5 Dariya News

ਐਮ ਪੀ ਪਟਿਆਲਾ ਪ੍ਰਨੀਤ ਕੌਰ ਨੇ ਆਰੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀ ਨਵੀਂ ਇਮਾਰਤ ਦਾ ਉਦਘਾਟਨ ਕੀਤਾ

ਪਿਛਲੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਪੰਜਾਬ ਦੀ ਸਕੂਲੀ ਸਿੱਖਿਆ ਪ੍ਰਣਾਲੀ ਨੂੰ ਸੁਧਾਰਨ ਲਈ ਬਹੁਤ ਕੰਮ ਕੀਤਾ: ਪ੍ਰਨੀਤ ਕੌਰ

5 Dariya News

ਪਟਿਆਲਾ 25-May-2022

ਸਾਬਕਾ ਵਿਦੇਸ਼ ਮੰਤਰੀ ਅਤੇ ਪਟਿਆਲਾ ਤੋਂ ਸੰਸਦ ਮੈਂਬਰ ਪ੍ਰਨੀਤ ਕੌਰ ਨੇ ਅੱਜ ਆਰੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀ ਨਵੀਂ ਬਣੀ ਇਮਾਰਤ ਦਾ ਉਦਘਾਟਨ ਕੀਤਾ।ਇਸ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਨੀਤ ਕੌਰ ਨੇ ਕਿਹਾ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਨੇ ਸੱਤਾ ਸੰਭਾਲੀ ਸੀ ਤਾਂ ਇਸ ਸਕੂਲ ਦਾ ਬੁਰਾ ਹਾਲ ਸੀ ਪਰ ਪਿਛਲੀ ਸਰਕਾਰ, ਮੇਰੀ ਬੇਟੀ ਜੈ ਇੰਦਰ ਕੌਰ ਅਤੇ ਸਟਾਫ਼ ਦੇ ਲਗਾਤਾਰ ਯਤਨਾਂ ਸਦਕਾ ਸਕੂਲ ਦਾ ਹੁਣ ਪੂਰਾ ਰੂਪ ਬਦਲ ਗਿਆ ਹੈ।"ਪ੍ਰਨੀਤ ਕੌਰ ਨੇ ਨਵੀਂ ਬਣੀ ਇਮਾਰਤ ਨੂੰ ਇਲਾਕੇ ਦੇ ਲੋਕਾਂ ਨੂੰ ਸਮਰਪਿਤ ਕਰਦਿਆਂ ਕਿਹਾ, “ਸਕੂਲ ਦਾ ਸਟਾਫ਼ ਬਹੁਤ ਹੀ ਗਿਆਨਵਾਨ ਅਤੇ ਮਿਹਨਤੀ ਹੈ ਅਤੇ ਮੈਨੂੰ ਯਕੀਨ ਹੈ ਕਿ ਇਹ ਬੱਚੇ ਹੀ ਸਾਡਾ ਭਵਿੱਖ ਹਨ, ਇਸ ਲਈ ਉਹ ਲਗਾਤਾਰ ਮਿਹਨਤ ਕਰਦੇ ਰਹਿਣਗੇ। "

ਪ੍ਰਨੀਤ ਕੌਰ ਨੇ ਸਕੂਲੀ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਪਿਛਲੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਦੀ ਪ੍ਰਸ਼ੰਸਾ ਕਰਦਿਆਂ ਕਿਹਾ, “ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਸਕੂਲ ਦੇ ਵਿਕਾਸ ਲਈ ਬਹੁਤ ਕੰਮ ਕੀਤੇ ਜਿਸ ਦਾ ਨਤੀਜਾ ਇਹ ਨਿਕਲਿਆ ਕਿ ਪੰਜਾਬ ਦੇ ਸਕੂਲ ਦੇਸ਼ ਭਰ ਵਿਚੋਂ ਪਹਿਲੇ ਨੰਬਰ 'ਤੇ ਰਹੇ। ਜੇਕਰ ਅਸੀਂ ਪਟਿਆਲਾ ਸ਼ਹਿਰ ਦੀ ਗੱਲ ਕਰੀਏ ਤਾਂ ਸਾਡੀ ਸਰਕਾਰ ਦੌਰਾਨ 44 ਸਕੂਲਾਂ ਨੂੰ ਪੂਰੀ ਤਰ੍ਹਾਂ ਅਪਗ੍ਰੇਡ ਕੀਤਾ ਗਿਆ ਅਤੇ ਨਵੀਨੀਕਰਨ ਕੀਤਾ ਗਿਆ।ਸਕੂਲ ਦੇ ਪ੍ਰਿੰਸੀਪਲ ਸੰਤੋਸ਼ ਕੁਮਾਰ ਨੇ ਮੈਂਬਰ ਪਾਰਲੀਮੈਂਟ ਅਤੇ ਜੈ ਇੰਦਰ ਕੌਰ ਜੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਸੀਂ ਐਮ ਪੀ ਪ੍ਰਨੀਤ ਕੌਰ ਜੀ ਅਤੇ ਬੀਬਾ ਜੈ ਇੰਦਰ ਕੌਰ ਜੀ ਦੇ ਤਹਿ ਦਿਲੋਂ ਧੰਨਵਾਦੀ ਹਾਂ ਕਿਉਂਕਿ ਉਹਨਾਂ ਦੀ ਲਗਨ ਅਤੇ ਲਗਾਤਾਰ ਕੋਸ਼ਿਸ਼ਾਂ ਸਦਕਾ ਹੀ ਅਸੀਂ ਸਾਡੇ ਸਕੂਲ ਦੇ ਬੁਨਿਆਦੀ ਢਾਂਚੇ ਨੂੰ ਸੁਧਾਰਣ ਵਿੱਚ ਵਿੱਚ ਕਾਮਯਾਬ ਹੋਏ ਹਾਂ। ਕੈਪਟਨ ਅਮਰਿੰਦਰ ਦੀ ਸਰਕਾਰ ਵੇਲੇ ਸਕੂਲ ਦੇ ਵਿਕਾਸ ਲਈ 15 ਲੱਖ ਰੁਪਏ ਦੇ ਫੰਡ ਖਰਚ ਕੀਤੇ ਗਏ ਸਨ ਅਤੇ ਸਰਕਾਰ ਬਦਲਣ ਤੋਂ ਬਾਅਦ ਵੀ ਜੈ ਇੰਦਰ ਕੌਰ ਜੀ ਨੇ ਨਿੱਜੀ ਤੌਰ 'ਤੇ ਪੈਸਾ ਦਾਨ ਕੀਤਾ ਸੀ ਤਾਂ ਜੋ ਸਕੂਲ ਦੇ ਕੰਮਾਂ ਨੂੰ ਨੇਪਰੇ ਚਾੜ੍ਹਿਆ ਜਾ ਸਕੇ।ਉਦਘਾਟਨ ਮੌਕੇ ਜੈ ਇੰਦਰ ਕੌਰ, ਐਸਪੀ ਓਬਰਾਏ, ਕੇਕੇ ਸ਼ਰਮਾ, ਐਮਸੀ ਹੈਪੀ ਵਰਮਾ, ਮਾਨਿਕ ਸਿੰਗਲਾ ਆਦਿ ਹਾਜ਼ਰ ਸਨ।