਕਰਵਾਰ ਨੂੰ ਸ਼੍ਰੀ ਕੇਦਾਰਨਾਥ ਮੰਦਰ 'ਚ ਮੱਥਾ ਟੇਕਣ ਤੋਂ ਬਾਅਦ ਮੀਡੀਆ ਦੇ ਸਾਹਮਣੇ ਆਪਣਾ ਵਿਰੋਧ ਦਰਜ ਕਰਵਾਇਆ। ਇਸ ਦੇ ਨਾਲ ਹੀ ਉਨ੍ਹਾਂ ਮੁੱਖ ਮੰਤਰੀ ਦੇ ਨਾਂ ਡੀਸੀ ਪਟਿਆਲਾ ਸਾਕਸ਼ੀ ਸਾਹਨੀ ਨੂੰ ਵੀ ਆਪਣਾ ਰੋਸ ਪੱਤਰ ਭੇਜਿਆ ਹੈ।

 ਜੈ ਇੰਦਰ ਕੌਰ ਜੀ, ਮੇਅਰ ਸੰਜੀਵ ਸ਼ਰਮਾ ਬਿੱਟੂ, ਪੀਐਲਸੀ ਦੇ ਉਪ ਪ੍ਰਧਾਨ ਕੇਕੇ ਸ਼ਰਮਾ, ਪੀਐਲਸੀ ਦੇ ਜ਼ਿਲ੍ਹਾ ਪ੍ਰਧਾਨ ਕੇਕੇ ਮਲਹੋਤਰਾ, ਕੌਂਸਲਰ ਅਤੁਲ ਜੋਸ਼ੀ, ਸੰਦੀਪ ਮਲਹੋਤਰਾ, ਨਿਖਿਲ ਬਾਤਿਸ਼ ਸ਼ੇਰੂ, ਰਜਿੰਦਰ ਸ਼ਰਮਾ, ਸੀਮਾ ਸ਼ਰਮਾ, ਅਨਿਲ ਮੰਗਲਾ, ਡਿਪਟੀ ਮੇਅਰ ਵਿੰਤੀ ਸੰਗਰ, ਸੋਨੂੰ ਸੰਗਰ, ਲੇਬਰਫੈੱਡ ਪੰਜਾਬ ਦੇ ਸਾਬਕਾ ਚੇਅਰਮੈਨ ਵਿਸ਼ਵਾਸ ਸੈਣੀ ਸਮੇਤ ਵੱਡੀ ਗਿਣਤੀ 'ਚ ਸਮਰਥਕਾਂ ਸਮੇਤ ਸ਼੍ਰੀ ਕੇਦਾਰਨਾਥ ਮੰਦਿਰ ਪਹੁੰਚੇ ਪ੍ਰਨੀਤ ਕੌਰ ਨੇ ਮੀਡੀਆ ਦੇ ਸਾਹਮਣੇ ਆਪਣੇ ਵਿਚਾਰ ਪ੍ਰਗਟ ਕੀਤੇ। ਲੋਕਸਭਾ ਮੈਂਬਰ ਪ੍ਰਨੀਤ ਕੌਰ ਨੇ ਦੱਸਿਆ ਕਿ ਮਹਾਰਾਜਾ ਨਰਿੰਦਰ ਸਿੰਘ ਨੇ 1852 ਵਿੱਚ ਰਾਜਪੁਰਾ ਰੋਡ ’ਤੇ ਸ੍ਰੀ ਕੇਦਾਰਨਾਥ ਮੰਦਰ ਦੀ ਸਥਾਪਨਾ ਕਰਕੇ ਮੰਦਰ ਦੇ ਵਿਕਾਸ ਲਈ 90 ਵਿੱਘੇ ਅਤੇ 1 ਬਿਸਬਾ ਜ਼ਮੀਨ ਦਾਨ ਕੀਤੀ ਸੀ। 

ਜਦੋਂ ਇਲਾਕਾ ਨਿਵਾਸੀਆਂ ਦੀ ਸਹੂਲਤ ਲਈ ਇਸ ਜ਼ਮੀਨ 'ਤੇ ਬੱਸ ਸਟੈਂਡ ਬਣਾਉਣ ਦੀ ਗੱਲ ਆਈ ਤਾਂ ਹਿੰਦੂ ਧਰਮ ਨਾਲ ਸਬੰਧਤ ਸਮੂਹ ਲੋਕਾਂ ਨੇ ਇਲਾਕਾ ਨਿਵਾਸੀਆਂ ਦੀ ਸਹੂਲਤ ਲਈ ਇਸ ਦਾ ਸਵਾਗਤ ਕੀਤਾ ਅਤੇ ਮੰਦਰ ਦੀ ਜ਼ਮੀਨ ਨੂੰ ਬੱਸ ਸਟੈਂਡ ਲਈ ਦਿੱਤੇ ਜਾਣ ਦਾ ਵਿਰੋਧ ਨਹੀਂ ਕੀਤਾ। ਪੰਜਾਬ ਸਰਕਾਰ ਵੱਲੋਂ ਕਿਸੇ ਹੋਰ ਥਾਂ 'ਤੇ ਬੱਸ ਸਟੈਂਡ ਲਈ ਜ਼ਮੀਨ ਦੀ ਚੋਣ ਕਰਨ ਤੋਂ ਬਾਅਦ ਹੁਣ ਇਹ ਪ੍ਰਾਚੀਨ ਸ੍ਰੀ ਕੇਦਾਰਨਾਥ ਮੰਦਰ ਦੀ ਜ਼ਮੀਨ ਨੂੰ ਵੇਚਣ ਦੇ ਯਤਨ ਸ਼ੁਰੂ ਕਰ ਦਿੱਤੇ ਗਏ ਹਨ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੁਰਾਤਨ ਮੰਦਰ ਦੀ ਸ਼ਾਨ ਨੂੰ ਢਾਹ ਲਾਉਣ ਦੀ ਇਸ ਕੋਸ਼ਿਸ਼ ਨੂੰ ਸ਼ਹਿਰ ਦੇ ਲੋਕ ਕਿਸੇ ਵੀ ਕੀਮਤ ’ਤੇ ਕਾਮਯਾਬ ਨਹੀਂ ਹੋਣ ਦੇਣਗੇ।

ਉਨ੍ਹਾਂ ਅੱਗੇ ਕਿਹਾ ਕਿ ਸ਼੍ਰੀ ਕੇਦਾਰਨਾਥ ਮੰਦਰ ਦੇ ਨਾਲ ਲੱਗਦੀ ਜ਼ਮੀਨ ਹਮੇਸ਼ਾ ਹੀ ਲੋਕ ਹਿੱਤਾਂ ਲਈ ਸੁਰੱਖਿਅਤ ਰਹੀ ਹੈ ਅਤੇ ਇਸ ਨੂੰ ਵੇਚਣ ਦਾ ਫੈਸਲਾ ਛੱਡ ਕੇ ਪੰਜਾਬ ਸਰਕਾਰ ਪਾਰਕਾਂ, ਪਾਰਕਿੰਗਾਂ, ਖੇਡ ਮੈਦਾਨ ਜਾਂ ਸਟੇਡੀਅਮ ਆਦਿ ਬਣਾਉਣ ਲਈ ਦਿਲਚਸਪੀ ਲੈ ਸਕਦੀ ਹੈ। ਇਸ ਮੌਕੇ ਮੇਅਰ ਸੰਜੀਵ ਸ਼ਰਮਾ ਬਿੱਟੂ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਸ਼੍ਰੀ ਕੇਦਾਰਨਾਥ ਮੰਦਰ ਨੂੰ ਵੇਚਣ ਲਈ ਹਿੰਦੂ ਧਾਰਮਿਕ ਮਾਨਤਾਵਾਂ ਦੀ ਅਣਦੇਖੀ ਕੀਤੀ ਤਾਂ ਉਹ ਸਮੂਹ ਹਿੰਦੂ ਸੰਗਠਨਾਂ ਨੂੰ ਨਾਲ ਲੈ ਕੇ ਸੰਘਰਸ਼ ਕਰਨ ਤੋਂ ਗੁਰੇਜ਼ ਨਹੀਂ ਕਰਨਗੇ। ਮੇਅਰ ਅਨੁਸਾਰ ਪੰਜਾਬ ਸਰਕਾਰ ਦੇ ਹੁਕਮਾਂ 'ਤੇ ਡੀਸੀ ਸਾਕਸ਼ੀ ਸਾਹਨੀ ਦੀ ਪ੍ਰਧਾਨਗੀ ਵਿੱਚ 30 ਮਈ ਨੂੰ ਹੋਣ ਵਾਲੀ ਮੀਟਿੰਗ ਵਿੱਚ ਸ੍ਰੀ ਕੇਦਾਰਨਾਥ ਮੰਦਿਰ ਅਤੇ ਟੋਭਾ ਬਾਬਾ ਧਿਆਨਾ ਦੀ ਕਰੀਬ 1548 ਗਜ਼ ਜ਼ਮੀਨ ਵੇਚਣ ਲਈ ਨਵੇਂ ਰੇਟ ਤੈਅ ਕਰਨਗੇ। 

ਜਦਕਿ 26 ਮਈ 2021 ਨੂੰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟੋਭਾ ਬਾਬਾ ਧਿਆਨ ਦੀ ਜ਼ਮੀਨ 'ਤੇ ਬਹੁਮੰਜ਼ਿਲਾ ਪਾਰਕਿੰਗ ਦੇ ਪ੍ਰਸਤਾਵ ਨੂੰ ਹਰੀ ਝੰਡੀ ਦੇ ਦਿੱਤੀ ਸੀ। ਇਸ ਪਾਰਕਿੰਗ ਲਈ ਪ੍ਰਸਤਾਵਿਤ ਖਰਚਾ ਅਤੇ ਨਕਸ਼ੇ ਆਦਿ ਤਿਆਰ ਕਰ ਲਏ ਗਏ ਹਨ। ਪਰ ਸਰਕਾਰ ਇਸ ਜ਼ਮੀਨ ਨੂੰ ਵਪਾਰਕ ਭਾਅ ’ਤੇ ਵੇਚਣ ਦੀ ਕੋਸ਼ਿਸ਼ ਕਰ ਰਹੀ ਹੈ। ਮੇਅਰ ਅਨੁਸਾਰ ਜੇਕਰ ਇਹ ਜ਼ਮੀਨ ਵੇਚ ਦਿੱਤੀ ਜਾਂਦੀ ਹੈ ਤਾਂ ਸ਼ਹਿਰ ਵਿੱਚ ਟ੍ਰੈਫਿਕ ਦੀ ਸਮੱਸਿਆ ਬੇਕਾਬੂ ਹੋ ਜਾਵੇਗੀ, ਜਿਸ ਕਾਰਨ ਸ਼ਹਿਰ ਦੇ ਬਾਜ਼ਾਰਾਂ ਦਾ ਕਾਰੋਬਾਰ ਪੂਰੀ ਤਰ੍ਹਾਂ ਠੱਪ ਹੋ ਜਾਵੇਗਾ। ..ਕੀ ਕਹਿੰਦਾ ਹੈ ਮਾਲੀਆ ਰਿਕਾਰਡ

ਮਾਲ ਰਿਕਾਰਡ ਤੋਂ ਲਈ ਗਈ ਜਾਣਕਾਰੀ ਅਨੁਸਾਰ ਪ੍ਰਾਚੀਨ ਸ਼੍ਰੀ ਕੇਦਾਰਨਾਥ ਮੰਦਰ ਦੇ ਨੇੜੇ 90 ਵਿੱਘੇ 1 ਬਿਸਵਾ ਜ਼ਮੀਨ ਸੀ। ਇਸ ਜ਼ਮੀਨ ਵਿੱਚ 1 ਵਿੱਘੇ 5 ਬਿਸਵਾ ਜ਼ਮੀਨ ਵਿੱਚ ਮੰਦਰ ਦੀ ਸਥਾਪਨਾ ਕੀਤੀ ਗਈ ਹੈ। ਪੀਆਰਟੀਸੀ ਨੂੰ ਬੱਸ ਸਟੈਂਡ ਲਈ ਦਿੱਤੀ ਗਈ 88 ਵਿੱਘੇ 16 ਬਿਸਵੇ ਜ਼ਮੀਨ ਵਿੱਚੋਂ 57 ਵਿੱਘੇ 3 ਬਿਸਵਾ ਜ਼ਮੀਨ ਪੀਆਰਟੀਸੀ ਵੱਲੋਂ ਨਗਰ ਸੁਧਾਰ ਟਰੱਸਟ ਨੂੰ ਦਿੱਤੀ ਗਈ ਸੀ। ਪੀ.ਆਰ.ਟੀ.ਸੀ. ਦੀ ਬਾਕੀ ਬਚੀ 9 ਵਿੱਘੇ 15 ਬਿਸਵਾ ਜ਼ਮੀਨ 'ਤੇ ਨਜਾਇਜ਼ ਕਬਜੇ ਕੀਤੇ ਗਏ ਹਨ। 14 ਵਿੱਘੇ 9 ਬਿਸਵਾ ਜ਼ਮੀਨ ਅਜੇ ਵੀ ਪੀਆਰਟੀਸੀ ਕੋਲ ਬਕਾਇਆ ਪਈ ਹੈ।